ਫੇਜ਼-3ਬੀ2 ਵਿਚਲੀ ਟ੍ਰਾਈਕੂਨਜ ਇਮੀਗ੍ਰੇਸ਼ਨ ਕੰਪਨੀ ਤੇ ਲੱਗਿਆ ਤਾਲਾ, ਲੈਣਹਾਰ ਹੋ ਰਹੇ ਹਨ ਖੱਜਲ ਖੁਆਰ, ਕੰਪਨੀ ਦੇ ਚੈਕ ਵੀ ਹੋਏ ਬਾਉਂਸ

ਐਸ ਏ ਐਸ ਨਗਰ, 27 ਅਕਤੂਬਰ (ਸ.ਬ.) ਟ੍ਰੈਵਲ ਏਜੰਟਾਂ ਵੱਲੋਂ ਆਮ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾ ਕੇ ਉਹਨਾਂ ਨਾਲ ਠੱਗੀਆਂ ਮਾਰਨ ਅਤੇ ਬਾਅਦ ਵਿੱਚ ਆਪਣਾ ਤਾਮਝਾਮ ਸਮੇਟ ਕੇ ਫਰਾਰ ਹੋਣ ਵਾਲਿਆਂ ਵਿੱਚ ਫੇਜ਼ 3ਬੀ2 ਦੇ ਸ਼ੋਰੂਮ ਨੰਬਰ 23 ਅਤੇ 24 ਵਿੱਚ ਰਹੀ ਟਾਈਕੂਨਜ ਇਮੀਗ੍ਰੇਸ਼ਨ ਕੰਪਨੀ ਦਾ ਨਾਮ ਵੀ ਜੁੜ ਗਿਆ ਹੈ| ਪਿਛਲੇ ਕਈ ਸਾਲਾਂ ਤੋਂ ਇਹਨਾਂ 2 ਸ਼ੋਰੂਮਾਂ ਦੀ ਉਪਰਲੀ ਮੰਜਿਲ ਵਿੱਚ ਆਪਣਾ ਤਾਮਝਾਮ ਚਲਾ ਰਹੇ ਇਸ ਕੰਪਨੀ ਦੇ ਪ੍ਰਬੰਧਕ ਆਪਣਾ ਕੰਮ ਬੰਦ ਕਰ ਗਏ ਹਨ ਅਤੇ ਜਿਹਨਾਂ ਲੋਕਾਂ ਨੇ ਇਸ ਇਮੀਗ੍ਰੇਸ਼ਨ ਕੰਪਨੀ ਕੋਲ ਵਿਦੇਸ਼ ਜਾਣ ਲਈ ਪੈਸੇ ਜਮ੍ਹਾ ਕਰਵਾਏ ਸੀ ਉਹ ਹੁਣ ਇੱਥੇ ਚੱਕਰ ਲਗਾ ਕੇ ਖਜਲਖੁਆਰ ਹੋ ਰਹੇ ਹਨ|
ਹੋਰ ਤਾਂ ਹੋਰ ਇਸ ਇਮੀਗ੍ਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਅਖਬਾਰਾਂ ਵਿੱਚ ਇਸ਼ਤਿਹਾਰ ਛਪਵਾਉਣ ਵਾਲੀ ਕੰਪਨੀ ਜੈਮਿਨੀ ਐਡਵਰਟਾਈਜਿੰਗ ਨੂੰ ਵੀ ਲੱਖਾਂ ਰੁਪਏ ਦੀ ਚਪਤ ਲਗਾ ਦਿਤੀ ਹੈ| ਜੈਮਿਨੀ ਐਡਵਰਟਾਈਜਿੰਗ ਦੇ ਮਾਲਕ ਸ੍ਰ. ਦਲਬੀਰ ਸਿੰਘ ਸੈਣੀ ਦੱਸਦੇ ਹਨ ਕਿ ਕੰਪਨੀ ਵੱਲੋਂ ਪਿਛਲੇ ਸਮੇਂ ਦੌਰਾਨ ਉਹਨਾਂ ਰਾਹੀਂ ਵੱਖ ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਜਾਰੀ ਕੀਤੇ ਸਨ ਅਤੇ ਇਸਦੀ ਕਾਫੀ ਰਕਮ ਬਕਾਇਆ ਹੈ| ਉਹਨਾਂ ਦੱਸਿਆ ਕਿ ਕੰਪਨੀ ਦੇ ਪ੍ਰਬੰਧਕ ਮੁਨੀਸ਼ ਕੁਮਾਰ ਅਤੇ ਨਵਜੋਤ ਕੋਰ ਵੱਲੋਂ ਉਹਨਾਂ ਨੂੰ ਬਕਾਇਆ ਰਕਮ ਦੇ ਜਿਹੜੇ ਚੈਕ ਦਿਤੇ ਸਨ ਉਹ ਵੀ ਬੈਂਕ ਤੋਂ ਵਾਪਿਸ ਆ ਗਏ ਹਨ| ਉਹਨਾਂ ਦੱਸਿਆ ਕਿ ਕੰਪਨੀ ਦੇ ਫੇਜ਼ 3ਬੀ2 ਵਿਚਲੇ ਦਫਤਰ ਵਿੱਚ ਤਾਲਾ ਲੱਗਿਆ ਹੋਇਆ ਹੈ ਅਤੇ  ਉਕਤ ਕੰਪਨੀ ਵਿੱਚ ਪੈਸੇ ਜਮ੍ਹਾ ਕਰਵਾਉਣ ਵਾਲੇ ਲੋਕ ਇਸ ਬੰਦ ਦਫਤਰ ਦੇ ਚੱਕਰ ਲਗਾ ਕੇ ਖੱਜਲਖੁਆਰ ਹੋ ਰਹੇ ਹਨ| ਇਸ ਸਬੰਧੀ ਕੰਪਨੀ ਦੇ ਪ੍ਰਬੰਧਕਾਂ ਮੁਨੀਸ਼ ਕੁਮਾਰ ਅਤੇ ਨਵਜੋਤ ਕੁਮਾਰ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਦੇ ਫੋਨ ਬੰਦ ਹੋਣ ਕਾਰਨ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ|
ਇਸ ਸਬੰਧੀ ਸੰਪਰਕ ਕਰਨ ਤੇ ਡੀ ਐਸ  ਪੀ ਸਿਟੀ 1 ਆਲਮ ਵਿਜੇ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ| ਹਾਲਾਂਕਿ ਉਹਨਾਂ ਕਿਹਾ ਕਿ ਪੁਲੀਸ ਵੱਲੋਂ ਸ਼ਹਿਰ ਵਿੱਚ ਕੰਮ ਕਰਨ ਵਾਲੇ ਟ੍ਰੈਵਲ ਏਜੰਟਾਂ ਅਤੇ ਇਮੀਗ੍ਰੇਸ਼ਨ ਕੰਪਨੀਆਂ ਦੀ ਨਿਯਮਤ ਜਾਂਚ ਕੀਤੀ ਜਾਂਦੀ ਹੈ ਅਤੇ ਜਦੋਂ ਵੀ ਇਸ ਸਬੰਧੀ ਪੁਲੀਸ ਨੂੰ ਕੋਈ ਸ਼ਿਕਾਇਤ ਮਿਲਦੀ ਹੈ ਪੁਲੀਸ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ|

Leave a Reply

Your email address will not be published. Required fields are marked *