ਫੇਜ਼ 2 ਦੇ ਰਾਧਾ ਕ੍ਰਿਸ਼ਨ ਮੰਦਰ ਵਿਚਲੇ ਸ਼ਿਵਲਿੰਗ ਵਿਵਾਦ ਦੇ ਹੱਲ ਲਈ 19 ਸਤੰਬਰ ਨੂੰ ਹੋਵੇਗਾ ਜਨਰਲ ਇਜਲਾਸ

ਐਸ ਏ ਐਸ ਨਗਰ, 10 ਸਤੰਬਰ ( ਆਰ ਪੀ ਵਾਲੀਆ) ਸਥਾਨਕ ਫੇਜ਼ 2 ਦੇ ਰਾਧਾ ਕ੍ਰਿਸ਼ਨ ਮੰਦਰ ਦੇ ਵਿੱਚ ਸਥਿਤ ਸ਼ਿਵਲਿੰਗ ਸਬੰਧੀ ਚਲ ਰਹੇ ਵਿਵਾਦ ਦਾ ਹਲ ਕਰਨ ਲਈ ਮੰਦਰ ਦਾ ਜਨਰਲ ਇਜਲਾਸ 19 ਸਤੰਬਰ ਨੂੰ ਬੁਲਾਇਆ ਜਾ ਰਿਹਾ ਹੈ| ਇਸ ਸੰਬੰਧੀ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਮਨਮੋਹਨ ਦਾਦਾ (ਜਿਹਨਾਂ ਵਲੋਂ ਮੰਦਰ ਵਿੱਚ ਕਥਿਤ ਖੰਡਿਤ ਸ਼ਿਵਲਿੰਗ ਦੀ ਪੂਜਾ ਕੀਤੇ ਜਾਣ ਸਬੰਧੀ ਆਵਾਜ ਉਠਾਈ ਗਈ ਸੀ) ਵਲੋਂ ਮੌਜੂਦਾ ਪ੍ਰਬੰਧਕ ਕਮੇਟੀ ਵਲੋਂ ਕਥਿਤ ਤੌਰ ਤੇ ਖੰਡਿਤ ਸ਼ਿਵਿਲੰਗ ਦੀ ਪੂਜਾ ਦਾ ਅਮਲ ਜਾਰੀ ਰੱਖੇ ਜਾਣ ਵਿਰੁੱਧ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਤਕ ਪਹੁੰਚ ਕੀਤੀ ਗਈ ਸੀ ਅਤੇ ਉਹਨਾਂ ਤੋਂ ਅਰਜੀ ਮਾਰਕ ਕਰਵਾ ਕੇ ਐਸ ਐਸ ਪੀ ਮੁਹਾਲੀ ਨੂੰਸ਼ਿਕਾਇਤ ਦਿੱਤੀ ਗਈ ਸੀ| ਐਸ ਐਸ ਪੀ ਵਲੋਂ ਇਹ ਅਰਜੀ ਡੀ ਐਸ ਪੀ ਸਿਟੀ 1 ਸ੍ਰ. ਅਮਰੋਜ ਸਿੰਘ ਨੂੰੰ ਭੇਜੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਡੀ ਐਸ ਪੀ ਵਲੋਂ ਦੋਵਾਂ ਧਿਰਾਂ ਨਾਲ ਗੱਲ ਕਰਕੇ 19 ਸਤੰਬਰ ਨੂੰ ਮੰਦਰ ਦਾ ਜਨਰਲ ਇਜਲਾਸ ਬੁਲਾਉਣ ਲਈ ਕਿਹਾ ਹੈ ਜਿਸ ਵਿੱਚ ਦੋਵਾਂ ਧਿਰਾਂ ਵਲੋਂ ਧਰਮ ਦੇ ਵਿਦਵਾਨ ਹਾਜਿਰ ਹੋ ਕੇ ਇਸ ਸੰਬੰਧੀ ਸਰਵਪ੍ਰਵਾਨਿਤ ਹਲ ਕੱਢਣਗੇ|
ਜਿਕਰਯੋਗ ਹੈ ਕਿ ਸਥਾਨਕ ਫੇਜ਼ 2 ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿੱਚ ਸ਼ਿਵਲਿੰਗ ਦੇ ਕਥਿਤ ਰੂਪ ਨਾਲ ਖੰਡਿਤ ਹੋਣ ਦੇ ਬਾਵਜੂਦ ਮੰਦਰ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਿਵਲਿੰਗ ਬਦਲਣ ਤੋਂ ਇਨਕਾਰ ਕਰਨ ਅਤੇ ਉਸੇ ਸ਼ਿਵਲਿੰਗ ਦੀ ਪੂਜਾ ਕਰਵਾਉਣ ਦਾ ਰੇੜਕਾ ਕਾਫੀ ਸਮੇਂ ਤੋਂ ਚਲ ਰਿਹਾ ਹੈ, ਜਿਸ ਕਾਰਨ ਮੰਦਰ ਦੀ ਕਮੇਟੀ ਅਤੇ ਸ਼ਰਧਾਲੂ ਦੋ ਧਿਰਾਂ ਵਿੱਚ ਵੰਡੇ ਜਾ ਰਹੇ ਹਨ| ਇਸ ਸੰਬੰਧੀ ਪਿਛਲੇ ਮਹੀਨੇ ਮੰਦਰ ਦੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਮਨਮੋਹਨ ਦਾਦਾ ਵਲੋਂ ਉੱਥੇ ਆਪਣੇ ਪੱਧਰ ਤੇ ਨਵਾਂ ਸ਼ਿਵਲਿੰਗ ਲਿਆ ਕੇ ਉਸਦੀ ਪੂਜਾ ਸ਼ੁਰੂ ਕਰਵਾਉਣ ਤੋਂ ਮੌਜੂਦਾ ਪ੍ਰਬੰਧਕ ਕਮੇਟੀ ਵਲੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਸੀ ਕਿ ਪ੍ਰਬੰਧਕ ਕਮੇਟੀ ਦੀ ਇਜਾਜਤ ਤੋਂ ਬਿਨਾਂ ਉੱਥੇ ਪੂਜਾ ਨਹੀਂ ਕਰਵਾਈ ਜਾ ਸਕਦੀ| ਮੰਦਰ ਕਮੇਟੀ ਦਾ ਕਹਿਣਾ ਸੀ ਕਿ ਕੁੱਝ ਵਿਅਕਤੀਆਂ ਵਲੋਂ ਮੰਦਰ ਕਮੇਟੀ ਦੀ ਆਉਣ ਵਾਲੀ ਚੋਣ ਨੂੰ ਵੇਖ ਕੇ ਇਹ ਰੇੜਕਾ ਖੜਾ ਕੀਤਾ ਜਾ ਰਿਹਾ ਹੈ ਜਦੋਂਕਿ ਦੂਜੀ ਧਿਰ ਕਹਿ ਰਹੀ ਸੀ ਕਿ ਮੰਦਰ ਵਿੱਚ ਖੰਡਿਤ ਹੋਏ ਸ਼ਿਵਲਿੰਗ ਦੀ ਹੀ ਪੂਜਾ ਕੀਤੀ ਜਾ ਰਹੀ ਹੈ, ਜਿਸ ਕਾਰਨ ਸ਼ਰਧਾਲੂਆਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ|
ਇਸ ਸਬੰਧੀ ਸੰਪਰਕ ਕਰਨ ਤੇ ਡੀ ਐਸ ਪੀ ਸਿਟੀ 1 ਸ੍ਰ. ਅਮਰੋਜ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਸਬੰਧੀ ਦੋਵਾਂ ਧਿਰਾਂ ਨੂੰ ਬੁਲਾਇਆ ਸੀ ਅਤੇ ਦੋਵਾਂ ਧਿਰਾਂ ਨੇ ਉਹਨਾਂ ਕੋਲ ਆ ਕੇ ਆਪੋ ਆਪਣੇ ਦਾਅਵੇ ਪੇਸ਼ ਕੀਤੇ ਹਨ| ਉਹਨਾਂ ਕਿਹਾ ਕਿ ਇਹ ਇੱਕ ਸੰਵੇਦਨਸ਼ੀਲ ਮਾਮਲਾ ਹੈ ਜਿਸ ਵਿੱਚ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ| ਉਹਨਾਂ ਕਿਹਾ ਕਿ ਕਿਉਂਕਿ ਇਹ ਧਰਮ ਨਾਲ ਜੁੜਿਆ ਹੋਇਆ ਹੈ ਅਤੇ ਧਰਮ ਦੀ ਮਰਿਆਦਾ ਕਾਇਮ ਰੱਖੀ ਜਾਣੀ ਬਹੁਤ ਜਰੂਰੀ ਹੈ ਇਸ ਲਈ ਇਸ ਮਸਲੇ ਦਾ ਸਰਵਪ੍ਰਵਾਨਿਤ ਹਲ ਕੱਢਣ ਲਈ ਦੋਵਾਂ ਧਿਰਾਂ ਨੂੰ ਕਿਹਾ ਗਿਆ ਹੈ ਕਿ 19 ਸਤੰਬਰ ਨੂੰ ਮੰਦਰ ਦਾ ਇਜਲਾਸ ਬੁਲਾਇਆ ਜਾਵੇ ਜਿਸ ਵਿੱਚ ਦੋਵਾਂ ਧਿਰਾਂ ਦੇ ਨੁਮਾਇੰਦੇ, ਪ੍ਰਬੰਧਕ, ਵਿਦਵਾਨ, ਪੰਡਿਤ ਅਤੇ ਸਰਧਾਲੂ ਸ਼ਾਮਲ ਹੋਣਗੇ| ਉਹਨਾਂ ਕਿਹਾ ਕਿ ਉਹਨਾਂ ਨੇ ਦੋਵਾਂ ਧਿਰਾ ਨੂੰ ਕਿਹਾ ਹੈ ਕਿ ਇਸ ਇਜਲਾਸ ਵਿੱਚ ਇਸ ਮਾਮਲੇ ਸਬੰਧੀ ਸਰਬ ਸੰਮਤੀ ਨਾਲ ਫੈਸਲਾ ਕੀਤਾ ਜਾਵੇ ਤਾਂ ਕਿ ਧਰਮ ਅਤੇ ਧਰਮ ਦੀ ਮਰਿਆਦਾ ਕਾਇਮ ਰਹੇ|

Leave a Reply

Your email address will not be published. Required fields are marked *