ਫੇਜ਼ 3ਬੀ-2 ਦੀ ਮਾਰਕੀਟ ਵਿੱਚ ਦੇਰ ਰਾਤ ਤੱਕ ਹੋਈ ਹੁਲੜਬਾਜੀ, ਨੌਜਵਾਨਾਂ ਦੇ ਟੋਲੇ ਆਪਸ ਵਿੱਚ ਉਲਝੇ

ਫੇਜ਼ 3ਬੀ-2 ਦੀ ਮਾਰਕੀਟ ਵਿੱਚ ਦੇਰ ਰਾਤ ਤੱਕ ਹੋਈ ਹੁਲੜਬਾਜੀ, ਨੌਜਵਾਨਾਂ ਦੇ ਟੋਲੇ ਆਪਸ ਵਿੱਚ ਉਲਝੇ
ਹੁਲੜਬਾਜਾਂ ਤੇ ਕਾਬੂ ਕਰਨ ਦੀ ਮੰਗ ਲੈ ਕੇ ਐਸ ਐਸ ਪੀ ਨੂੰ ਮਿਲਾਂਗੇ: ਜੇਪੀ ਸਿੰਘ
ਐਸ. ਏ. ਐਸ. ਨਗਰ, 23 ਜੂਨ (ਸ.ਬ.) ਸ਼ਹਿਰ ਦੀਆਂ ਮਾਰਕੀਟਾਂ ਵਿੱਚ ਨੌਜਵਾਨ ਮੁੰਡਿਆਂ ਦੇ ਟੋਲਿਆ ਵਲੋਂ ਕੀਤੀ ਜਾਂਦੀ ਹੁਲੜਬਾਜੀ ਵੱਧ ਗਈ ਹੈ| ਸਥਾਨਕ ਫੇਜ਼3 ਬੀ-2 ਦੀ ਮਾਰਕੀਟ ਵਿੱਚ ਬੀਤੀ ਰਾਤ ਅਜਿਹੇ ਨੌਜਵਾਨਾਂ ਵਲੋਂ ਜਮ ਕੇ ਹੁਲੜ ਬਾਜੀ ਕੀਤੀ ਗਈ ਅਤੇ ਇਸ ਕਾਰਨ ਮਾਰਕੀਟ ਦੀ ਪਾਰਕਿੰਗ ਵਿੱਚ ਲੰਬਾ ਸਮਾਂ ਜਾਮ ਵਰਗੇ ਹਾਲਤ ਬਣੀ ਰਹੀ |
ਬੀਤੀ ਰਾਤ ਮਾਰਕੀਟ ਵਿੱਚ ਆਈਸ ਕ੍ਰੀਮ ਦੀ ਰੇਹੜੀ ਲਗਾਉਣ ਵਾਲੇ ਇੱਕ ਪ੍ਰਵਾਸੀ ਦੀ ਕੁਝ ਹੁਲੜਬਾਜਾਂ ਵਲੋਂ ਕੁੱਟ ਮਾਰ ਕੀਤੀ ਗਈ| ਇਹ  ਰੇਹੜੀ ਵਾਲਾ ਭੱਜ ਕੇ ਇੱਥ ਇੱਕ ਸ਼ੋ ਰੂਮ ਵਿੱਚ ਜਾ ਵੜਿਆ ਅਤੇ ਦੁਕਾਨਦਾਰ ਵੀ. ਪੀ. ਸਿੰਘ ਵਲੋਂ ਉਹਨਾਂ ਨੂੰ ਇਹ ਕਹਿਣ ਤੇ ਕਿ ਗਰੀਬ ਨੂੰ ਕਿਉਂ ਕੱਟਦੇ ਹੋ, ਉਹ ਦੁਕਾਨਦਾਰ ਨਾਲ ਹੀ ਬਹਿਸ ਪਏ| ਇਹ ਟੋਲਾ ਉਥੋਂ ਗਿਆ ਹੀ ਸੀ ਕਿ ਪਾਰਕਿੰਗ ਵਿੱਚ ਨੌਜਵਾਨਾਂ ਦੇ 2 ਹੋਰ ਟੋਲਿਆ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਕਾਫੀ ਦੇਰ ਤੱਕ ਇਹ ਰੇੜਕਾ ਚੱਲਦਾ ਰਿਹਾ| ਦੋਵਾਂ ਧਿਰਾਂ ਦੇ ਡੇਢ ਦਰਜਨ ਦੇ ਲਗਭਗ ਨੌਜਵਾਨ ਪਾਰਕਿੰਗ ਵਿੱਚ ਜਮਘਾਟ ਬਣਾ ਕੇ ਇੱਕ ਦੂਜੇ ਨਾਲ ਬਹਿਸ ਕਰਦੇ ਰਹੇ ਜਿਸ ਕਾਰਣ ਮਾਰਕੀਟ ਵਿੱਚ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ|
ਇਸ ਦੌਰਾਨ ਇਸ ਮਾਰਕੀਟ ਵਿੱਚ (ਪੋਲਕਾ ਬੇਕਰੀ ਦੇ ਸਾਮ੍ਹਣੇ) ਕੁਝ ਨੌਜਵਾਨ ਕਾਰ ਚਾਲਕਾਂ ਵਿੱਚ ਆਪਸੀ ਬਹਿਸ ਤੋਂ ਬਾਅਦ ਉਹਨਾਂ ਨੇ ਗੱਡੀਆਂ ਵਿੱਚ ਹੀ ਫਸਾ ਲਈਆਂ ਅਤੇ ਕਾਫੀ ਦੇਰ ਤੱਕ ਉਥੇ ਜਾਮ ਵਰਗੀ ਹਾਲਤ ਬਣੀ ਰਹੀ| ਪੋਲਕਾ ਬੇਕਰੀ ਦੇ ਮਾਲਕ ਸ੍ਰ. ਕੰਵਰਦੀਪ ਸਿੰਘ ਨੇ ਇਲਜਾਮ ਲਗਾਇਆ ਕਿ ਮਾਰਕੀਟ ਦੇ ਪਿਛਲੇ ਪਾਸੇ ਵੀ ਰਾਤ ਵੇਲੇ ਨੌਜਵਾਨ ਗੱਡੀਆਂ ਖੜ੍ਹਾ ਕੇ ਸ਼ਰਾਬ ਪੀਣ ਲੱਗ ਜਾਂਦੇ ਹਨ ਅਤੇ ਇਹਨਾਂ ਵਿੱਚ ਅਕਸਰ ਝਗੜੇ ਵੀ ਹੁੰਦੇ ਹਨ ਜਿਸ ਕਾਰਨ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ ਹੈ|
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੇ. ਪੀ. ਸਿੰਘ ਅਤੇ ਸਕੱਤਰ ਸ੍ਰ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਰਕੀਟ ਵਿੱਚ ਸ਼ਾਮ-ਵੇਲੇ ਨੌਜਵਾਨਾਂ ਦੇ ਟੋਲੇ ਇਕੱਠੇ ਹੋਣ ਲੱਗ ਜਾਂਦੇ ਹਨ  ਜਿਹੜੇ ਹੁਲੜਬਾਜੀ ਕਰਦੇ ਹਨ ਅਤੇ ਮਾਰਕੀਟ ਦਾ ਮਾਹੌਲ ਖਰਾਬ ਕਰਦੇ ਹਨ ਜਿਸ ਕਾਰਨ ਦੁਕਾਨਦਾਰਾਂ ਦਾ ਕਾਫੀ ਨੁਕਾਸਾਨ ਹੁੰਦਾ ਹੈ| ਇਹਨਾਂ ਹੁਲੜਬਾਜਾਂ ਤੋਂ ਡਰਦੇ ਗ੍ਰਾਹਕ ਰਾਤ ਵੇਲੇ ਮਾਰਕੀਟ ਵਿੱਚ ਨਹੀ ਂਆਉਂਦੇ| ਉਹਨਾਂ ਮੰਗ ਕੀਤੀ ਕਿ ਮਾਰਕੀਟ ਵਿੱਚ ਪੱਕੇ ਤੌਰ ਤੇ ਪੁਲੀਸ ਫੋਰਸ ਤੈਨਾਤ ਕੀਤੀ ਜਾਵੇ ਅਤੇ ਹੁਲੜਬਾਜੀ ਕਰਨ ਵਾਲਿਆਂ ਤੇ ਸਖਤੀ ਨਾਲ ਕਾਬੂ ਕੀਤਾ ਜਾਵੇ| ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਇਸ ਸਬੰਧੀ ਦੁਕਾਨਦਾਰਾਂ ਦਾ ਇੱਕ ਵਫਦ ਛੇਤੀ ਹੀ ਜਿਲ੍ਹੇ ਦੇ ਐਸ ਐਸ ਪੀ ਨੂੰ ਵੀ ਮਿਲੇਗਾ ਅਤੇ ਮੰਗ ਕਰੇਗਾ ਕਿ ਇਸ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *