ਫੇਜ਼ 11 ਵਿੱਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਪਰੇਸ਼ਾਨ ਹੁੰਦੇ ਰਹੇ ਲੋਕ

ਫੇਜ਼ 11 ਵਿੱਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਪਰੇਸ਼ਾਨ ਹੁੰਦੇ ਰਹੇ ਲੋਕ
ਜੇ ਈ ਵਲੋਂ ਪਰਮਿਟ ਜਾਰੀ ਨਾ ਕਰਵਾਉਣ ਕਾਰਨ ਤਿੰਨ ਘੰਟੇ ਤਕ ਨਹੀਂ ਹੋਈ ਬਿਜਲੀ ਦੀ ਮੁਰੰਮਤ : ਬਰਨਾਲਾ
ਐਸ ਏ ਐਸ ਨਗਰ, 27 ਜੂਨ (ਸ.ਬ.) ਅੱਜ ਤੜਕੇ ਫੇਜ਼ 11 ਵਿੱਚ ਬਿਜਲੀ ਦਾ ਮੁੱਖ ਜੰਪਰ ਸੜ ਜਾਣ ਕਾਰਨ ਫੇਜ਼ 11 ਵਿੱਚ ਕਈ ਘੰਟੇ ਤਕ ਬਿਜਲੀ ਸਪਲਾਈ ਠੱਪ ਰਹੀ| ਸਾਬਕਾ ਕੌਂਸਲਰ ਸ੍ਰੀ ਐਸ ਐਸ ਬਰਨਾਲਾ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ ਛੇ ਵਜੇ ਦੇ ਆਸ ਪਾਸ ਅਚਾਨਕ ਫੇਜ਼ 11 ਦੇ ਜਿਆਦਾਤਰ ਹਿੱਸੇ ਦੀ ਬਿਜਲੀ ਸਪਲਾਈ ਠੱਪ ਹੋ ਗਈ| ਇਸ ਸੰਬੰਧੀ ਜਦੋਂ ਵਸਨੀਕਾਂ ਨੇ ਬਿਜਲੀ ਵਿਭਾਗ ਦੇ ਸ਼ਿਕਾਇਤ ਦਫਤਰ ਦੇ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਤਾਂ ਪਤਾ ਲੱਗਿਆ ਕਿ ਬਿਜਲੀ ਸਪਲਾਈ ਵਾਲਾ ਮੁੱਖ ਜੰਪਰ ਸੜਣ ਕਾਰਨ ਬਿਜਲੀ ਸਪਲਾਈ ਬੰਦ ਹੋਈ ਹੈ ਅਤੇ ਇਸ ਜੰਪਰ ਨੂੰ ਬਦਲਣਾ ਪਵੇਗਾ| ਸ੍ਰ. ਬਰਨਾਲਾ ਨੇ ਦੱਸਿਆ ਕਿ ਉਹਨਾਂ ਨੇ ਇਸ ਸੰਬੰਧੀ ਇਲਾਕੇ ਦੇ ਜੇ ਈ ਸ੍ਰੀ ਹਿਮਾਂਸ਼ੂ ਨੂੰ ਕਈ ਵਾਰ ਫੋਨ ਕੀਤਾ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਜਿਸਤੋਂ ਬਾਅਦ ਉਹਨਾਂ ਨੇ ਇਹ ਮਾਮਲਾ ਖੇਤਰ ਦੇ ਐਸ ਡੀ ਓ. ਦੇ ਧਿਆਨ ਵਿੱਚ ਲਿਆਂਦਾ| ਸ੍ਰ. ਬਰਨਾਲਾ ਨੇ ਦੱਸਿਆ ਕਿ ਬਿਜਲੀ ਸਪਲਾਈ ਬੰਦ ਹੋਣ ਦੇ ਦੋ ਘੰਟੇ ਬਾਅਦ ਤਕ ਬਿਜਲੀ ਵਿਭਾਗ ਦੇ ਜੇ ਈ ਨਾਲ ਸੰਪਰਕ ਕਾਇਮ ਨਾ ਹੋਣ ਕਾਰਨ ਇਹ ਕੰਮ ਰੁਕਿਆ ਰਿਹਾ, ਕਿਉਂਕਿ ਜੰਪਰ ਲੈਣ ਲਈ ਬਿਜਲੀ ਸਪਲਾਈ ਬੰਦ ਕਰਨ ਵਾਸਤੇ ਗ੍ਰਿਡ ਤੋਂ ਪਰਮਿਟ ਲੈਣਾ ਹੁੰਦਾ ਹੈ ਜੋ ਕਿ ਜੇ ਈ ਵਲੋਂ ਹੀ ਲਿਆ ਜਾਂਦਾ ਹੈ ਪਰੰਤੂ ਇਲਾਕੇ ਦੇ ਜੇ ਈ ਵਲੋਂ ਕਿਸੇ ਦਾ ਵੀ ਫੋਨ ਨਾ ਚੁੱਕਣ ਕਾਰਨ ਸ਼ਿਕਾਇਤ ਵਿਭਾਗ ਦੇ ਕਰਮਚਾਰੀ ਜੇ ਈ ਵਲੋਂ ਪਰਮਿਟ ਲਿਆਉਣ ਦੀ ਉਡੀਕ ਕਰਦੇ ਰਹੇ| ਅਖੀਰ ਉਹਨਾਂ ਨੇ ਇਸ ਸੰਬੰਧੀ ਐਸ ਡੀ ਓ ਨਾਲ ਸੰਪਰਕ ਕੀਤਾ ਅਤੇ ਉਸਤੋਂ ਬਾਅਦ ਐਸ ਡੀ ਓ ਵਲੋਂ ਪਰਮਿਟ ਲਿਆਉਣ ਲਈ ਕਿਸੇ ਹੋਰ ਜੇ ਈ ਦੀ ਡਿਊਟੀ ਲਗਾਈ ਗਈ ਅਤੇ ਸਵੇਰੇ ਪੌਣੇ ਦਸ ਵਜੇ ਦੇ ਕਰੀਬ ਬਿਜਲੀ ਸਪਲਾਈ ਬਹਾਲ ਹੋਈ|
ਉਹਨਾਂ ਕਿਹਾ ਕਿ ਬਿਜਲੀ ਵਿਭਾਗ ਦੇ ਜੇ ਈ ਵਲੋਂ ਪਹਿਲਾਂ ਵੀ ਇਸੇ ਤਰ੍ਹਾਂ ਦਾ ਲਾਪਰਵਾਹੀ ਵਾਲਾ ਰਵਈਆ ਅਖਤਿਆਰ ਕੀਤਾ ਜਾਂਦਾ ਰਿਹਾ ਹੈ ਅਤੇ ਇਹ ਅਧਿਕਾਰੀ ਕਿਸੇ ਦਾ ਫੋਨ ਤਕ ਨਹੀਂ ਸੁਣਦਾ ਜਿਸ ਕਾਰਨ ਆਮ ਲੋਕਾਂ ਨੂੰ (ਬਿਜਲੀ ਸਪਲਾਈ ਬੰਦ ਹੋਣ ਤੇ) ਭਾਰੀ ਪ੍ਰੇਸ਼ਾਨੀ ਸਹਿਣੀ ਪੈਦੀ ਹੈ| ਉਹਨਾਂ ਕਿਹਾ ਕਿ ਉਹ ਇਸ ਸੰਬੰਧੀ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕਰਣਗੇ ਕਿ ਇਸ ਖੇਤਰ ਵਿੱਚ ਕਿਸੇ ਜਿੰਮੇਵਾਰ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇ ਜਿਹੜਾ ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਮੌਕੇ ਤੇ ਕੰਮ ਕਰਨ ਦਾ ਸਮਰਥ ਹੋਵੇ|
ਸੰਪਰਕ ਕਰਨ ਤੇ ਬਿਜਲੀ ਵਿਭਾਗ ਦੇ ਐਸ ਡੀ ਓ ਸ੍ਰ. ਗੁਰਸੇਵਕ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹਨਾਂ ਨੇ ਖੁਦ ਵੀ ਜੇ ਈ ਨੂੰ ਫੋਨ ਕੀਤਾ ਸੀ ਪਰੰਤੂ ਉਸਨੇ ਉਹਨਾਂ ਦਾ ਫੋਨ ਵੀ ਨਹੀਂ ਸੁਣਿਆ ਜਿਸਤੋਂ ਬਾਅਦ ਉਹਨਾਂ ਵਲੋਂ ਇਹ ਕੰਮ ਕਿਸੇ ਹੋਰ ਜੇ ਈ ਨੂੰ ਭੇਜ ਕੇ ਕਰਵਾਇਆ ਗਿਆ| ਉਹਨਾਂ ਕਿਹਾ ਕਿ ਜੇਕਰ ਸ੍ਰ. ਬਰਨਾਲਾ ਜਾਂ ਹੋਰਨਾਂ ਵਸਨੀਕਾਂ ਵਲੋਂ ਇਸ ਸੰਬੰਧੀ ਕੋਈ ਸ਼ਿਕਾਇਤ ਮਿਲੀ ਤਾਂ ਉਹ ਸੰਬੰਧਿਤ ਜੇ ਈ ਦੇ ਖਿਲਾਫ ਬਣਦੀ ਕਾਰਵਾਈ ਕਰਣਗੇ|
ਦੂਜੇ ਪਾਸੇ ਸੰਪਰਕ ਕਰਨ ਤੇ ਬਿਜਲੀ ਵਿਭਾਗ ਦੇ ਜੇ ਈ ਸ੍ਰੀ ਹਿਮਾਂਸ਼ੂ ਨੇ ਉਹਨਾਂ ਉੱਪਰ ਲਗਾਏ ਗਏ ਲਾਪਰਵਾਹੀ ਵਰਤਣ ਦੇ ਇਲਜਾਮ ਨੂੰ ਖਾਰਿਜ ਕਰਦਿਆਂ ਕਿਹਾ ਕਿ ਉਹਨਾਂ ਦੀ ਰਿਹਾਇਸ਼ ਚੰਡੀਗੜ੍ਹ ਸੈਟਰਲ ਜੇਲ੍ਹ ਨੇੜੇ ਬਣੇ ਮਕਾਨਾਂ ਵਿੱਚ ਹੈ ਜਿੱਥੇ ਜੇਲ੍ਹ ਵਿੱਚ ਲੱਗੇ ਜੈਮਰਾਂ ਕਾਰਨ ਅਕਸਰ ਮੋਬਾਈਲ ਨੈਟਵਰਕ ਜਾਮ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਫੋਨ ਦਾ ਪਤਾ ਹੀ ਨਹੀਂ ਚਲਦਾ| ਉਹਨਾਂ ਕਿਹਾ ਕਿ ਅੱਜ ਵੀ ਅਜਿਹਾ ਹੀ ਹੋਇਆ ਸੀ ਅਤੇ ਜਦੋਂ ਉਹਨਾਂ ਨੂੰ ਇਸ ਸੰਬੰਧੀ ਜਾਣਕਾਰੀ ਮਿਲੀ ਉਹ ਆਪਣੇ ਕੰਮ ਤੇ ਪਹੁੰਚ ਗਏ ਸਨ|

Leave a Reply

Your email address will not be published. Required fields are marked *