ਫੇਜ਼ 11 ਵਿੱਚ ਬੀਤੀ ਰਾਤ ਤੋਂ ਪਾਣੀ ਸਪਲਾਈ ਠੱਪ ਹੋਣ ਕਾਰਨ ਲੋਕ ਪਰੇਸ਼ਾਨ

ਐਸ ਏ ਐਸ ਨਗਰ, 22 ਜਨਵਰੀ (ਸ.ਬ.) ਸਥਾਨਕ ਫੇਜ਼ 11 ਵਿਖੇ ਬੀਤੀ ਰਾਤ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ| ਫੇਜ਼ 11 ਦੇ ਸਾਬਕਾ ਕੌਂਸਲਰ ਸ੍ਰ. ਸੁਖਮਿੰਦਰ ਸਿੰਘ ਬਰਨਾਲਾ ਨੇ ਦੱਸਿਆ ਕਿ ਵਿਭਾਗ ਵਲੋਂ ਬਿਨਾ ਕੋਈ ਅਗਾਉਂ ਨੋਟਿਸ ਦਿੱਤਿਆਂ ਫੇਜ਼ 11 ਦੀ ਪਾਣੀ ਸਪਲਾਈ ਬੰਦ ਕੀਤੇ ਜਾਣ ਕਾਰਨ ਫੇਜ਼ 11 ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪਿਆ| ਉਹਨਾਂ ਦੱਸਿਆ ਕਿ ਇਸ ਸੰਬੰਧੀ ਜਨ ਸਿਹਤ ਵਿਭਾਗ ਦੇ ਜੇ ਈ ਨੇ ਸੰਪਰਕ ਕਰਨ ਤੇ ਇਹ ਕਹਿ ਕੇ ਆਪਣੇ ਹੱਥ ਝਾੜ ਲਏ ਕਿ ਸੈਕਟਰ 57 ਤੋਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਪਿੱਛੋਂ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ ਜਿਸ ਕਾਰਨ ਪਾਣੀ ਬੰਦ ਹੈ| ਸ੍ਰ. ਬਰਨਾਲਾ ਨੇ ਕਿਹਾ ਕਿ ਜਦੋਂ ਉਹਨਾਂ ਨੇ ਇਸ ਸੰਬੰਧੀ ਐਸ ਡੀ ਓ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਇਹ ਸਮੱਸਿਆ ਆਈ ਹੈ| ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਅਧਿਕਾਰੀ ਵੱਖ ਵੱਖ ਸਮੱਸਿਆਵਾਂ ਦੱਸ ਰਹੇ ਹਨ ਪਰ ਹੱਲ ਕਿਸੇ ਕੋਲ ਨਹੀਂ ਹੈ|
ਸ੍ਰ. ਬਰਨਾਲਾ ਨੇ ਕਿਹਾ ਕਿ ਫੇਜ਼ 10 ਅਤੇ 11 ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਫੇਜ਼ 10 ਵਿੱਚ ਬਣਾਏ ਅੰਡਰਗ੍ਰਾਉਂਡ ਟੈਂਕ ਤੋਂ ਹੁੰਦੀ ਹੈ ਅਤੇ ਇੱਥੇ ਘੱਟੋ ਘੱਟ ਦੋ ਦਿਨ ਦਾ ਪਾਣੀ ਸਟਾਕ ਕਰਕੇ ਰੱਖਣਾ ਚਾਹੀਦਾ ਹੈ ਤਾਂ ਜੋ ਪਿੱਛੋਂ ਕੋਈ ਖਰਾਬੀ ਹੋਣ ਦੀ ਸੂਰਤ ਵਿੱਚ ਵਸਨੀਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ| ਉਹਨਾਂ ਕਿਹਾ ਕਿ ਪਹਿਲਾਂ ਜਦੋਂ ਵੀ ਕੋਈ ਸਮੱਸਿਆ ਹੁੰਦੀ ਸੀ ਤਾਂ ਇਸ ਖੇਤਰ ਦੇ ਜੇ ਈ ਵਲੋਂ ਇਸਦੀ ਅਗਾਉਂ ਜਾਣਕਾਰੀ ਦਿੱਤੀ ਜਾਂਦੀ ਸੀ ਪਰੰਤੂ ਹੁਣ ਜਨਸਿਹਤ ਵਿਭਾਗ ਦੇ ਅਧਿਕਾਰੀ ਕੁੱਝ ਵੀ ਨਹੀਂ ਦੱਸਦੇ ਜਿਸ ਕਾਰਨ ਵਸਨੀਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ| ਉਹਨਾਂ ਕਿਹਾ ਕਿ ਜੇਕਰ ਸਰਦੀਆਂ ਵਿੱਚ ਇਹ ਹਾਲ ਹੈ ਤਾਂ ਗਰਮੀਆਂ ਵਿੱਚ ਭਲਾ ਕੀ ਹਾਲ ਹੋਵੇਗਾ| ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਪੱਕਾ ਹਲ ਕੀਤਾ ਜਾਣਾ ਚਾਹੀਦਾ ਹੈ|
ਸੰਪਰਕ ਕਰਨ ਤੇ ਜਨ ਸਿਹਤ ਵਿਭਾਗ ਦੇ ਐਸ ਡੀ ਓ ਸ੍ਰ. ਰਮਨਪ੍ਰੀਤ ਸਿੰਘ ਨੇ ਕਿਹਾ ਕਿ ਕਜੌਲੀ ਪਲਾਂਟ ਵਿੱਚ 66 ਕੇ. ਵੀ ਲਾਈਨ ਤੋਂ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਤੇ ਮੋਟਰਾਂ ਬੰਦ ਹੋਣ ਕਾਰਨ ਪਾਣੀ ਦੀ ਸਪਲਾਈ ਨਹੀਂ ਹੋਈ ਅਤੇ ਅੰਡਰ ਗ੍ਰਾਉਂਡ ਵਾਟਰ ਟੈਂਕ ਵਿੱਚ ਪਾਣੀ ਦਾ ਲੈਵਲ ਹੇਠਾਂ ਜਾਣ ਤੋਂ ਬਾਅਦ ਫੇਜ਼ 10 ਅਤੇ 11 ਦੀ ਸਪਲਾਈ ਪ੍ਰਭਾਵਿਤ ਹੋਈ ਹੈ| ਉਹਨਾਂ ਕਿਹਾ ਕਿ ਹੁਣ ਕਜੌਲੀ ਪਲਾਂਟ ਦੀਆਂ ਮੋਟਰਾਂ ਕੰਮ ਕਰਨ ਲੱਗ ਗਈਆਂ ਹਨ ਅਤੇ ਸ਼ਾਮ ਤੱਕ ਪਾਣੀ ਦੀ ਸਪਲਾਈ ਬਹਾਲ ਹੋ ਜਾਵੇਗੀ|

Leave a Reply

Your email address will not be published. Required fields are marked *