ਫੇਜ਼ 2 ਦੇ ਪਾਰਕ ਦਾ ਬੁਰਾ ਹਾਲ, ਥਾਂ ਥਾਂ ਖੜ੍ਹੇ ਪਾਣੀ ਵਿੱਚ ਉਠ ਰਹੀ ਹੈ ਸੜਿਆਂਧ

ਐਸ ਏ ਐਸ ਨਗਰ, 18 ਅਗਸਤ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਗਿਆਨ ਜੋਤੀ ਪਬਲਿਕ ਸਕੂਲ ਅਤੇ ਕਨਾਲ ਦੀਆਂ ਕੋਠੀਆਂ ਦੇ ਵਿਚਕਾਰ ਆਮ ਲੋਕਾਂ ਦੇ ਸੈਰ ਕਰਨ ਲਈ ਬਣੇ ਵੱਡੇ ਪਾਰਕ ਦਾ ਬੁਰਾ ਹਾਲ ਹੈ| ਪਾਰਕ ਵਿੱਚ ਇਕੱਠੇ ਹੋਣ ਵਾਲੇ ਪਾਣੀ ਦੀ ਨਿਕਾਸੀ ਲਈ ਪਾਰਕ ਦਾ ਲੈਵਲ ਠੀਕ ਨਾ ਹੋਣ ਕਾਰਨ ਇੱਥੇ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਵਿੱਚ ਮੱਛਰ ਪੈਦਾ ਹੁੰਦਾ ਹੈ| ਪਿਛਲੇ ਦਿਨਾਂ ਦੌਰਾਨ ਇੱਕ ਦੋ ਦਿਨ ਛੱਡ ਕੇ ਹੁੰਦੀ ਬਰਸਾਤ ਕਾਰਨ ਪਾਰਕ ਵਿੱਚ ਛੁਟਪੁਟ ਥਾਵਾਂ ਤੇ ਪਾਣੀ ਖੜ੍ਹਾ ਹੋਣ ਲੱਗ ਗਿਆ ਸੀ ਪਰੰਤੂ ਦੋ ਦਿਨ ਪਹਿਲਾਂ ਹੋਈ ਭਾਰੀ ਬਰਸਾਤ ਦੇ ਪਾਣੀ ਦੀ ਠੀਕ ਢੰਗ ਨਾਲ ਨਿਕਾਸੀ ਨਾ ਹੋਣ ਕਾਰਨ ਇੱਥੇ ਨੀਵੀਆਂ ਥਾਵਾਂ ਤੇ ਪਾਣੀ ਖੜ੍ਹਾ ਹੋ ਗਿਆ ਹੈ ਜਿਸ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਕੋਈ ਵੱਡਾ ਟੋਆ ਹੋਵੇ| ਇਸ ਪਾਣੀ ਵਿੱਚੋਂ ਬਦਬੂ ਵੀ ਆਉਣੀ ਸ਼ੁਰੂ ਹੋ ਗਈ ਹੈ|
ਇਸ ਦੌਰਾਨ ਪਾਰਕ ਦਾ ਰੱਖ ਰਖਾਓ ਕਰਨ ਲਈ ਲੇਬਰ ਵਲੋਂ ਇੱਥੇ ਕੱਟੀਆਂ ਗਈਆਂ ਝਾੜੀਆਂ ਵੀ ਪਾਰਕ ਵਿੱਚ ਹੀ ਸੁੱਟ ਦਿੱਤੀਆਂ ਗਈਆਂ ਹਨ| ਹਾਲ ਇਹ ਹੈ ਕਿ ਪਾਰਕ ਵਿੱਚ ਲੱਗੇ ਝੂਲਿਆਂ ਅਤੇ ਬੈਚਾਂ ਦੇ ਆਸ ਪਾਸ ਪਾਣੀ ਖੜ੍ਹਾ ਹੋ ਜਾਣ ਕਾਰਨ ਪਾਰਕ ਵਿੱਚ ਆਉਣ ਵਾਲੇ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਹੈ|
ਸਥਾਨਕ ਵਸਨੀਕਾਂ ਦੀ ਮੰਗ ਹੈ ਕਿ ਪਾਰਕ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਇੱਥੇ ਪਈਆਂ ਝਾੜੀਆਂ ਚੁਕਵਾ ਕੇ ਸਫਾਈ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਪਾਰਕ ਦੀ ਲੋੜੀਂਦੀ ਸੁਵਿਧਾ ਹਾਸਿਲ ਹੋ ਸਕੇ|

Leave a Reply

Your email address will not be published. Required fields are marked *