ਫੇਜ਼ 3ਬੀ 2 ਮਾਰਕੀਟ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰੇ ਨਿਗਮ : ਜੇ ਪੀ ਸਿੰਘ

ਐਸ ਏ ਐਸ ਨਗਰ, 11 ਜੁਲਾਈ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਐਸ ਏ ਐਸ ਨਗਰ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ ਪੀ ਨੇ ਮਾਰਕੀਟ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਵੇ|
ਸ੍ਰ. ਜੇ ਪੀ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਫੇਜ਼ 3 ਬੀ 2 ਦੀ ਮਾਰਕੀਟ ਵਿਚ ਸਭ ਤੋਂ ਵੱਡੀ ਸਮੱਸਿਆ ਪਾਰਕਿੰਗ ਵਿਚ ਵਾਹਨ ਖੜੇ ਕਰਨ ਲਈ ਲਾਈਨਾਂ ਨਾ ਹੋਣਾ ਹੈ| ਪਾਰਕਿੰਗ ਵਿਚ ਲਾਈਨਾਂ ਨਾ ਲੱਗੀਆਂ ਹੋਣ ਕਾਰਨ ਵਾਹਨ ਚਾਲਕ ਆਪਣੇ ਵਾਹਨ ਇਧਰ ਉਧਰ ਆਪਣੀ ਮਰਜ਼ੀ ਨਾਲ ਖੜੇ ਕਰ ਦਿੰਦੇ ਹਨ, ਜਿਸ ਕਾਰਨ ਅਕਸਰ ਦੂਜੇ ਵਾਹਨਾਂ ਨੂੰ ਲੰਘਣ ਲਈ ਰਸਤਾ ਨਹੀਂ ਮਿਲਦਾ, ਜਿਸ ਕਾਰਨ ਜਾਮ ਵਾਲੀ ਸਥਿਤੀ ਬਣ ਜਾਂਦੀ ਹੈ| ਉਹਨਾਂ ਕਿਹਾ ਕਿ ਬੇਤਰਤੀਬ ਖੜ੍ਹੇ ਵਾਹਨਾਂ ਕਾਰਨ ਵਾਹਨ ਚਾਲਕ ਆਪਣੇ ਵਾਹਨ ਕੱਢਣ ਲਈ ਇਕ ਦੂਜੇ ਨਾਲ ਬਹਿਸ ਪੈਂਦੇ ਹਨ ਅਤੇ ਕਈ ਵਾਰ ਗਲ ਝਗੜੇ ਅਤੇ ਗਾਲੀ ਗਲੋਚ ਤਕ ਪਹੁੰਚ ਜਾਂਦੀ ਹੈ, ਜਿਸ ਕਾਰਨ ਮਾਰਕੀਟ ਦਾ ਮਾਹੋਲ ਖਰਾਬ ਹੋ ਜਾਂਦਾ ਹੈ|
ਉਹਨਾਂ ਕਮਿਸ਼ਨਰ ਨੂੰ ਦੱਸਿਆ ਕਿ ਫੇਜ਼ 3ਬੀ 2 ਦੀ ਮਾਰਕੀਟ ਵਿੱਚ ਅਕਸਰ ਸੀਵਰੇਜ ਜਾਮ ਤੇ ਓਵਰਫਲੋ ਦੀ ਸਮੱਸਿਆ ਰਹਿੰਦੀ ਹੈ, ਜਿਸ ਕਾਰਨ ਸੀਵਰੇਜ ਦਾ ਪਾਣੀ ਮਾਰਕੀਟ ਦੀਆਂ ਸੜਕਾਂ ਉਪਰ ਖੜਾ ਰਹਿੰਦਾ ਹੈ, ਜਿਸ ਵਿਚੋਂ ਬਦਬੂ ਉਠਦੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ| ਉਹਨਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਪਾਈਆਂ ਜਾਣੀਆਂ ਚਾਹੀਦੀਆਂ ਹਨ, ਜੇ ਵੱਡੀਆਂ ਪਾਈਪਾਂ ਪਾਉਣੀਆਂ ਸੰਭਵ ਨਹੀਂ ਤਾਂ ਇਸ ਮਾਰਕੀਟ ਦੇ ਸੀਵਰੇਜ਼ ਦੀ ਸਫਾਈ ਹਰ ਹਫਤੇ ਕੀਤੀ ਜਾਣੀ ਯਕੀਣੀ ਬਣਾਈ ਜਾਣੀ ਚਾਹੀਦੀ ਹੈ|
