ਫੇਜ਼ 2 ਦੇ ਰਾਧਾ ਕ੍ਰਿਸ਼ਨ ਮੰਦਰ ਵਿੱਚ ਸ਼ਿਵਲਿੰਗ ਦੇ ਕਥਿਤ ਖੰਡਿਤ ਹੋਣ ਦੇ ਬਾਵਜੂਦ ਪੂਜਾ ਕਰਵਾਉਣ ਦਾ ਮਾਮਲਾ ਭਖਿਆ

ਐਸ ਏ ਐਸ ਨਗਰ, 17 ਅਗਸਤ (ਸ.ਬ.) ਸਥਾਨਕ ਫੇਜ਼ 2 ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿੱਚ ਸ਼ਿਵਲਿੰਗ ਦੇ ਕਥਿਤ ਰੂਪ ਨਾਲ ਖੰਡਿਤ ਹੋਣ ਦੇ ਬਾਵਜੂਦ ਮੰਦਰ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਿਵਲਿੰਗ ਬਦਲਣ ਤੋਂ ਇਨਕਾਰ ਕਰਨ ਅਤੇ ਉਸੇ ਸ਼ਿਵਲਿੰਗ ਦੀ ਪੂਜਾ ਕਰਵਾਉਣ ਦਾ ਰੇੜਕਾ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਮੰਦਰ ਦੀ ਕਮੇਟੀ ਅਤੇ ਸ਼ਰਧਾਲੂ ਦੋ ਧਿਰਾਂ ਵਿੱਚ ਵੰਡਦੇ ਦਿਖ ਰਹੇ ਹਨ| ਮੰਦਰ ਦੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਮਨਮੋਹਨ ਦਾਦਾ ਵਲੋਂ ਉੱਥੇ ਆਪਣੇ ਪੱਧਰ ਤੇ ਨਵਾਂ ਸ਼ਿਵਲਿੰਗ ਲਿਆ ਕੇ ਉਸਦੀ ਪੂਜਾ ਕਰਵਾਉਣ ਤੋਂ ਮੌਜੂਦਾ ਪ੍ਰਬੰਧਕ ਕਮੇਟੀ ਵਲੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਪ੍ਰਬੰਧਕ ਕਮੇਟੀ ਦੀ ਇਜਾਜਤ ਤੋਂ ਬਿਨਾਂ ਉੱਥੇ ਪੂਜਾ ਨਹੀਂ ਕਰਵਾਈ ਜਾ ਸਕਦੀ| ਮੰਦਰ ਕਮੇਟੀ ਦਾ ਕਹਿਣਾ ਹੈ ਕਿ ਕੁੱਝ ਵਿਅਕਤੀਆਂ ਵਲੋਂ ਮੰਦਰ ਕਮੇਟੀ ਦੀ ਆਉਣ ਵਾਲੀ ਚੋਣ ਨੂੰ ਵੇਖ ਕੇ ਇਹ ਰੇੜਕਾ ਖੜਾ ਕੀਤਾ ਜਾ ਰਿਹਾ ਹੈ ਜਦੋਂਕਿ ਦੂਜੀ ਧਿਰ ਕਹਿੰਦੀ ਹੈ ਕਿ ਮੰਦਰ ਵਿੱਚ ਖੰਡਿਤ ਹੋਏ ਸ਼ਿਵਲਿੰਗ ਤੋਂ ਇਲਾਵਾ ਸੀਤਾ ਮਾਤਾ ਦੀ ਮੂਰਤੀ ਵੀ ਖੰਡਿਤ ਹੈ ਜਿਸਦਾ ਬਾਜੂ ਟੁੱਟਿਆ ਹੋਇਆ ਹੈ ਪਰੰਤੂ ਮੰਦਰ ਦੇਪ੍ਰਬੰਧਕਾਂ ਵਲੋਂ ਇਸ ਮੂਰਤੀ ਨੂੰ ਵੀ ਨਹੀਂ ਬਦਲਿਆ ਜਾ ਰਿਹਾ ਅਤੇ ਖੰਡਿਤ ਮੂਰਤੀ ਦੀ ਹੀ ਪੂਜਾ ਕਰਵਾਈ ਜਾ ਰਹੀ ਹੈ|
ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਮਨਮੋਹਨ ਦਾਦਾ ਨੇ ਦੱਸਿਆ ਕਿ ਮੰਦਰ ਵਿੱਚ ਲੱਗਿਆ ਸ਼ਿਵਲਿੰਗ ਬੀਤੇ ਸਮੇਂ ਦੌਰਾਨ ਖੰਡਿਤ ਹੋ ਚੁੱਕਿਆ ਹੈ ਪਰੰਤੂ ਪ੍ਰਬੰਧਕ ਕਮੇਟੀ ਉੱਥੇ ਨਵਾਂ ਸ਼ਿਵਲਿੰਗ ਨਹੀਂ ਲਿਆ ਰਹੀ ਜਿਸ ਤੇ ਉਹਨਾਂ ਨੇ ਆਪਣੇ ਪੱਧਰ ਤੇ ਸ਼ਿਵਲਿੰਗ ਲਿਆ ਕੇ ਉਸਦੀ ਪੂਜਾ ਸ਼ੁਰੂ ਕਰਵਾਈ ਸੀ ਪਰੰਤੂ ਮੰਦਰ ਕਮੇਟੀ ਦੇ ਅਹੁਦੇਦਾਰਾਂ ਵਲੋਂ ਪੂਜਾ ਕਰਨ ਵਾਲੇ ਪੁਜਾਰੀਆਂ ਨਾਲ ਬਦਸਲੂਕੀ ਕੀਤੀ ਗਈ ਅਤੇ ਪੁਲੀਸ ਬੁਲਾ ਕੇ ਉਹਨਾਂ ਨੂੰ ਪੂਜਾ ਕਰਨ ਤੋਂ ਰੋਕਿਆ ਗਿਆ| ਉਹਨਾਂ ਕਿਹਾ ਕਿ ਮੰਦਰ ਵਿੱਚ ਲੱਗੀ ਸੀਤਾ ਮਾਤਾ ਦੀ ਮੂਰਤੀ ਦੀ ਇੱਕ ਬਾਂਹ ਵੀ ਟੁੱਟੀ ਹੋਈ ਹੈ ਪਰੰਤੂ ਮੰਦਰ ਕਮੇਟੀ ਵਲੋਂ ਉਸ ਨੂੰ ਬਦਲਣ ਦੀ ਥਾਂ ਖੰਡਿਤ ਹੋਈ ਮੂਰਤੀ ਦੀ ਹੀ ਪੂਜਾ ਕਰਵਾਈ ਜਾ ਰਹੀ ਹੈ|
