ਫੇਜ਼-10 ਵਿੱਚ ਘਰ ਦੇ ਬਾਹਰ  ਖੜ੍ਹੀਆਂ ਗੱਡੀਆਂ ਨੂੰ ਅੱਗ ਲਗਾਈ

ਐਸ. ਏ. ਐਸ. ਨਗਰ, 28 ਅਪ੍ਰੈਲ (ਸ.ਬ.) ਸਥਾਨਕ ਫੇਜ਼-10 ਵਿੱਚ ਕੋਠੀ ਨੰ. 1676 ਦੇ ਬਾਹਰ ਖੜ੍ਹੀਆਂ 2 ਗੱਡੀਆਂ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅੱਗ ਲਗਾ ਦਿੱਤੀ ਗਈ| ਇਹ ਦੋਵੇਂ ਗੱਡੀਆਂ ਇਸ ਮਕਾਨ ਵਿੱਚ ਕਿਰਾਏਦਾਰ ਵਜੋਂ ਰਹਿੰਦੇ ਜਰਮਨਜੀਤ ਨਾਂ ਦੇ ਵਿਅਕਤੀ ਦੀਆਂ ਹਨ| ਲੰਬੀ ਰਾਤ ਪੌਣੇ ਦੋ ਵਜੇ ਦੇ ਕਰੀਬ ਕਿਸੇ ਵਿਅਕਤੀ ਵਲੋਂ ਉਸਦੀਆਂ 2 ਗੱਡੀਆਂ (ਇੱਕ  ਟਵੇਰਾ ਅਤੇ ਇਕ ਫੋਰਸ ਜੀਪ) ਨੂੰ ਅੱਗ ਲਗਾ ਦਿੱਤੀ ਗਈ| ਇਸ ਤਰੀਕੇ ਨਾਲ ਕਾਰਾਂ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਨਾਲ ਇਸ  ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ| ਵਾਰਡ ਦੇ ਕੌਂਸਲਰ ਸ੍ਰ. ਹਰਦੀਪ ਸਿੰਘ ਸਰਾਉਂ ਨੇ ਦੱਸਿਆ ਕਿ ਰਾਤ 2 ਵਜੇ ਦੇ ਕਰੀਬ ਅਚਾਨਕ ਕਿਸੇ ਵਲੋਂ ਇਥੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਵਲੋਂ ਆ ਕੇ ਇਥੇ ਅੱਗ ਤੇ ਕਾਬੂ ਪਾਇਆ ਗਿਆ|
ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਇਹ ਕਾਰਵਾਈ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਅਤੇ ਮੌਕੇ ਤੇ ਪਹੁੰਚੀ ਪੁਲੀਸ ਪਾਰਟੀ ਵਲੋਂ ਸੀ. ਸੀ. ਟੀ. ਵੀ. ਦੀ ਫੁਟੇਜ ਆਪਣੇ ਕਬਜੇ ਵਿੱਚ ਲੈ ਲਈ ਗਈ ਹੈ| ਪੁਲੀਸ ਅਨੁਸਾਰ ਸੀ. ਸੀ. ਟੀ. ਵੀ. ਫੁਟੇਜ ਵਿੱਚ ਇੱਕ ਨੌਜਵਾਨ ਜਿਸਨੇ ਮੂੰਹ ਤੇ ਕਪੜਾ ਬੰਨਿਆ ਹੋਇਆ ਹੈ ਅਤੇ ਜੈਕਟ ਪਾਈ ਹੋਈ ਹੈ ਉਥੇ ਪੈਦਲ ਆਉਂਦਾ ਹੈ ਅਤੇ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿੱਚ ਕੋਈ ਜਲਨਸ਼ੀਲ ਪਦਾਰਥ ਸੁੱਟਦਾ ਹੈ ਅਤੇ ਫਿਰ ਅੱਗ ਲੱਗਾ ਦਿੰਦਾ ਹੈ|
ਇਸ ਸਬੰਧੀ ਸੰਪਰਕ ਕਰਨ ਤੇ ਥਾਣਾ ਫੇਜ਼ 11 ਦੇ ਐਸ. ਐਚ. ਉ. ਸ੍ਰ. ਅਮਰਦੀਪ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਦੀਆਂ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਉਸ ਵਿਅਕਤੀ ਦੀ ਕੁਝ ਵਿਅਕਤੀਆਂ ਨਾਲ ਵੱਖ ਵੱਖ ਮਾਮਲਿਆਂ ਵਿੱਚ ਮੁਕਦਮੇ ਬਾਜੀ ਚਲਦੀ ਹੈ ਅਤੇ ਘਟਨਾ  ਦੀ ਮੁੱਢਲੀ ਜਾਂਚ ਨਾਲ ਇਹ ਪਤਾ ਲੱਗਦਾ ਹੈ ਕਿ ਇਹ ਮਾਮਲਾ ਨਿੱਜੀ ਰੰਜਿਸ਼ ਦਾ ਲੱਗਦਾ ਹੈ| ਉਹਨਾਂ ਦੱਸਿਆ ਕਿ ਪੁਲੀਸ ਵਲੋਂ ਸੀ. ਸੀ. ਟੀ. ਵੀ . ਦੀ ਫੁਟੇਜ ਦੀ ਜਾਂਚ ਕੀਤੀ ਗਈ ਹੈ ਅਤੇ  ਹੁਣ ਪੁਲੀਸ ਵਲੋਂ ਇਸ ਖੇਤਰ ਵਿੱਚ ਲੱਗੇ ਦੂਜੇ ਕੈਮਰਿਆਂ ਦੀ ਫੁਟੇਜ ਵੀ ਹਾਸਿਲ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਗੱਡੀਆਂ ਨੂੰ ਅੱਗ ਲਗਾਉਣ ਵਾਲਾ ਵਿਅਕਤੀਆਂ (ਜਿਹੜਾ ਪੈਦਲ ਆਇਆ ਦਿਖ ਰਿਹਾ ਹੈ) ਕਿਹੜੀ ਥਾਂ ਤੋਂ ਆਇਆ ਸੀ ਜਾਂ ਉਸਨੇ ਆਪਣੀ ਗੱਡੀ ਕਿੱਥੇ ਖੜ੍ਹੀ ਕੀਤੀ ਸੀ| ਉਹਨਾਂ ਕਿਹਾ ਕਿ ਪੁਲੀਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ| ਇਸ ਸੰਬੰਧੀ  ਪੁਲੀਸ ਵਲੋਂ ਆਈ. ਪੀ. ਸੀ. ਦੀ ਧਾਰਾ 427 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ|

Leave a Reply

Your email address will not be published. Required fields are marked *