ਫੇਜ਼ 11 ਵਿੱਚ ਸੜਕ ਕਿਨਾਰੇ ਲੱਗਦੀਆਂ ਰੇਹੜੀਆਂ ਵਾਲੇ ਕਰਦੇ ਹਨ ਕੋਰੋਨਾ ਸੰਬੰਧੀ ਹਿਦਾਇਤਾਂ ਦੀ ਖੁੱਲੀ ਉਲੰਘਣਾ

ਫੇਜ਼ 11 ਵਿੱਚ ਸੜਕ ਕਿਨਾਰੇ ਲੱਗਦੀਆਂ ਰੇਹੜੀਆਂ ਵਾਲੇ ਕਰਦੇ ਹਨ ਕੋਰੋਨਾ ਸੰਬੰਧੀ ਹਿਦਾਇਤਾਂ ਦੀ ਖੁੱਲੀ ਉਲੰਘਣਾ
ਰੇਹੜੀਆਂ ਫੜ੍ਹੀਆਂ ਦੀ ਭਰਮਾਰ ਹੋਣ ਕਾਰਨ ਵਸਨੀਕ ਪ੍ਰੇਸ਼ਾਨ
ਐਸ.ਏ.ਐਸ.ਨਗਰ, 31 ਜੁਲਾਈ (ਜਸਵਿੰਦਰ ਸਿੰਘ) ਸਥਾਨਕ ਫੇਜ਼ 11 ਵਿੱਚ ਰੇਹੜੀਆਂ ਫੜ੍ਹੀਆਂ ਦੀ ਭਰਮਾਰ ਹੋਣ ਕਾਰਨ ਇੱਥੇ ਦੇ ਨਿਵਾਸੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ| ਫੇਜ਼ 11 ਵਿੱਚ ਸ਼ਾਮ ਵੇਲੇ ਦੇ ਪੈਟਰੋਲ ਪੰਪ ਦੇ ਸਾਮ੍ਹਣੇ ਤੋਂ ਲੈ ਕੇ ਲਾਭ ਡੇਅਰੀ ਤੱਕ ਲੱਗਭੱਗ 50-60 ਰੇਹੜੀਆਂ ਲੱਗ ਜਾਂਦੀਆਂ ਹਨ ਜਿਨ੍ਹਾਂ ਤੇ ਸਬਜੀਆਂ, ਫਲ ਅਤੇ ਹੋਰ ਖਾਣ-ਪੀਣ ਦਾ ਸਮਾਨ ਵੇਚਿਆ ਜਾਂਦਾ ਹੈ| ਇਹਨਾਂ ਰੇਹੜੀਆਂ ਵਾਲਿਆਂ ਕਾਰਨ ਇੱਥੇ ਹਰ ਵੇਲੇ ਭੀੜ ਲੱਗੀ ਰਹਿੰਦੀ ਹੈ ਅਤੇ ਸੜਕ ਤੇ ਜਾਮ ਵਰਗੇ ਹਾਲਾਤ ਬਣ ਜਾਂਦੇ ਹਨ|
ਇੱਥੇ ਹੀ ਬਸ ਨਹੀਂ ਇਹ ਰੇਹੜੀਆਂ ਵਾਲੇ ਕੋਰੋਨਾ ਦੀ ਮਹਾਮਾਰੀ ਤੋਂ ਬਚਾਓ ਲਈ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਖੁੱਲੀ ਉਲੰਘਣਾ ਕਰਦੇ ਹਨ| ਇਹ ਰੇਹੜੀਆਂ ਵਾਲੇ ਬਿਨ੍ਹਾਂ ਕਿਸੇ ਸਮਾਜਿਕ ਦੂਰੀ ਦੇ ਇੱਕ-ਦੂਜੇ ਦੇ ਨਾਲ-ਨਾਲ ਰੇਹੜੀਆਂ ਲਗਾ ਕੇ ਖੜ੍ਹੇ ਹੁੰਦੇ ਹਨ ਅਤੇ ਇਸ ਦੌਰਾਨ ਇਨ੍ਹਾਂ ਵਲੋਂ ਨਾ ਤਾਂ ਮਾਸਕ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਾ ਹੀ ਸੈਨੇਟਾਈਜਰ ਦੀ| ਇਸਦੇ ਨਾਲ ਹੀ ਜਦੋਂ ਇਹ ਰੇਹੜੀਆਂ ਵਾਲੇ ਰਾਤ ਸਮੇਂ ਆਪਣਾ ਸਮਾਨ ਚੁੱਕ ਕੇ ਵਾਪਿਸ ਜਾਂਦੇ ਹਨ ਤਾਂ ਫਲ-ਸਬਜੀਆਂ ਅਤੇ ਹੋਰ ਖਾਣ ਪੀਣ ਦੇ ਸਮਾਨ ਦੀ ਰਹਿੰਦ-ਖੂੰਹਦ ਉੱਥੇ ਹੀ ਸੁੱਟ ਜਾਂਦੇ ਹਨ ਜਿਸ ਕਾਰਨ ਇਸ ਪੂਰੇ ਇਲਾਕੇ ਵਿੱਚ ਗੰਦਗੀ ਪਸਰ ਜਾਂਦੀ ਹੈ ਅਤੇ ਆਸ-ਪਾਸ ਦੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ|
