ਫੇਜ਼ 3 ਬੀ 2 ਮਾਰਕੀਟ ਦੇ ਦੁਕਾਨਦਾਰਾਂ ਦੇ ਮਸਲੇ ਹੱਲ ਕੀਤੇ ਜਾਣ : ਜੇ ਪੀ ਸਿੰਘ

ਐਸ ਏ ਐਸ ਨਗਰ, 28 ਨਵੰਬਰ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ 3 ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫੇਜ 3 ਬੀ 2 ਦੀ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸਮਸਿਆਵਾਂ ਦਾ ਹੱਲ ਕੀਤਾ ਜਾਵੇ|
ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਦੀ ਪਾਰਕਿੰਗ ਵਿੱਚ ਅਜੇ ਤੱਕ ਵਾਹਨਾਂ ਦੀ ਪਾਰਕਿੰਗ ਲਈ ਲਾਈਨਾਂ ਤੱਕ ਨਹੀਂ ਲਗਾਈਆਂ ਗਈਆਂ, ਜਿਸ ਕਾਰਨ ਇਸ ਮਾਰਕੀਟ ਵਿੱਚ ਆਉਣ ਵਾਲੇ ਲੋਕ ਆਪਣੀ ਮਰਜੀ ਨਾਲ ਹੀ ਆਪਣੇ ਵਾਹਨਾਂ ਨੂੰ ਖੜਾ ਕਰ ਦਿੰਦੇ ਹਨ, ਜਿਸ ਕਾਰਨ ਕਈ ਵਾਰ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ ਅਤੇ ਲੋਕਾਂ ਦੀ ਆਪਸ ਵਿਚ ਲੜਾਈ ਵੀ ਹੋ ਜਾਂਦੀ ਹੈ| ਉਹਨਾਂ ਕਿਹਾ ਕਿ ਇਸ ਮਾਰਕੀਟ ਦੀਆਂ ਸੜਕਾਂ ਵਿਚ ਖੱਡੇ ਪਏ ਹੋਏ ਹਨ| ਫੁੱਟਪਾਥ ਟੁੱਟੇ ਪਏ ਹਨ ਅਤੇ ਰੇਲਿੰਗ ਟੁੱਟੀ ਪਈ ਹੈ, ਜਿਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ| ਇਸ ਤੋਂ ਇਲਾਵਾ ਇਸ ਮਾਰਕੀਟ ਵਿੱਚ ਵੱਡੀ ਗਿਣਤੀ ਵਿੱਚ ਨਾਜਾਇਜ ਰੇਹੜੀਆਂ ਤੇ ਫੜੀਆਂ ਲੱਗ ਗਈਆਂ ਹਨ, ਜਿਸ ਕਰਕੇ ਇਹ ਸ਼ੋਅਰੂਮਾਂ ਦੀ ਮਾਰਕੀਟ ਦੀ ਥਾਂ ਰੇਹੜੀ ਮਾਰਕੀਟ ਵਧੇਰੇ ਲੱਗਦੀ ਹੈ| ਇਹਨਾਂ ਰੇਹੜੀਆਂ ਵਾਲਿਆਂ ਕਰਕੇ ਸ਼ੋਅਰੂਮਾਂ ਵਾਲਿਆਂ ਦਾ ਕੰਮ ਫੇਲ ਹੋ ਗਿਆ ਹੈ| ਪਹਿਲਾਂ ਨੋਟਬੰਦੀ ਅਤੇ ਫਿਰ ਜੀ ਐਸ ਟੀ ਨੇ ਦੁਕਾਨਦਾਰਾਂ ਦਾ ਕੰਮ ਤਬਾਹ ਕਰ ਦਿੱਤਾ ਹੁਣ ਇਹਨਾਂ ਰੇਹੜੀ ਫੜੀ ਵਾਲਿਆਂ ਕਾਰਨ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ|
ਉਹਨਾਂ ਮੰਗ ਕੀਤੀ ਕਿ ਇਸ ਮਾਰਕੀਟ ਵਿਚੋਂ ਰੇਹੜੀ ਫੜੀ ਵਾਲਿਆਂ ਵਲੋਂ ਕੀਤੇ ਗਏ ਨਜਾਇਜ ਕਬਜੇ ਹਟਾਏ ਜਾਣ, ਪਾਰਕਿੰਗ ਵਿਚ ਲਾਈਨਾਂ ਲਗਾਈਆਂ ਜਾਣ, ਰੇਲਿੰਗ ਨਵੀਂ ਲਗਾਈ ਜਾਵੇ, ਗਲਤ ਤਰੀਕੇ ਨਾਲ ਖੜੇ ਵਾਹਨਾਂ ਦੇ ਚਲਾਨ ਕੀਤੇ ਜਾਣ|

Leave a Reply

Your email address will not be published. Required fields are marked *