ਫੇਜ਼ 11 ਵਿੱਚ ਨਜਾਇਜ਼ ਕਬਜ਼ਿਆਂ ਦੀ ਭਰਮਾਰ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ

ਐਸ  ਏ  ਐਸ ਨਗਰ , 24 ਨਵੰਬਰ (ਸ.ਬ.) ਸਥਾਨਕ ਫੇਜ਼ 11 ਵਿੱਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੋ ਗਈ ਹੈ| ਹਾਲ ਤਾਂ ਇਹ ਹੋ ਗਿਆ ਹੈ ਕਿ ਲੋਕਾਂ ਨੇ ਪਾਰਕਾਂ ਵਿੱਚ ਵੀ ਨਾਜਾਇਜ਼ ਕਬਜੇ ਕਰਕੇ ਉਥੇ ਪੱਕੀਆਂ ਦੁਕਾਨਾਂ ਬਣਾ ਰੱਖੀਆਂ ਹਨ| ਇਸ ਤੋਂ ਇਲਾਵਾ ਗਮਾਡਾ ਦੀ ਜਮੀਨ ਉਪਰ ਵੀ ਨਾਜਾਇਜ਼ ਕਬਜ਼ੇ ਕਰਕੇ ਦੁਕਾਨਾਂ ਬਣਾ ਕੇ ਕਿਰਾਏ ਉਪਰ ਦਿੱਤੀਆਂ ਹੋਈਆਂ ਹਨ ਜਿਹਨਾਂ ਤੋਂ ਹਜਾਰਾਂ ਰੁਪਏ ਮਹੀਨਾ ਕਿਰਾਇਆ ਵੀ ਵਸੂਲਿਆ ਜਾ ਰਿਹਾ ਹੈ| ਇਸ ਸਭ ਦੇ ਬਾਵਜੂਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਪ੍ਰਸ਼ਾਸਨ ਵਲੋਂ ਇਹਨਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ|
ਇਸ ਇਲਾਕੇ ਵਿੱਚ ਸੜਕਾਂ ਕਿਨਾਰੇ ਵੀ ਰੇਹੜੀਆਂ ਫੜੀਆਂ ਵਾਲਿਆਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ| ਇਥੇ ਹੀ ਬਸ ਨਹੀਂ ਸਗੋਂ ਟਿਊਬਵੈਲ ਵਾਲੀ ਥਾਂ ਉਪਰ ਵੀ ਲੋਕਾਂ ਨੇ ਨਾਜਾਇਜ ਕਬਜੇ ਕਰਕੇ ਉਥੇ ਪੱਕੇ ਮਕਾਨ ਹੀ ਬਣਾ ਲਏ ਹਨ| ਸੜਕਾਂ ਕਿਨਾਰੇ ਕੀਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਉਥੇ ਰਸਤਾ ਵੀ ਤੰਗ ਹੋ ਗਿਆ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਲੰਘਣ ਵੇਲੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਸਥਾਨਕ ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਵੀ ਰੇਹੜੀ ਫੜੀ ਵਾਲਿਆਂ ਨੇ ਕਬਜ਼ਾ ਕਰਕੇ ਪੂਰੀ ਫਰੂਟ ਮਾਰਕੀਟ ਹੀ ਬਣਾ ਲਈ ਹੈ|  ਇਸ ਖਾਲੀ ਪਈ ਥਾਂ ਉਪਰ ਬਹੁਤ ਵੱਡੀ ਗਿਣਤੀ ਵਿਚ ਨਾਜਾਇਜ਼ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਹਨ| ਕਈ ਰੇਹੜੀਆਂ ਤਾਂ ਸੜਕ ਕਿਨਾਰੇ ਹੀ ਖੜੀਆਂ ਰਹਿੰਦੀਆਂ ਹਨ, ਜਿਹਨਾਂ ਕਾਰਨ ਸਾਰਾ ਦਿਨ ਹੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ| ਇਸ ਤੋਂ ਇਲਾਵਾ ਇਸ ਨਾਜਾਇਜ਼ ਫਰੂਟ ਮਾਰਕੀਟ ਵਿੱਚ ਫਰੂਟ ਖਰੀਦਣ ਆਏ ਲੋਕਾਂ ਦੀਆਂ ਕਾਰਾਂ ਸੜਕ ਉੱਪਰ ਹੀ ਬੇਤਰਤੀਬ ਢੰਗ ਨਾਲ ਖੜੀਆਂ ਰਹਿੰਦੀਆਂ ਹਨ, ਜਿਸ ਕਾਰਨ ਹੋਰਨਾਂ ਰਾਹਗੀਰਾਂ ਨੂੰ ਉਥੋਂ ਲੰਘਣ ਵੇਲੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਸਮਾਜ ਸੇਵੀ ਆਗੂ ਰਮਣੀਕ ਸਿੰਘ, ਰਘਬੀਰ ਸਿੰਘ ਸੰਧੂ, ਸਵਰਨ ਲਤਾ, ਭੁਪਿੰਦਰ ਸਿੰਘ , ਕਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ਇਹ ਸਾਰੇ ਨਾਜਾਇਜ਼ ਕਬਜ਼ੇ ਇਲਾਕੇ ਦੇ ਕੌਂਸਲਰ ਦੀ ਸ਼ਹਿ ਤੇ ਹੋ ਰਹੇ ਹਨ| ਇਸੇ ਕਾਰਨ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਕੋਈ ਵੀ ਕੁਝ ਨਹੀਂ ਕਹਿ ਰਿਹਾ ਅਤੇ ਦਿਨੋਂ ਦਿਨ ਇਸ ਇਲਾਕੇ ਵਿਚ ਨਾਜਾਇਜ਼ ਕਬਜ਼ਿਆਂ ਵਿਚ ਵਾਧਾ ਹੋ ਰਿਹਾ ਹੈ| ਉਹਨਾਂ ਕਿਹਾ ਕਿ ਜੇ ਲੁਧਿਆਣੇ ਵਰਗੀ ਅੱਗ ਲੱਗਣ ਵਰਗੀ ਘਟਨਾ ਇਸ ਇਲਾਕੇ ਵਿਚ ਵਾਪਰ ਗਈ ਤਾਂ ਫਾਇਰ ਬ੍ਰਿਗੇਡ ਨੂੰ ਘਟਨਾ ਸਥਾਨ ਤੱਕ ਪਹੁੰਚਣ ਲਈ ਰਸਤਾ ਹੀ ਨਹੀਂ ਮਿਲਣਾ| ਉਹਨਾਂ ਕਿਹਾ ਕਿ ਪ੍ਰਸ਼ਾਸਨ ਕੋਈ ਘਟਨਾ ਵਾਪਰਨ ਤੋਂ ਬਾਅਦ ਜਾਂਚ ਬੈਠਾ ਦਿੰਦਾ ਹੈ ਪਰ ਉਸ ਨੂੰ ਕੋਈ ਵੀ ਦੁਰਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ| ਉਹਨਾਂ ਕਿਹਾ ਕਿ ਇਹਨਾਂ ਨਾਜਾਇਜ਼ ਕਬਜ਼ਿਆਂ ਕਾਰਨ ਰਸਤੇ ਬਹੁਤ ਤੰਗ ਹੋ ਚੁਕੇ ਹਨ|
ਉਹਨਾਂ ਮੰਗ ਕੀਤੀ ਕਿ ਫੇਜ਼ 11 ਵਿਚ ਲੋਕਾਂ ਵਲੋਂ ਕੀਤੇ ਹੋਏ ਨਾਜਾਇਜ਼ ਕਬਜੇ ਤੁਰੰਤ ਹਟਾਏ ਜਾਣ|

Leave a Reply

Your email address will not be published. Required fields are marked *