ਫੇਜ਼ 11 ਵਿੱਚ ਸੜਕ ਕਿਨਾਰੇ ਨਾਜਾਇਜ ਕਬਜਾ ਕਰਕੇ ਲੱਗਦੀ ਹੈ ਫਰੂਟ ਮਾਰਕੀਟ

ਫੇਜ਼ 11 ਵਿੱਚ ਸੜਕ ਕਿਨਾਰੇ ਨਾਜਾਇਜ ਕਬਜਾ ਕਰਕੇ ਲੱਗਦੀ ਹੈ ਫਰੂਟ ਮਾਰਕੀਟ
ਸੜਕ ਤੇ ਖੜ੍ਹਦੀਆਂ ਗੱਡੀਆਂ ਕਾਰਨ ਲੱਗਦਾ ਹੈ ਜਾਮ
ਐਸ.ਏ.ਐਸ ਨਗਰ, 22 ਮਈ (ਸ.ਬ.) ਨਗਰ ਨਿਗਮ ਵਲੋਂ ਇਕ ਪਾਸੇ ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਕਰ ਕੇ ਅਣਅਧਿਕਾਰਿਤ ਤਰੀਕੇ ਨਾਲ ਕੀਤੀ ਜਾਂਦੀ ਹਰ ਤਰ੍ਹਾਂ ਦੇ ਸਮਾਨ ਦੀ ਵਿਕਰੀ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਪਰ ਸ਼ਹਿਰ ਵਿੱਚ ਵੱਡੇ ਪੱਧਰ ਤੇ ਹੋਏ ਨਾਜਾਇਜ਼ ਕਬਜ਼ੇ, ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲਿਆ ਨਿਸ਼ਾਨ ਉਠਾਉਂਦੇ ਹਨ|
ਸਥਾਨਕ ਫੇਜ਼ 11 ਵਿੱਚ ਮੁੱਖ ਸੜਕ ਤੇ ਸਥਿਤ ਗੁਰਦੁਵਾਰਾ ਸਾਹਿਬ ਦੇ ਸਾਹਮਣੇ ਪੈਂਦੀ ਖਾਲੀ ਥਾਂ ਤੇ ਅਜਿਹੇ ਹੀ ਕੁਝ ਵਿਅਕਤੀਆਂ ਵਲੋਂ ਪੱਕੇ ਤੌਰ ਤੇ ਕਬਜ਼ਾ ਕਰਕੇ ਉੱਥੇ ਫਰੂਟ ਦੀ ਅਣਅਧਿਕਾਰਿਤ ਮਾਰਕੀਟ ਲਗਾਈ ਜਾਂਦੀ ਹੈ| ਇਸ ਥਾਂ ਤੇ ਇੱਕ ਦਰਜ਼ਨ ਦੇ ਕਰੀਬ ਦੁਕਾਨਦਾਰਾਂ ਵਲੋਂ ਆਪਣੇ ਪੱਕੇ ਠੀਏ ਬਣਾ ਲਏ ਗਏ ਹਨ ਅਤੇ ਮੀਂਹ ਅਤੇ ਧੁੱਪ ਤੋਂ ਬਚਾਅ ਲਈ ਇਨ੍ਹਾਂ ਵਲੋਂ ਬਾਕਾਇਦਾ ਟੈਂਟ ਵਾਲੀਆਂ ਵੱਡੀਆਂ ਛੱਤਰੀਆਂ ਵੀ ਲਗਾਈਆਂ ਗਈਆਂ ਹਨ| ਰਾਤ ਵੇਲੇ ਇਨ੍ਹਾਂ ਵਲੋਂ ਬੈਟਰੀਆਂ ਰਾਹੀ ਲਾਈਟ ਦਾ ਪ੍ਰੰਬਧ ਵੀ ਕਰ ਲਿਆ ਜਾਂਦਾ ਹੈ ਅਤੇ ਇਹਨਾਂ ਦਾ ਇਹ ਪੂਰਾ ਕਾਰੋਬਾਰ ਬੇਰੋਕ ਟੋਕ ਚਲਦਾ ਰਹਿੰਦਾ ਹੈ|
