ਫੇਜ਼ 3 ਬੀ 2 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਸਟੰਟਬਾਜਾਂ ਨੇ ਵਿਖਾਏ ਕਰਤਬ

ਫੇਜ਼ 3 ਬੀ 2 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਸਟੰਟਬਾਜਾਂ ਨੇ ਵਿਖਾਏ ਕਰਤਬ
ਮਾਰਕੀਟ ਪ੍ਰਧਾਨ ਵਲੋਂ ਐਸ ਐਸ ਪੀ ਨੂੰ ਕੀਤੀ ਸ਼ਿਕਾਇਤ ਦੇ ਬਾਵਜੂਦ ਨਹੀਂ ਹੋਈ ਕੋਈ ਕਾਰਵਾਈ
ਐਸ ਏ ਐਸ ਨਗਰ, 9 ਮਾਰਚ (ਸ.ਬ.) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ (ਰੋਜ ਗਾਰਡਨ ਦੇ ਸਾਮ੍ਹਣੇ ਪੈਂਦੀ) ਦੀ ਪਾਰਕਿੰਗ ਵਿੱਚ ਬੀਤੀ ਰਾਤ ਦੋ ਪਹੀਆ ਵਾਹਨਾਂ ਤੇ ਸਟੰਟ ਕਰਨ ਵਾਲੇ ਨੌਜਵਾਨਾਂ ਦੇ ਟੋਲੇ ਵਲੋਂ ਕਾਫੀ ਸਮੇਂ ਤੱਕ ਖੜਦੂੰਗ ਪਾਇਆ ਜਾਂਦਾ ਰਿਹਾ ਅਤੇ ਇਹ ਨੌਜਵਾਨ ਆਪਣੇ ਵਾਹਨਾਂ ਉੱਪਰ ਸਟੰਟ ਕਰਦੇ ਰਹੇ ਜਿਸ ਕਾਰਨ ਉੱਥੇ ਮਜਮਾ ਜਿਹਾ ਲੱਗ ਗਿਆ| ਇਹਨਾਂ ਸਟੰਟਬਾਜਾਂ ਵਲੋਂ ਪਾਰਕਿੰਗ ਦੇ ਇੱਕ ਹਿੱਸੇ ਵਿੱਚ ਕਾਫੀ ਸਮੇਂ ਤਕ ਆਪਣੇ ਆਪਣੇ ਵਾਹਨ ਦਾ ਅਗਲਾ ਚੱਕਾ ਹਵਾ ਵਿੱਚ ਉਠਾ ਕੇ ਆਪਣੇ ਵਾਹਨ ਚਲਾਏ ਜਾਂਦੇ ਰਹੇ ਅਤੇ ਬਾਅਦ ਵਿੱਚ ਇਹ ਨੌਜਵਾਨ ਪੂਰੀ ਸ਼ਾਨ ਨਾਲ ਉੱਥੋਂ ਗਏ| ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਵਲੋਂ ਇਹਨਾਂ ਸਟੰਟਬਾਜਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਉਲਟਾ ਉਹਨਾਂ ਨਾਲ ਝਗੜਾ ਕਰਨ ਲੱਗ ਪਏ| ਇਸ ਸੰਬੰਧੀ ਮਾਰਕੀਟ ਦੇ ਪ੍ਰਧਾਨ ਸ੍ਰੀ ਜੇ ਪੀ ਸਿੰਘ ਵਲੋਂ ਜਿਲ੍ਹਾ ਮੁਹਾਲੀ ਦੇ ਐਸ ਐਸ ਪੀ ਨੂੰ ਵੀ ਜਾਣਕਾਰੀ ਦਿੱਤੀ ਗਈ ਪਰੰਤੂ ਕੁੱਝ ਨਹੀਂ ਹੋਇਆ ਅਤੇ ਇਹ ਸਟੰਟਬਾਜ ਕਾਫੀ ਸਮੇਂ ਤਕ ਆਪਣੇ ਸਟੰਟ ਕਰਦੇ ਰਹੇ|
