ਫੇਜ਼ 3 ਬੀ 2 ਮਾਰਕੀਟ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਉਪਰ ਹੱਲ ਕੀਤੀਆਂ ਜਾਣਗੀਆਂ : ਸਿੱਧੂ

ਫੇਜ਼ 3 ਬੀ 2 ਮਾਰਕੀਟ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਉਪਰ ਹੱਲ ਕੀਤੀਆਂ ਜਾਣਗੀਆਂ : ਸਿੱਧੂ

ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੇ ਵਫਦ ਨੇ ਕੈਬਿਨਟ ਮੰਤਰੇ ਸਿੱਧੂ ਨੂੰ ਸਮੱਸਿਆਵਾਂ ਦੱਸੀਆਂ

ਐਸ ਏ ਐਸ ਨਗਰ, 10 ਜੁਲਾਈ (ਸ.ਬ.) ਫੇਜ਼ 3 ਬੀ 2 ਦੀ ਮਾਰਕੀਟ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉੱਪਰ ਹੱਲ ਕੀਤਾ ਜਾਵੇਗਾ ਅਤੇ ਇਸ ਮਾਰਕੀਟ ਦੇ ਦੁਕਾਨਦਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਨਹੀਂ ਆਉਣ ਦਿੱਤੀ ਜਾਵੇਗੀ- ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੇ ਵਫਦ ਨਾਲ ਮੁਲਾਕਾਤ ਦੌਰਾਨ ਕੀਤਾ| ਸ੍ਰ. ਸਿੱਧੂ ਕੈਬਿਨਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨਾਲ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਪੌਦੇ ਵੰਡਣ ਸਬੰਧੀ ਰੱਖੇ ਸਮਾਗਮ ਵਿੱਚ ਹਿੱਸਾ ਲੈਣ ਆਏ ਸਨ|
ਇਸ ਮੌਕੇ ਸ੍ਰ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਦੀ ਭਲਾਈ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਵੱਧ ਹੈ| ਉਹਨਾਂ ਕਿਹਾ ਕਿ ਉਹ ਫੇਜ਼ 3 ਬੀ 2 ਦੀ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤੀ ਜਾਣੂੰ ਹਨ ਅਤੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਉਹ ਪੂਰਾ ਯਤਨ ਕਰਨਗੇ| ਇਸ ਮੌਕੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਕਿ ਇਸ ਮਾਰਕੀਟ ਵਿੱਚ ਗ੍ਰੀਨ ਬੈਲਟ ਵਾਲੀ ਥਾਂ ਦਾ ਸੁੰਦਰੀਕਰਨ ਕਰਕੇ ਇਸ ਨੂੰ ਗ੍ਰੀਨ ਬੈਲਟ ਦੇ ਤੌਰ ਤੇ ਵਿਕਸਤ ਕੀਤਾ ਜਾਵੇ| ਉਹਨਾਂ ਕਿਹਾ ਕਿ ਇਸ ਮਾਰਕੀਟ ਦੀ ਪਾਰਕਿੰਗ ਵਿੱਚ ਲਾਈਨਿੰਗ ਨਾ ਹੋਣ ਕਾਰਨ ਵਾਹਨਾਂ ਦਾ ਘੜਮੱਸ ਪਿਆ ਰਹਿੰਦਾ ਹੈ, ਵਾਹਨ ਖੜੇ ਕਰਨ ਲਈ ਕੋਈ ਲਾਈਨਿੰਗ ਨਾ ਹੋਣ ਕਾਰਨ ਲੋਕ ਆਪਣੀ ਮਰਜੀ ਨਾਲ ਹੀ ਵਾਹਨ ਖੜੇ ਕਰ ਦਿੰਦੇ ਹਨ| ਕਈ ਵਾਰ ਤਾਂ ਲੋਕ ਅੱਗੇ ਪਿਛੇ ਹੀ ਆਪਣੇ ਵਾਹਨ ਖੜੇ ਕਰ ਦਿੰਦੇ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਵੱਡੀ ਪ੍ਰੇਸ਼ਾਨੀ ਹੋ ਰਹੀ ਹੈ| ਉਹਨਾਂ ਕਿਹਾ ਕਿ ਨਗਰ ਨਿਗਮ ਮੁਹਾਲੀ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਫਿਰ ਵੀ ਨਗਰ ਨਿਗਮ ਮੁਹਾਲੀ ਵਲੋਂ ਕੋਈ ਕਾਰਵਾਈ ਨਹੀਂ ਹੋਈ| ਇਸੇ ਤਰ੍ਹਾਂ ਇਸ ਮਾਰਕੀਟ ਦੀ ਪਾਰਕਿੰਗ ਦੇ ਫੁੱਟਪਾਥ ਟੁੱਟੇ ਹੋਏ ਹਨ, ਗਰਿਲਾਂ ਵੀ ਟੁੱਟੀਆਂ ਹੋਈਆਂ ਹਨ| ਉਹਨਾਂ ਮੰਗ ਕੀਤੀ ਕਿ ਉਪਰੋਕਤ ਸਮੱਸਿਆਵਾਂ ਦੇ ਹੱਲ ਤੋਂ ਇਲਾਵਾ ਨੌਜਵਾਨਾਂ ਵਲੋਂ ਮਾਰਕੀਟ ਵਿੱਚ ਕੀਤੀ ਜਾਂਦੀ ਹੁਲੜਬਾਜੀ ਨੂੰ ਵੀ ਨੱਥ ਪਾਈ ਜਾਵੇ, ਖਾਲੀ ਪਈਆਂ ਥਾਂਵਾਂ ਨੂੰ ਵਿਕਸਤ ਕਰਕੇ ਸੁੰਦਰੀਕਰਨ ਕੀਤਾ ਜਾਵੇ|
ਇਸ ਮੌਕੇ ਮਾਰਕੀਟ ਦੇ ਵਫਦ ਵਲੋਂ ਕੈਬਿਨਟ ਮੰਤਰੀ ਸ੍ਰ. ਧਰਮਸੋਤ ਅਤੇ ਸ੍ਰ. ਸਿੱਧੂ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਮੁੱਖ ਸਲਾਹਕਾਰ ਆਤਮਾ ਰਾਮ ਅਗਰਵਾਲ, ਮੀਤ ਪ੍ਰਧਾਨ ਅਸ਼ੋਕ ਬਾਂਸਲ, ਸਲਾਹਕਾਰ ਸੁਰਿੰਦਰ ਸਿੰਘ, ਖਜਾਨਚੀ ਜਤਿੰਦਰ ਸਿੰਘ ਢੀਂਡਰਾ, ਜਨਰਲ ਸਕੱਤਰ ਵਰੁਣ ਕੁਮਾਰ, ਸਕੱਤਰ ਗੁਰਪ੍ਰੀਤ ਸਿੰਘ, ਜੁਆਂਇੰਟ ਸਕੱਤਰ ਦਵਿੰਦਰ ਸਿੰਘ ਸੰਨੀ, ਹਿਤੇਸ਼ ਬਾਂਸਲ ਅਤੇ ਹੋਰ ਦੁਕਾਨਦਾਰ ਮੌਜੂਦ ਸਨ|

Leave a Reply

Your email address will not be published. Required fields are marked *