ਇਥੋਂ ਦੇ ਵਸਨੀਕ ਦੱਸਦੇ ਹਨ ਕਿ ਇਸ ਸਥਾਨ ਤੇ ਲੱਗਣ ਵਾਲੀ ਇਹ ਅਣਅਧਿਕਾਰਿਤ ਫਰੂਟ ਮਾਰਕਿਟ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਲੱਗਦੀ ਆ ਰਹੀ ਹੈ| ਇਸ ਸਥਾਨ ਤੇ ਸੜਕ ਦੇ ਕਿਨਾਰੇ ਫਰੂਟ ਖਰੀਦਣ ਵਾਲਿਆਂ ਦੀਆਂ ਗੱਡੀਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ ਜਿਸ ਕਾਰਨ ਸੜਕ ਤੇ ਜਾਮ ਵਰਗੀ ਨੌਬਤ ਹੋ ਜਾਂਦੀ ਹੈ| ਸਥਾਨਕ ਵਸਨੀਕਾਂ ਅਨੁਸਾਰ ਕਦੇ ਕਦਾਰ ਨਿਗਮ ਦੀ ਟੋਲੀ ਇਨ੍ਹਾਂ ਦਾ ਸਮਾਨ ਚੁੱਕਣ ਲਈ ਪੰਹੁਚਦੀ ਹੈ ਪੰਰਤੂ ਇਨ੍ਹਾਂ ਨੂੰ ਨਿਗਮ ਦੇ ਨਾਜਾਇਜ਼ ਕਬਜ਼ਾ ਹਟਾਉਣ ਵਾਲੇ ਸਟਾਫ ਦੇ ਪੰਹੁਚਣ ਤੋਂ ਪਹਿਲਾਂ ਹੀ ਉਸਦੀ ਜਾਣਕਾਰੀ ਮਿਲ ਜਾਂਦੀ ਹੈ ਅਤੇ ਇਹ ਆਪਣਾ ਤਾਮ-ਝਾਮ ਸਮੇਟ ਕੇ ਅੱਗੇ ਪਿੱਛੇ ਹੋ ਜਾਂਦੇ ਹਨ| ਜਦੋਂ ਇਹ ਟੀਮ ਵਾਪਿਸ ਚਲੀ ਜਾਂਦੀ ਤਾਂ ਇਹ ਮੁੜ ਆਪਣੀ ਥਾਂ ਤੇ ਆ ਜਾਂਦੇ ਹਨ|
ਸਮਾਜ ਸੇਵੀ ਆਗੂ ਹਾਕਮ ਸਿੰਘ ਜਵੰਦਾ ਦਾ ਕਹਿਣਾ ਹੈ ਕਿ ਇਹ ਨਾਜਾਇਜ਼ ਰੇਹੜੀਆਂ ਬਿਨ੍ਹਾਂ ਪ੍ਰਸ਼ਾਸਨ ਦੀ ਸ਼ਹਿ ਤੋਂ ਨਹੀਂ ਲੱਗ ਸਕਦੀਆਂ ਅਤੇ ਜੇਕਰ ਪ੍ਰਸ਼ਾਸਨ ਚਾਹੇ ਤਾਂ ਇਨ੍ਹਾਂ ਨੂੰ ਤੁੰਰਤ ਹਟਾਇਆ ਜਾ ਸਕਦਾ ਹੈ| ਉਨ੍ਹਾਂ ਮੰਗ ਕੀਤੀ ਕਿ ਇਹ ਨਾਜਾਇਜ਼ ਕਬਜ਼ੇ ਕਰਕੇ ਇੱਥੇ ਆਪਣਾ ਸਮਾਨ ਵੇਚਣ ਵਾਲਿਆ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ ਤਾਂ ਜੋ ਇਥੇ ਟ੍ਰੈਫਿਕ ਦੀ ਸੱਮਸਿਆਂ ਦਾ ਹੱਲ ਹੋ ਸਕੇ|

Leave a Reply

Your email address will not be published. Required fields are marked *