ਮਾਰਕੀਟ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਅਤੇ ਜਨਰਲ ਸਕੱਤਰ ਸ੍ਰ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਚਾਨਕ ਹੀ ਦੋ ਪਹੀਆ ਵਾਹਨਾਂ ਤੇ ਸਵਾਰ ਕੁੱਝ ਨੌਜਨਾਵਾਂ ਨੇ ਉੱਥੇ ਸਟੰਟ ਕਰਨੇ ਸ਼ੁਰੂ ਕਰ ਦਿੱਤੇ| ਇਹਨਾਂ ਨੌਜਵਾਨਾਂ ਦੇ ਨਾਲ ਕੁੱਝ ਹੋਰ ਨੌਜਵਾਨ ਵੀ ਸਨ ਜਿਹੜੇ ਕਾਰਾਂ ਤੇ ਆਏ ਸਨ ਅਤੇ ਇਹਨਾਂ ਨੇ ਉੱਥੇ ਇੱਕਠ ਕਰ ਲਿਆ| ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਹਨਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿਤਾ|
ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਵਲੋਂ ਐਸ ਐਸ ਪੀ ਮੁਹਾਲੀ ਨੂੰ ਫੋਨ ਤੇ ਜਾਣਕਾਰੀ ਦਿੱਤੀ ਗਈ ਜਿਹਨਾਂ ਨੇ ਉਹਨਾਂ ਨੂੰ ਸਟੰਟਬਾਜਾਂ ਦੇ ਵਾਹਨਾਂ ਦੇ ਨੰਬਰ ਨੋਟ ਕਰਨ ਲਈ ਕਿਹਾ ਅਤੇ ਉਹਨਾਂ ਨੇ ਇਹਨਾਂ ਨੌਜਵਾਨਾਂ ਦੇ ਵਾਹਨਾਂ ਦੇ ਨੰਬਰ ਵੀ ਐਸ ਐਸ ਪੀ ਨੂੰ ਲਿਖ ਕੇ ਭੇਜੇ ਹਨ| ਉਹਨਾਂ ਕਿਹਾ ਕਿ ਇਹ ਮਾਰਕੀਟ ਵਿਹਲੇ ਘੁੰਮਦੇ ਨੌਜਵਾਨਾਂ ਦਾ ਅੱਡਾ ਬਣੀ ਜਾ ਰਹੀ ਹੈ| ਇਹ ਨੌਜਵਾਨ ਮਾਰਕੀਟ ਵਿਚ ਲੱਗਦੀਆਂ ਨਜਾਇਜ ਰੇਹੜੀਆਂ ਫੜੀਆਂ ਵਾਲਿਆਂ ਕੋਲ ਬੈਠੇ ਰਹਿੰਦੇ ਹਨ ਅਤੇ ਰਾਹ ਜਾਂਦੀਆਂ ਲੜਕੀਆਂ ਨੂੰ ਛੇੜਦੇ ਹਨ| ਇਸ ਤੋਂ ਇਲਾਵਾ ਹਰ ਦਿਨ ਸ਼ਾਮ ਸਮੇਂ ਇਸ ਮਾਰਕੀਟ ਵਿੱਚ ਸਮਾਨ ਖਰੀਦਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੁੰਦੀ ਹੈ ਪਰ ਵਿਹਲੇ ਘੁੰਮ ਰਹੇ ਮੁੰਡੇ ਕੁੜੀਆਂ ਦੀ ਗਿਣਤੀ ਵਧੇਰੇ ਹੁੰਦੀ ਹੈ| ਇਹਨਾਂ ਵਿਹਲੜ ਨੌਜਵਾਨਾਂ ਕਾਰਨ ਲੋਕ ਹੁਣ ਆਪਣੇ ਪਰਿਵਾਰ ਸਮੇਤ ਇਸ ਮਾਰਕੀਟ ਵਿੱਚ ਆਉਣ ਤੋਂ ਗੁਰੇਜ ਕਰ ਰਹੇ ਹਨ| ਜਿਸ ਕਾਰਨ ਦੁਕਾਨਦਾਰਾਂ ਦੇ ਕੰਮ ਧੰਦੇ ਉਪਰ ਮਾੜਾ ਅਸਰ ਪੈ ਰਿਹਾ ਹੈ|
ਉਹਨਾਂ ਮੰਗ ਕੀਤੀ ਕਿ ਮਾਰਕੀਟ ਦਾ ਮਾਹੌਲ ਖਰਾਬ ਕਰਨ ਵਾਲੇ ਇਹਨਾਂ ਸ਼ਰਾਰਤੀ ਨੌਜਵਾਨਾਂ ਨੂੰ ਕਾਬੂ ਕੀਤਾ ਜਾਵੇ ਅਤੇ ਇਸ ਮਾਰਕੀਟ ਵਿਚ ਨੌਜਵਾਨਾਂ ਨੂੰ ਵਾਹਨਾਂ ਉਪਰ ਸਟੰਟਬਾਜੀ ਕਰਨ ਤੋਂ ਰੋਕਣ ਲਈ ਪੱਕੇ ਪ੍ਰਬੰਧ ਕੀਤੇ ਜਾਣ|

Leave a Reply

Your email address will not be published. Required fields are marked *