ਫੇਜ਼ 3 ਬੀ 2 ਦੀ ਮਾਰਕੀਟ ਵਿਚ ਬੇਤਰਤੀਬੇ ਖੜਦੇ ਵਾਹਨ ਬਣੇ ਗੰਭੀਰ ਸਮੱਸਿਆ

ਫੇਜ਼ 3 ਬੀ 2 ਦੀ ਮਾਰਕੀਟ ਵਿਚ ਬੇਤਰਤੀਬੇ ਖੜਦੇ ਵਾਹਨ ਬਣੇ ਗੰਭੀਰ ਸਮੱਸਿਆ
ਐਮ ਸੀ ਗੁਰਮੁੱਖ ਸਿੰਘ ਸੋਹਲ ਦੀ ਕਾਰ ਦੇ ਅੱਗੇ ਤੇ ਪਿੱਛੇ ਖੜਾਈਆਂ ਕਾਰਾਂ
ਐਸ ਏ ਐਸ ਨਗਰ, 12 ਅਪ੍ਰੈਲ (ਸ.ਬ.) ਮੁਹਾਲੀ ਸ਼ਹਿਰ ਵਿੱਚ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਲੋਕਾਂ ਵਲੋਂ ਬੇਤਰਕੀਬੇ ਖੜੇ  ਕੀਤੇ ਜਾਂਦੇ ਵਾਹਨ ਹੋਰਨਾਂ ਲੋਕਾਂ ਲਈ ਵੱਡੀ ਸਮਸਿਆ ਬਣ ਰਹੇ ਹਨ ਪਰ ਪ੍ਰਸ਼ਾਸ਼ਨ ਵਲੋਂ ਇਸ ਸਮਸਿਆ ਦੇ ਹੱਲ ਲਈ ਕੁੱਝ ਵੀ ਨਹੀਂ ਕੀਤਾ ਜਾ ਰਿਹਾ|
ਅੱਜ ਫੇਜ਼ 3 ਬੀ 2 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਮਿਉਂਸਪਲ ਕੌਂਸਲਰ ਗੁਰਮੁੱਖ ਸਿੰਘ ਸੋਹਲ  ਦੀ  ਖੜੀ ਕਾਰ ਅੱਗੇ ਅਤੇ ਪਿਛਲੇ ਪਾਸੇ ਕੁਝ ਵਾਹਨ ਚਾਲਕਾਂ ਨੇ ਆਪਣੀਆਂ ਕਾਰਾਂ ਬੇਤਰਤੀਬੇ ਢੰਗ ਨਾਲ ਲਗਾ ਕੇ ਸ ਸੋਹਲ ਦੀ ਕਾਰ ਲਈ ਰਸਤਾ ਹੀ ਬੰਦ ਕਰ ਦਿੱਤਾ, ਜਿਸ ਕਰਕੇ ਸ੍ਰ. ਸੋਹਲ ਨੂੰ ਆਪਣੀ ਕਾਰ ਉਥੋਂ ਕੱਢਣ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਸ੍ਰ. ਸੋਹਲ ਨੇ ਮੌਕੇ ਉਪਰ ਹੀ ਪੁਲੀਸ ਬੁਲਾ ਕੇ ਬੇਤਰਕੀਬੇ ਢੰਗ ਨਾਲ ਖੜੀਆਂ ਕਾਰਾਂ ਪਾਸੇ ਕਰਵਾਈਆਂ ਅਤੇ ਆਪਣੀ ਕਾਰ ਲਈ ਰਾਹ ਪੱਧਰਾ ਕੀਤਾ| ਇਸ ਮੌਕੇ ਸ੍ਰ. ਸੋਹਲ ਨੇ ਕਿਹਾ ਕਿ ਮੁਹਾਲੀ ਸ਼ਹਿਰ ਪੜੇ ਲਿਖੇ ਲੋਕਾਂ ਦਾ ਸ਼ਹਿਰ ਹੈ ਪਰ ਪਤਾ ਨਹੀਂ ਕਿਉਂ ਲੋਕ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਸਹੀ ਤਰੀਕੇ ਨਾਲ ਆਪਣੇ ਵਾਹਨ ਨਹੀਂ ਖੜਾਉਂਦੇ| ਉਹਨਾਂ ਕਿਹਾ ਕਿ ਕਈ ਵਾਰ ਕੋਈ ਕਿਸੇ ਐਂਮਰਜੈਂਸੀ ਲਈ ਜਾ ਰਿਹਾ ਹੁੰਦਾ ਹੈ ਅਤੇ ਕੋਈ ਆਪਣੇ ਵਾਹਨ ਵਿੱਚ ਕਿਸੇ ਮਰੀਜ ਨੂੰ ਲੈ ਕੇ ਜਾ ਰਿਹਾ ਹੁੰਦਾ ਹੈ ਪਰ ਪਾਰਕਿੰਗ ਵਿੱਚ ਖੜੀਆਂ ਟੇਢੀਆ ਮੇਢੀਆਂ ਕਾਰਾਂ ਦੇ ਵਿਚਾਲੇ ਹੀ ਉਹ ਫਸ ਕੇ ਰਹਿ ਜਾਂਦਾ ਹੈ|
ਇਸ ਮੌਕੇ ਫੇਜ਼-3 ਬੀ 2 ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸ ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਹਰ ਦਿਨ ਹੀ ਇਸ ਮਾਰਕੀਟ ਵਿੱਚ ਵਾਹਨ ਚਾਲਕਾਂ ਵਲੋਂ ਆਪਣੇ ਵਾਹਨ ਟੇਢੇ ਮੇਢੇ ਢੰਗ ਨਾਲ ਖੜ ਕਰ ਦਿਤੇ ਜਾਂਦੇ ਹਨ, ਜਿਸ ਕਰਕੇ ਹੋਰਨਾਂ ਵਾਹਨਾਂ ਦੇ ਲੰਘਣ ਲਈ ਕੋਈ ਰਸਤਾ ਹੀ ਨਹੀਂ ਬੱਚਦਾ| ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਨਗਰ ਨਿਗਮ ਵਲੋਂ ਇਸ ਮਾਰਕੀਟ ਦੀ ਪਾਰਕਿੰਗ ਦੀ   ਕਾਰਪੇਟਿੰਗ ਕਰਵਾਈ ਗਈ ਹੈ, ਜਿਸ ਕਰਕੇ ਇਸ ਪਾਰਕਿੰਗ ਵਿੱਚ ਵਾਹਨਾਂ ਦੇ ਖੜਨ ਲਈ ਲਗਾਈਆਂ ਲਾਈਨਾਂ ਹੀ ਮਿੱਟ ਗਈਆਂ ਹਨ ਪਰ ਨਗਰ ਨਿਗਮ ਵਲੋਂ ਸੜਕ ਬਣਾਉਣ ਤੋਂ ਬਾਅਦ ਇਸ ਪਾਰਕਿੰਗ ਵਿੱਚ ਵਾਹਨਾਂ ਦੇ ਖੜਨ ਲਈ ਲਾਈਨਾਂ ਨਹੀਂ ਲਗਾਈਆਂ ਗਈਆਂ, ਜਿਸ ਕਰਕੇ ਵਾਹਨ ਚਾਲਕ ਆਪਣੀ ਮਰਜੀ ਨਾਲ ਹੀ ਜਿਥੇ ਦਿਲ ਕਰਦਾ ਹੈ, ਉਥੇ ਹੀ ਆਪਣੇ ਵਾਹਨ ਖੜੇ ਕਰਕੇ ਆਵਾਜਾਈ ਵਿਚ ਵਿਘਨ ਪਾ ਰਹੇ ਹਨ|
ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਨੇ ਕਈ ਵਾਰ ਇਸ ਵਾਰਡ ਦੀ ਐਮ ਸੀ ਤਰਨਜੀਤ ਕੌਰ ਗਿਲ ਨੂੰ   ਬੇਨਤੀ ਕੀਤੀ ਹੈ ਕਿ ਇਸ ਮਾਰਕੀਟ ਦੀ ਪਾਰਕਿੰਗ ਵਿੱਚ ਵਾਹਨਾਂ ਦੇ ਖੜਨ ਲਈ ਲਾਈਨਾਂ ਲਗਾਈਆਂ ਜਾਣ ਪਰ ਉਹਨਾਂ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ|  ਉਹਨਾਂ ਕਿਹਾ ਕਿ ਇਸ ਮਾਰਕੀਟ ਦੀ ਪਾਰਕਿੰਗ ਵਿੱਚ ਖੜਦੇ ਬੇਤਰਤੀਬੇ ਵਾਹਨਾਂ ਦਾ ਮਸਲਾ ਉਹ ਕਈ ਵਾਰ ਪੁਲੀਸ ਅਧਿਕਾਰੀਆਂ  ਕੋਲ ਵੀ ਪੇਸ਼ ਕਰ ਚੁੱਕੇ ਹਨ ਅਤੇ ਪੁਲੀਸ ਅਧਿਕਾਰੀ ਵੀ ਇਹ ਮੰਨਦੇ ਹਨ ਕਿ ਇਸ ਪਾਰਕਿੰਗ ਵਿੱਚ ਵਾਹਨਾਂ ਲਈ ਲਾਈਨਾਂ ਨਾ ਲੱਗੀਆਂ ਹੋਣ ਕਾਰਨ ਹੀ ਇਹ ਸਮਸਿਆ ਆ ਰਹੀ ਹੈ| ਉਹਨਾਂ ਕਿਹਾ ਕਿ ਜਦੋਂ ਨਗਰ ਨਿਗਮ ਵਲੋਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਸੜਕ ਬਣਾਉਣ ਦਾ ਠੇਕਾ ਦਿੱਤਾ ਜਾਂਦਾ ਹੈ ਤਾਂ ਇਸਦੇ ਨਾਲ ਹੀ ਪਾਰਕਿੰਗ ਵਿੱਚ ਲਾਈਨਾਂ ਲਗਾਉਣ ਦਾ ਠੇਕਾ ਵੀ ਦਿੱਤਾ ਜਾਵੇ ਤਾਂ ਕਿ ਵਾਹਨਾਂ ਨੂੰ ਪਾਰਕ ਕਰਨ ਦੀ ਸਮੱਸਿਆ ਨਾ ਆਵੇ|

Leave a Reply

Your email address will not be published. Required fields are marked *