ਫੇਜ਼ 3 ਬੀ 2 ਮਾਰਕੀਟ ਦੇ ਦੁਕਾਨਦਾਰਾਂ ਦੇ ਮਸਲੇ ਹੱਲ ਕੀਤੇ ਜਾਣ : ਜੇ ਪੀ ਸਿੰਘ

ਐਸ ਏ ਐਸ ਨਗਰ, 29 ਜਨਵਰੀ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੀ ਮੀਟਿੰਗ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਦੀ ਪ੍ਰਧਾਨਗੀ ਹੇਠ ਹੋਈ, ਇਸ ਮੀਟਿੰਗ ਵਿੱਚ ਮਾਰਕੀਟ ਵਿੱਚ ਆ ਰਹੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਦੇ ਦੁਕਾਨਦਾਰਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਪ੍ਰਸ਼ਾਸਨ ਵਲੋਂ ਇਹਨਾਂ ਸਮੱਸਿਆਵਾਂ ਦੇ ਹਲ ਲਈ ਯੋਗ ਉਪਰਾਲੇ ਨਹੀਂ ਕੀਤੇ ਜਾ ਰਹੇ| ਉਹਨਾਂ ਕਿਹਾ ਕਿ ਨਗਰ ਨਿਗਮ ਮੁਹਾਲੀ ਨੂੰ ਵੀ ਦੁਕਾਨਦਾਰ ਪ੍ਰਾਪਰਟੀ ਟੈਕਸ ਦੇ ਰੂਪ ਵਿੱਚ ਹਰ ਸਾਲ ਲੱਖਾਂ ਰੁਪਏ ਦਿੰਦੇ ਹਨ ਪਰ ਇਸਦੇ ਬਾਵਜੂਦ ਨਗਰ ਨਿਗਮ ਮੁਹਾਲੀ ਅਤੇ ਸਕਾਨਕ ਪ੍ਰਸ਼ਾਸਨ ਵਲੋਂ ਮਾਰਕੀਟ ਦੇ ਦੁਕਾਨਦਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹਲ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਇਹ ਸਮੱਸਿਆਵਾਂ ਦਿਨੋਂ ਦਿਨ ਗੰਭੀਰ ਰੁੱਖ ਅਖਤਿਆਰ ਕਰ ਰਹੀਆਂ ਹਨ|
ਉਹਨਾਂ ਕਿਹਾ ਕਿ ਇਸ ਮਾਰਕੀਟ ਦੀ ਪਾਰਕਿੰਗ ਵਿੱਚ ਅਜੇ ਤਕ ਵਾਹਨ ਖੜੇ ਕਰਨ ਲਈ ਲਾਈਨਾਂ ਨਹੀਂ ਲਗਾਈਆਂ ਗਈਆਂ, ਜਿਸ ਕਾਰਨ ਵਾਹਨ ਚਾਲਕ ਆਪਣੀ ਮਨਮਰਜੀ ਨਾਲ ਵਾਹਨ ਖੜੇ ਕਰ ਦਿੰਦੇ ਹਨ, ਜਿਸ ਕਰਕੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ| ਉਹਨਾਂ ਕਿਹਾ ਕਿ ਇਸ ਮਾਰਕੀਟ ਵਿੱਚ ਰੇਹੜੀ ਫੜੀ ਵਾਲਿਆਂ ਦੀ ਭਰਮਾਰ ਹੋ ਗਈ ਹੈ, ਜਿਸ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ| ਇਹ ਮਾਰਕੀਟ ਹੁਣ ਨਜਾਇਜ ਕਬਜਿਆਂ ਵਾਲੀ ਮਾਰਕੀਟ ਦਿਖਾਈ ਦੇ ਰਹੀ ਹੈ|
ਉਨ੍ਹਾਂ ਕਿਹਾ ਕਿ ਜੇ ਨਾਜਾਇਜ਼ ਕਬਜ਼ੇ ਵਾਲੇ ਰੇਹੜੀ ਫੜੀਆਂ ਨੂੰ ਚੁਕਾਉਣ ਲਈ ਨਗਰ ਨਿਗਮ ਦੇ ਤਹਿ ਬਾਜ਼ਾਰੀ ਵਿਭਾਗ ਨੂੰ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਵੱਲੋਂ ਦੁਕਾਨਦਾਰਾਂ ਨੂੰ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ| ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਦੁਕਾਨਦਾਰ ਮਹਿੰਗੇ ਰੇਟ ਤੇ ਦੁਕਾਨਾਂ ਕਿਰਾਏ ਤੇ ਲੈ ਕੇ ਦੁਕਾਨਾਂ ਚਲਾਉਂਦੇ ਹਨ ਅਤੇ ਸਰਕਾਰ ਨੂੰ ਕਈ ਕਿਸਮ ਦਾ ਟੈਕਸ ਵੀ ਦਿੰਦੇ ਹਨ ਪਰ ਰੇਹੜੀ ਫੜੀ ਵਾਲਿਆਂ ਕਾਰਨ ਉਹਨਾਂ ਦੀ ਦੁਕਾਨਦਾਰੀ ਠੱਪ ਹੋ ਗਈ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪੈਟਰਨ ਆਤਮਾ ਰਾਮ ਅਗਰਵਾਲ, ਮੀਤ ਪ੍ਰਧਾਨ ਅਸ਼ੋਕ ਬੰਸਲ, ਜਨਰਲ ਸਕੱਤਰ ਵਰੁਨ ਗੁਪਤਾ, ਸਕੱਤਰ ਗੁਰਪ੍ਰੀਤ ਸਿੰਘ, ਕੈਸ਼ੀਅਰ ਜਤਿੰਦਰ ਸਿੰਘ, ਜੁਆਇੰਟ ਸਕੱਤਰ ਨਵਦੀਪ ਬੰਸਲ, ਨਰਿੰਦਰ ਸਿੰਗਲਾ, ਅਮਨਦੀਪ ਸਿੰਘ, ਸੰਜੇ ਸ਼ਰਮਾ, ਸ਼ੰਕਰ ਸ਼ਰਮਾ, ਵਰਿੰਦਰ ਸਿੰਘ ਸਾਜਨ, ਦਿਨੇਸ਼ ਸਿੰਗਲਾ ਅਤੇ ਸੁਖਪਾਲ ਸਿੰਘ ਕੰਡਾ (ਸਾਰੇ ਐਗਜੈਕਟਿਵ ਮੈਂਬਰ) ਵੀ ਹਾਜਿਰ ਸਨ|

Leave a Reply

Your email address will not be published. Required fields are marked *