ਉਹਨਾਂ ਦੱਸਿਆ ਕਿ ਉਹਨਾਂ ਕਮਿਸ਼ਨਰ ਕੋਲ ਨਾਜਾਇਜ ਰੇਹੜੀਆਂ ਫੜੀਆਂ ਦਾ ਮੁੱਦਾ ਵੀ ਚੁੱਕਿਆ ਅਤੇ ਦੱਸਿਆ ਕਿ ਮਾਰਕੀਟ ਵਿਚ ਨਾਜਾਇਜ਼ ਰੇਹੜੀਆਂ ਫੜੀਆਂ ਦੀ ਭਰਮਾਰ ਹੋ ਗਈ ਹੈ| ਇਹਨਾਂ ਰੇਹੜੀਆਂ ਫੜੀਆਂ ਉਪਰ ਅਕਸਰ ਆਵਾਰਾ ਕਿਸਮ ਦੇ ਮੁੰਡੇ ਇਕਠੇ ਹੋ ਜਾਂਦੇ ਹਨ, ਜਿਸ ਕਾਰਨ ਮਾਰਕੀਟ ਦਾ ਮਾਹੋਲ ਖਰਾਬ ਹੋ ਰਿਹਾ ਹੈ| ਉਹਨਾਂ ਕਿਹਾ ਕਿ ਇਹਨਾਂ ਰੇਹੜੀਆਂ ਉਪਰ ਖਾਣ ਪੀਣ ਦਾ ਗੈਰ ਮਿਆਰੀ ਸਮਾਨ ਅਤੇ ਘਟੀਆ ਕਿਸਮ ਦਾ ਹੋਰ ਸਮਾਨ ਵੇਚਿਆ ਜਾਂਦਾ ਹੈ, ਲੋਕ ਸਸਤੇ ਦੇ ਚਧਕਰ ਵਿਚ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦੇ ਗਾਹਕ ਬਣ ਜਾਂਦੇ ਹਨ, ਜਿਸ ਕਰਕੇ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ| ਉਹਨਾਂ ਕਿਹਾ ਕਿ ਇਸ ਮਾਰਕੀਟ ਵਿਚ ਰੇਲਿੰਗ ਵੀ ਕਈ ਥਾਵਾਂ ਤੋਂ ਟੁੱਟੀ ਹੋਈ ਹੈ, ਜਿਸ ਨੂੰ ਠੀਕ ਕਰਵਾਉਣਾ ਚਾਹੀਦਾ ਹੈ| ਇਸਦੇ ਨਾਲ ਪੇਵਰ ਵੀ ਟੁਟੇ ਹੋਏ ਹਨ, ਜਿਹਨਾਂ ਨੂੰ ਤੁਰੰਤ ਠੀਕ ਕਰਵਾਉਣ ਦੀ ਲੋੜ ਹੈ| ਉਹਨਾਂ ਕਮਿਸ਼ਨਰ ਨੂੰ ਦੱਸਿਆ ਕਿ ਇਸ ਮਾਰਕੀਟ ਦੇ ਨਾਲ ਸੜਕ ਉਪਰ ਬਣੇ ਪੁੱਲ ਉਪਰ ਅਕਸਰ ਰਾਤ ਸਮੇਂ ਨਸ਼ੇੜੀ ਮੁੰਡੇ ਕੁੜੀਆਂ ਚੜ ਕੇ ਬੈਠ ਜਾਂਦੇ ਹਨ ਜੋ ਕਿ ਉਥੇ ਨਸ਼ਾ ਵੀ ਕਰਦੇ ਹਨ ਅਤੇ ਹੁਲੜਬਾਜੀ ਵੀ ਕਰਦੇ ਹਨ|
ਸ੍ਰ. ਜੇ ਪੀ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਨਗਰ ਨਿਗਮ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮਾਰਕੀਟ ਦੀ ਪਾਰਕਿੰਗ ਵਿੱਚ ਆਉਂਦੇ ਦਿਨਾਂ ਦੇ ਵਿੱਚ ਲਾਈਨਾਂ ਲਗਾਈਆਂ ਜਾਣਗੀਆਂ ਅਤੇ ਹੋਰਨਾਂ ਸਮੱਸਿਆਵਾਂ ਨੂੰ ਵੀ ਹੱਲ ਕੀਤਾ ਜਾਵੇਗਾ ਤਾਂ ਜੋ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |

Leave a Reply

Your email address will not be published. Required fields are marked *