ਇਸ ਸੰਬੰਧੀ ਫੇਜ਼ 11 ਦੀ ਅਕਾਲੀ ਆਗੂ ਪਿੰਕੀ ਸੋਨੀ ਨੇ ਕਿਹਾ ਕਿ ਇਹਨਾਂ ਰੇਹੜੀਆਂ ਕਾਰਨ ਇੱਥੇ ਔਰਤਾਂ ਅਤੇ ਬੱਚਿਆਂ ਦਾ ਲੰਘਣਾ ਔਖਾ ਹੋ ਜਾਂਦਾ ਹੈ| ਉਹਨਾਂ ਕਿਹਾ ਕਿ ਇਹ ਰੇਹੜੀਆਂ ਵਾਲੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ ਅਤੇ ਇਸਦੇ ਨਾਲ ਹੀ ਇਹਨਾਂ ਵਲੋਂ ਮਾਸਕ ਦੀ ਵਰਤੋਂ ਅਤੇ ਸਾਫ-ਸਫਾਈ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਜਾਂਦੀ ਹੈ ਜਿਸ ਕਾਰਨ ਇੱਥੇ ਹਰ ਸਮੇਂ ਮਾਹਾਂਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ| ਉਹਨਾਂ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਇਨ੍ਹਾਂ ਰੇਹੜੀਆਂ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ| ਉਹਨਾਂ ਕਿਹਾ ਕਿ ਸ਼ਹਿਰ ਵਿੱਚ ਕੋਰੋਨਾ ਦੇ ਵੱਧਦੇ ਕੇਸਾਂ ਦੇ ਚਲਦਿਆਂ ਜੇਕਰ ਇੱਥੇ ਕੋਈ ਪੀੜਿਤ ਮਰੀਜ ਆ ਗਿਆ ਤਾਂ ਵੱਡੀ ਗਿਣਤੀ ਵਿੱਚ ਇੱਥੇ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ ਜਿਸ ਕਾਰਨ ਲੋਕਾਂ ਦੀ ਸੁੱਰਖਿਆ ਖਤਰੇ ਵਿੱਚ ਪੈ ਸਕਦੀ ਹੈ|
ਉਹਨਾਂ ਪੁਲੀਸ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇੱਥੇ ਰੇਹੜੀਆਂ ਵਾਲਿਆਂ ਤੇ ਸਖਤੀ ਕਰਦਿਆਂ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਪਾਲਣਾ ਯਕੀਨੀ ਤੌਰ ਤੇ ਕਰਵਾਈ ਜਾਵੇ ਤਾਂ ਜੋ ਇਸ ਮਾਹਾਂਮਾਰੀ ਦੇ ਪ੍ਰਸਾਰ ਨੂੰ ਵੱਧਣ ਤੋਂ ਰੋਕਿਆ ਜਾ ਸਕੇ|

Leave a Reply

Your email address will not be published. Required fields are marked *