ਫੇਜ਼ 3 ਬੀ 2 ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਹੋਈ ਦੋਫਾੜ

ਫੇਜ਼ 3 ਬੀ 2 ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਹੋਈ ਦੋਫਾੜ
ਇੱਕ ਧੜੇ ਨੇ ਹਰਨੇਕ ਸਿੰਘ ਕਟਾਣੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਦਿਲਾਵਰ ਸਿੰਘ ਨੂੰ ਨਵਾਂ ਪ੍ਰਧਾਨ ਚੁਣਿਆ
ਐਸ ਏ ਐਸ ਨਗਰ, 5 ਅਪ੍ਰੈਲ (ਸ.ਬ.) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਅੱਜ ਰਸਮੀ ਤੌਰ ਤੇ ਦੋ ਫਾੜ ਹੋ ਗਈ| ਇਸ ਦੇ ਇੱਕ ਧੜੇ ਵਲੋਂ ਅੱਜ ਸ੍ਰ. ਹਰਨੇਕ ਸਿੰਘ ਕਟਾਨੀ ਦੀ ਅਗਵਾਈ ਵਿੱਚ ਮਾਰਕੀਟ ਦੇ ਦੁਕਾਨਦਾਰਾਂ ਦੀ ਇੱਕ ਮੀਟਿੰਗ ਵਿੱਚ ਬੀਤੀ 31 ਮਾਰਚ ਨੂੰ ਹੋਈ ਐਸੋਸੀਏਸ਼ਨ ਦੀ ਮੀਟਿੰਗ ਅਤੇ ਉਸ ਵਿੱਚ ਕੀਤੀ ਗਈ ਚੋਣ ਨੂੰ ਮੂਲੋਂ ਰੱਦ ਕਰਦਿਆਂ ਸਰਵਸੰਮਤੀ ਨਾਲ ਸ੍ਰ. ਦਿਲਾਵਰ ਸਿੰਘ (ਸਬ ਵੇ) ਨੂੰ ਪ੍ਰਧਾਨ ਚੁਣ ਲਿਆ| ਇਸ ਮੌਕੇ ਸ੍ਰ. ਦਿਲਾਵਰ ਸਿੰਘ ਨੇ ਹਾਜਿਰ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਮਾਰਕੀਟ ਵਲੋਂ ਉਹਨਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ|
ਇੱਥੇ ਜਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਮਾਰਕੀਟ ਦੀ ਪ੍ਰਧਾਨਗੀ ਦੇ ਰੌਲੇ ਨੂੰ ਲੈ ਕੇ ਮਾਰਕੀਟ ਵਿੱਚ ਦੋ ਗਰੁੱਪ ਬਣ ਗਏ ਸਨ| ਪਿਛਲੇ ਸਮੇਂ ਦੌਰਾਨ ਮਾਰਕੀਟ ਵਿੱਚ ਲੱਗਦੀਆਂ ਰੇਹੜੀਆਂ ਫੜੀਆਂ ਚੁਕਵਾਉਣ ਅਤੇ ਨਿਗਮ ਵਲੋਂ ਵਰਾਂਡਿਆਂ ਵਿੱਚ ਪਿਆ ਦੁਕਾਨਦਾਰਾਂ ਦਾ ਸਾਮਾਨ ਚੁੱਕੇ ਜਾਣ ਦੀ ਕਾਰਵਾਈ ਨੂੰ ਲੈ ਕੇ ਮਾਰਕੀਟ ਦੇ ਦੋ ਗਰੁੱਪ ਬਣ ਗਏ ਸਨ ਅਤੇ ਇਸ ਦੌਰਾਨ ਮਾਰਕੀਟ ਦੇ ਚੇਅਰਮੈਨ ਸ੍ਰੀ ਹਰਨੇਕ ਸਿੰਘ ਕਟਾਨੀ ਵਲੋਂ ਮਾਰਕੀਟ ਦੇ ਪ੍ਰਧਾਨ ਦੀ ਚੋਣ ਲਈ ਆਪਣੇ ਪੱਧਰ ਤੇ ਮੀਟਿੰਗ ਬੁਲਾਏ ਜਾਣ ਤੋਂ ਖਫਾ ਪ੍ਰਧਾਨ ਸ੍ਰ. ਜੇ. ਪੀ. ਸਿੰਘ ਵਲੋਂ ਜਨਤਕ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਮਾਰਕੀਟ ਵਿੱਚ ਚੇਅਰਮੈਨ ਦਾ ਕੋਈ ਅਹੁਦਾ ਹੀ ਨਹੀਂ ਹੈ ਅਤੇ ਸ੍ਰ. ਹਰਨੇਕ ਸਿੰਘ ਨੂੰ ਮਾਰਕੀਟ ਦੀ ਮੀਟਿੰਗ ਬੁਲਾਉੁਣ ਦਾ ਅਧਿਕਾਰ ਨਹੀਂ ਹੈ|
ਇਸਤੋਂ ਬਾਅਦ ਬੀਤੀ 31 ਮਾਰਚ ਨੂੰ ਸ੍ਰ. ਜੇ ਪੀ ਸਿੰਘ ਵਲੋਂ ਸੱਦੀ ਗਈ ਮਾਰਕੀਟ ਦੀ ਹੰਗਾਮੀ ਮੀਟਿੰਗ ਵਿੱਚ ਸ੍ਰ. ਜੇ ਪੀ ਸਿੰਘ ਨੂੰ ਮੁੜ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ ਸੀ| 31 ਮਾਰਚ ਦੀ ਮੀਟਿੰਗ ਦਾ ਮਾਰਕੀਟ ਦੇ ਦੁਕਾਨਦਾਰਾਂ ਦੇ ਦੂਜੇ ਧੜੇ ਨੇ ਬਾਈਕਾਟ ਕੀਤਾ ਸੀ ਅਤੇ ਉਹਨਾਂ ਵੱਲੋ ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਦੀ ਚੋਣ ਕਰ ਲਈ|
ਅੱਜ ਹੋਈ ਮੀਟਿੰਗ ਦੌਰਾਨ ਦੁਕਾਨਦਾਰਾਂ ਨੇ ਮਾਰਕੀਟ ਦੇ ਪ੍ਰਧਾਨ ਸ੍ਰ. ਜੇ ਪੀ ਸਿੰਘ ਦੇ ਖਿਲਾਫ ਖੁੱਲ ਕੇ ਭੜਾਸ ਕੱਢੀ ਅਤੇ ਮੰਗ ਕੀਤੀ ਕਿ ਐਸੋਸੀਏਸ਼ਨ ਦੀ ਨਵੇਂ ਸਿਰੇ ਤੋਂ ਚੋਣ ਕਰਵਾਈ ਜਾਵੇ| ਇਸ ਮੌਕੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸ੍ਰ. ਹਰਨੇਕ ਸਿੰਘ ਕਟਾਨੀ ਨੂੰ ਇਸ ਸੰਬੰਧੀ ਕਾਰਵਾਈ ਮੁਕੰਮਲ ਕਰਨ ਦੀ ਅਪੀਲ ਕੀਤੀ ਜਿਸਤੇ ਸ੍ਰ. ਕਟਾਣੀ ਨੇ ਕਿਹਾ ਕਿ ਚੋਣ ਹੀ ਹੋਵੇਗੀ ਅਤੇ ਜਿਹੜਾ ਮੈਂਬਰ ਪ੍ਰਧਾਨ ਬਣਨ ਦਾ ਚਾਹਵਾਨ ਹੈ ਉਹ ਖੜ੍ਹਾ ਹੋ ਜਾਵੇ| ਪ੍ਰਧਾਨਗੀ ਲਈ ਕਿਸੇ ਦੇ ਅੱਗੇ ਨਾ ਆਉਣ ਤੇ ਸ੍ਰ. ਕਟਾਣੀ ਨੇ ਸਬ ਵੇ ਦੇ ਮਾਲਕ ਸ੍ਰ. ਦਿਲਾਵਰ ਸਿੰਘ ਦਾ ਨਾਮ ਪ੍ਰਧਾਨਗੀ ਲਈ ਤਜਵੀਜ ਕੀਤਾ ਜਿਸਨੂੰ ਮੈਂਬਰਾਂ ਵਲੋਂ ਸਰਵਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ| ਬਾਅਦ ਵਿੱਚ ਮਾਰਕੀਟ ਦੇ ਹੋਰਨਾਂ ਅਹੁਦੇਦਾਰਾਂ ਦੀ ਕੀਤੀ ਗਈ ਚੋਣ ਵਿੱਚ ਸ੍ਰ. ਹਰਨੇਕ ਸਿੰਘ ਕਟਾਣੀ ਸਵੀਟਸ ਨੂੰ ਚੇਅਰਮੈਨ, ਅਕਵਿੰਦਰ ਸਿੰਘ ਗੋਸਲ ਨੂੰ ਮੀਤ ਪ੍ਰਧਾਨ, ਸਰਬਜੀਤ ਸਿੰਘ ਲਾਲ ਜੀ ਅਤੇ ਰਾਜੀਵ ਭਾਟੀਆ ਨੂੰ ਸਕੱਤਰ, ਰਜਿੰਦਰ ਕੁਮਾਰ ਨੂੰ ਖਜਾਂਚੀ, ਰੁਪਿੰਦਰ ਸਿੰਘ, ਅੰਕਿਤ ਸ਼ਰਮਾ, ਅਰਵਿੰਦਰ ਜੀਤ ਸਿੰਘ, ਪਰਮਜੀਤ ਸਿੰਘ, ਅਰਸਦੀਪ ਸਿੰਘ ਢੀਂਡਸਾ, ਰਾਜੇਸ, ਮੌਂਟੀ, ਸਿਮਰਨਜੀਤ ਸਿੰਘ ਧਨੋਆ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ| ਇਸ ਮੌਕੇ ਦੂਜੇ ਧੜੇ ਵਲੋਂ ਅੱਜ ਦੀ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਅਤੇ ਅੱਜ ਹੋਈ ਚੋਣ ਨਾਲ ਮਾਰਕੀਟ ਵਿੱਚ ਦੋ ਵੱਖ ਵੱਖ ਐਸੋਸੀਏਸ਼ਨਾਂ ਹੋਂਦ ਵਿੱਚ ਆ ਗਈਆਂ ਹਨ|
ਇਸੇ ਦੌਰਾਨ ਦੂਜੇ ਧੜੇ ਦੇ ਪ੍ਰਧਾਨ ਸ੍ਰ. ਜੇ ਪੀ ਸਿੰਘ ਨੇ ਦੋਸ਼ ਲਗਾਇਆ ਕਿ ਅੱਜ ਦੀ ਮੀਟਿੰਗ ਵਿੱਚ ਮਾਰਕੀਟ ਦੇ ਅਸਲ ਦੁਕਾਨਦਾਰ ਸ਼ਾਮਿਲ ਹੀ ਨਹੀਂ ਹੋਏ ਜਦੋਂਕਿ ਬਾਹਰੋਂ ਬੰਦੇ ਲਿਆ ਕੇ ਭੀੜ ਇਕੱਠੀ ਕੀਤੀ ਗਈ ਸੀ ਅਤੇ ਇਸ ਤਰੀਕੇ ਨਾਲ ਕੀਤੀ ਗਈ ਚੋਣ ਦਾ ਕੋਈ ਅਰਥ ਨਹੀਂ ਹੈ| ਉਹਨਾਂ ਕਿਹਾ ਕਿ ਇਹ ਵਿਅਕਤੀ ਰੇਹੜੀਆਂ ਫੜੀਆਂ ਲਗਵਾਉਣ ਦੇ ਹੱਕ ਵਿੱਚ ਹਨ ਅਤੇ ਮਾਰਕੀਟ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ|

Leave a Reply

Your email address will not be published. Required fields are marked *