ਇਸ ਸੰਬੰਧੀ ਸੰਪਰਕ ਕਰਨ ਤੇ ਮੰਦਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਗੁਰਦਿਆਲ ਸਿੰਘ ਪਾਂਝਲਾ ਨੇ ਦੱਸਿਆ ਕਿ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਵਲੋਂ ਪੂਜਾ ਕਰਵਾਉਣ ਮੌਕੇ ਉਹ ਵੀ ਮੌਕੇ ਤੇ ਗਏ ਸਨ ਅਤੇ ਕੁੱਝ ਸ਼ਰਾਰਤੀ ਵਿਅਕਤੀਆਂ ਵਲੋਂ ਮਾਹੌਲ ਖਰਾਬ ਕਰ ਦਿੱਤਾ ਗਿਆ| ਹਾਲਾਂਕਿ ਉਹਨਾਂ ਕਿਹਾ ਕਿ ਮੰਦਰ ਵਿੱਚ ਸਥਾਪਿਤ ਸ਼ਿਵਲਿੰਗ ਦੇ ਖੰਡਿਤ ਜਾ ਠੀਕ ਹੋਣ ਤੇ ਵੀ ਵਿਵਾਦ ਹੈ ਕਿਉਂਕਿ ਸ਼ਿਵਲਿੰਗ ਦੇ ਥੱਲੜੇ ਹਿੱਸੇ ਵਿੱਚ ਖੱਡੇ ਪੈ ਗਏ ਹਨ ਜਿੱਥੇ ਦੁੱਧ, ਸ਼ਹਿਦ ਅਤੇ ਜਲ ਆਦਿ ਰੁਕ ਜਾਂਦਾ ਹੈ ਜਿਸ ਕਾਰਨ ਉੱਥੇ ਮੱਖੀ ਮੱਛਰ ਇਕੱਤਰ ਹੋ ਜਾਂਦਾ ਹੈ| ਉਹਨਾਂ ਕਿਹਾ ਕਿ ਉਹਨਾਂ ਨੇ ਪ੍ਰਧਾਨ ਨੂੰ ਸਲਾਹ ਦਿੱਤੀ ਸੀ ਕਿ ਇਸ ਸੰਬੰਧੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸ਼ਹਿਰ ਦੇ ਸੀਨੀਅਰ ਪੁਜਾਰੀਆਂ ਦੀ ਮੀਟਿੰਗ ਬੁਲਾ ਕੇ ਇਸ ਮਸਲੇ ਦਾ ਛੇਤੀ ਹਲ ਕੀਤਾ ਜਾਵੇ|
ਸੰਪਰਕ ਕਰਨ ਦੇ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਸ਼ਿਵਲਿੰਗ ਦੇ ਖੰਡਿਤ ਹੋਣ ਬਾਰੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਗਲਤ ਹੈ ਅਤੇ ਇਹ ਸ਼ਿਵਲਿੰਗ ਪੂਰੀ ਤਰ੍ਹਾਂ ਠੀਕ ਹੈ| ਉਹਨਾਂ ਕਿਹਾ ਕਿ ਇਸ ਸੰਬੰਧੀ ਪੁਜਾਰੀਆਂ ਦੀ ਸੰਸਥਾ ਦੇ ਨੁਮਾਇੰਦੇ ਸ੍ਰੀ ਜਗਦੰਬਾ ਰਤੂੜੀ ਵਲੋਂ ਮੰਦਰ ਵਿੱਚ ਸ਼ਿਵਲਿੰਗ ਦੀ ਜਾਂਚ ਉਪਰੰਤ ਇਹ ਗੱਲ ਸਪਸ਼ਟ ਕੀਤੀ ਜਾ ਚੁੱਕੀ ਹੈ ਕਿ ਸ਼ਿਵਲਿੰਗ ਖੰਡਿਤ ਨਹੀਂ ਹੈ| ਸੀਤਾ ਮਾਤਾ ਦੀ ਮੂਰਤੀ ਦੀ ਬਾਂਹ ਟੁੱਟੀ ਹੋਣ ਬਾਰੇ ਉਹਨਾਂ ਕਿਹਾ ਕਿ ਮੰਦਰ ਕਮੇਟੀ ਵਲੋਂ ਸੀਤਾ ਮਾਤਾ ਦੀ ਨਵੀਂ ਮੂਰਤੀ ਮੰਗਵਾਉਣ ਲਈ ਆਰਡਰ ਦਿੱਤਾ ਹੋਇਆ ਹੈ ਅਤੇ ਛੇਤੀ ਹੀ ਨਵੀਂ ਮੂਰਤੀ ਲਗਵਾ ਦਿੱਤੀ ਜਾਵੇਗੀ|

Leave a Reply

Your email address will not be published. Required fields are marked *