ਫੇਜ਼ 11 ਦੇ ਸਰਕਾਰੀ ਸਕੂਲ ਲਈ ਦੋ ਏਕੜ ਥਾਂ ਮੁਫਤ ਦੇਵੇਗੀ ਪੰਜਾਬ ਸਰਕਾਰ

ਐਸ. ਏ. ਐਸ. 24 ਮਈ (ਸ.ਬ.) ਪੰਜਾਬ ਸਰਕਾਰ ਵੱਲੋਂ ਫੇਜ਼ 11 (ਸੈਕਟਰ 65 ) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਸਤੇ 2 ਏਕੜ ਜਮੀਨ ਮੁਫਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ ਸੰਬੰਧੀ ਸਰਕਾਰ ਵਲੋਂ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ|
ਫੇਜ਼ 11 ਦੇ ਕੌਂਸਲਰ ਸ੍ਰ. ਅਮਰੀਕ ਸਿੰਘ ਤਹਿਸੀਲਦਾਰ (ਰਿਟਾ) ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਇਸ ਸੰਬੰਧੀ ਕੀਤੇ ਗਏ ਫੈਸਲੇ ਨਾਲ ਫੇਜ਼ 11 ਦੇ ਵਸਨੀਕਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋ ਗਈ ਹੈ| ਉਹਨਾਂ ਇਸ ਮੌਕੇ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਨਿੱਜੀ ਦਿਲਚਸਪੀ ਲੈ ਕੇ ਅਤੇ ਇਸ ਸੰਬੰਧੀ ਮੁੱਖ ਮੰਤਰੀ ਸਮੇਤ ਹੋਰਨਾਂ ਅਧਿਕਾਰੀਆਂ ਤਕ ਪਹੁੰਚ ਕਰਕੇ ਸਰਕਾਰੀ ਸਕੂਲ ਲਈ ਮੁਫਤ ਥਾਂ ਦਿਵਾਉਣ ਵਿੱਚ ਪ੍ਰਮੁਖ ਭੂਮਿਕਾ ਨਿਭਾਈ ਗਈ ਹੈ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਅਮਰੀਕ ਸਿੰਘ ਤਹਿਸੀਲਦਾਰ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੀਨੀਅਰ ਸੈਕੰਡਰੀ ਸਕੂਲ ਫੇਜ਼-11 ਲਈ ਜਮੀਨ ਅਲਾਟ ਕਰਵਾਉਣ ਲਈ ਸੰਘਰਸ਼ ਕਰ ਰਹੇ ਸਨ| ਉਹਨਾਂ ਕਿਹਾ ਕਿ ਗਮਾਡਾ ਦੇ ਅਧਿਕਾਰੀ ਇਸ ਜਮੀਨ ਦੇ ਬਦਲੇ ਲਗਭਗ 2 ਕਰੋੜ ਦੀ ਕੀਮਤ ਮੰਗ ਰਹੇ ਸਨ, ਜਿਸ ਕਾਰਨ ਇਹ ਮਾਮਲਾ ਲਟਕਿਆ ਪਿਆ ਸੀ|
ਉਨ੍ਹਾਂ ਦੱਸਿਆ ਕਿ ਉਹਨਾਂ ਨੇ ਇਹ ਮਾਮਲਾ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਦੇ ਧਿਆਨ ਵਿੱਚ ਲਿਆ ਕੇ ਇਸ ਮਸਲੇ ਦਾ ਹਲ ਕਰਵਾਉਣ ਦੀ ਮੰਗ ਕੀਤੀ ਸੀ ਜਿਸਤੋਂ ਬਾਅਦ ਸ੍ਰ. ਕੁਲਵੰਤ ਸਿੰਘ ਵਲੋਂ ਇਸ ਸੰਬੰਧੀ ਕੀਤੇ ਗਏ ਯਤਨਾਂ ਸਦਕਾ ਫੇਜ਼ 11 ਦੇ ਸਰਕਾਰੀ ਸੈਕੰਡਰੀ ਸਕੂਲ ਨੂੰ ਮੁਫਤ ਜਮੀਨ ਗਮਾਡਾ ਨੂੰ ਦੇਣ ਲਈ ਪੰਜਾਬ ਸਰਕਾਰ ਵਲੋਂ ਹੁਕਮ ਜਾਰੀ ਹੋ ਗਏ ਹਨ| ਉਹਨਾਂ ਕਿਹਾ ਕਿ ਇਸ ਸਕੂਲ ਦੇ ਬਨਣ ਨਾਲ ਫੇਜ਼ 11 ਦੇ ਨਾਲ ਨਾਲ ਨਾਲ ਲੱਗਦੇ ਖੇਤਰਾਂ ਦੇ ਬੱਚਿਆਂ ਨੂੰ ਵੀ ਫਾਇਦਾ ਫਾਇਦਾ ਹੋਵੇਗਾ ਅਤੇ ਨੇੜਲੇ ਪਿੰਡਾਂ ਦੇ ਬੱਚਿਆਂ ਨੂੰ ਵੀ ਮਿਆਰੀ ਸਿੱਖਿਆ ਹਾਸਿਲ ਕਰਨ ਦਾ ਮੌਕਾ ਮਿਲੇਗਾ ਉਹਨਾਂ ਆਸ ਪ੍ਰਗਟ ਕੀਤੀ ਕਿ ਗਮਾਡਾ ਦੇ ਅਧਿਕਾਰੀ ਜਲਦੀ ਹੀ ਇਸ ਸਕੂਲ ਦੀ ਜਮੀਨ ਸੰਬਧੀ ਅਲਾਟਮੈਂਟ ਪੱਤਰ ਜਾਰੀ ਕਰ ਦੇਣਗੇ|
ਇਸ ਮੌਕੇ ਉਹਨਾਂ ਦੇ ਨਾਲ ਸ੍ਰ. ਸੱਜਣ ਸਿੰਘ, ਵੀ ਕੇ ਮਹਾਜਨ, ਸ੍ਰ. ਸਤਨਾਮ ਸਿੰਘ ਮਾਨ, ਸਤਨਾਮ ਸਿੰਘ, ਜਾਗੀਰ ਸਿੰਘ ਭੁਲਰ, ਗੁਰਬੀਰ ਸਿੰਘ, ਸ. ਜਾਗਦੀਸ਼ ਸਿੰਘ ਐਡਵੋਕੇਟ, ਸ. ਹਰਵਿੰਦਰ ਸਿੰਘ ਸਿੱਧੂ ਵੀ ਮੌਜੂਦ ਸਨ|

Leave a Reply

Your email address will not be published. Required fields are marked *