ਫੇਜ਼ 3 ਬੀ 2 ਵਿਚ ਰੇਹੜੀ ਮਾਫੀਆ ਤੋਂ ਦੁਕਾਨਦਾਰਾਂ ਨੂੰ ਬਚਾਇਆ ਜਾਵੇ : ਜੇ ਪੀ ਸਿੰਘ

ਐਸ ਏ ਐਸ ਨਗਰ, 13 ਮਾਰਚ (ਸ.ਬ.) ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 3 ਬੀ 2 ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਐਸ ਐਸ ਪੀ ਮੁਹਾਲੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਸ ਮਾਰਕੀਟ ਵਿੱਚ ਰੇਹੜੀ ਫੜੀਆਂ ਵਾਲਿਆਂ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਬੰਦ ਕਰਵਾਈ ਜਾਵੇ ਅਤੇ ਨਾਜਾਇਜ ਲਗਦੀਆਂ ਰੇਹੜੀਆਂ ਨੂੰ ਪੱਕੇ ਤੌਰ ਤੇ ਹਟਾਇਆ ਜਾਵੇ|
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਇਸ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਕੀਤੇ ਗਏ ਫੈਸਲੇ ਅਨੁਸਾਰ ਇਸ ਮਾਰਕੀਟ ਵਿਚੋਂ ਨਾਜਾਇਜ ਰੇਹੜੀਆਂ ਫੜੀਆਂ ਨੂੰ ਹਟਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਇਥੇ ਲੱਗਦੀਆਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਇਥੋ ਹਟਾਉਣ ਲਈ ਕਿਹਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਸਦੇ ਬਾਵਜੂਦ ਕੁਝ ਰੇਹੜੀ ਫੜੀਆਂ ਵਾਲੇ ਧੱਕੇ ਨਾਲ ਹੀ ਆਪਣੀਆਂ ਰੇਹੜੀਆਂ ਫੜੀਆਂ ਲਾ ਰਹੇ ਹਨ ਅਤੇ ਇਹਨਾਂ ਨੇ ਆਪਣੇ ਨਾਲ ਗੁੰਡੇ ਵੀ ਰੱਖੇ ਹੋਏ ਹਨ ਜੋ ਕਿ ਇਹਨਾਂ ਰੇਹੜੀਆਂ ਫੜੀਆਂ ਲਗਾਉਣ ਦਾ ਵਿਰੋਧ ਕਰ ਰਹੇ ਦੁਕਾਨਦਾਰਾਂ ਨੂੰ ਡਰਾਉਂਦੇ ਧਮਕਾਉਂਦੇ ਹਨ|
ਉਹਨਾਂ ਕਿਹਾ ਕਿ ਬੀਤੀ ਰਾਤ ਵੀ ਇਸ ਮਾਰਕੀਟ ਦੇ ਪਿਛਲੇ ਪਾਸੇ ਇਕ ਰੇਹੜੀ ਵਾਲੇ ਵਲੋਂ ਖਾਣ ਪੀਣ ਦੇ ਸਾਮਾਨ ਦੀ ਰੇਹੜੀ ਜਬਰਦਸਤੀ ਲਗਾ ਲਈ ਗਈ| ਇਸ ਰੇਹੜੀ ਵਾਲੇ ਦੇ ਨਾਲ ਹੀ ਉਸ ਸਮੇਂ ਵੱਖ ਵੱਖ ਵਾਹਨਾਂ ਵਿੱਚ ਆਏ 25-30 ਗੁੰਡਾ ਅਨਸਰ ਵੀ ਸਨ ਜਿਹਨਾਂ ਕੋਲ ਡਾਗਾਂ ਅਤੇ ਲੋਹੇ ਦੀਆਂ ਰਾਡਾਂ ਸਨ| ਇਹਨਾਂ ਵਿਅਕਤੀਆਂ ਨੇ ਧੱਕੇ ਨਾਲ ਰੇਹੜੀ ਲਗਾ ਕੇ ਲਲਕਾਰੇ ਮਾਰ ਕੇ ਦੁਕਾਨਦਾਰਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ| ਜਦੋਂ ਮਾਰਕੀਟ ਦੇ ਦੁਕਾਨਦਾਰਾਂ ਨੇ ਇਥੇ ਰੇਹੜੀ ਲਗਾਉਣ ਤੋਂ ਰੋਕਿਆ ਤਾਂ ਇਹ ਰੇਹੜੀ ਵਾਲਾ ਅਤੇ ਇਸਦੇ ਸਾਥੀ ਦੁਕਾਨਦਾਰਾਂ ਨਾਲ ਝਗੜਾ ਕਰਨ ਲੱਗੇ ਅਤੇ ਧਮਕੀਆਂ ਦੇਣ ਲੱਗੇ ਕਿ ਹੁਣ ਤਾਂ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਹੈ ਅਤੇ ਉਹਨਾਂ ਨੂੰ ਕੋਈ ਵੀ ਰੇਹੜੀ ਲਗਾਉਣ ਤੋਂ ਰੋਕ ਨਹੀਂ ਸਕਦਾ, ਉਹਨਾਂ ਨੇ ਸਰਕਾਰੀ ਥਾਂ ਉਪਰ ਰੇਹੜੀ ਲਗਾਈ ਹੋਈ ਹੈ|
ਉਹਨਾਂ ਕਿਹਾ ਕਿ ਹਾਲਾਤ ਬੇਕਾਬੂ ਹੁੰਦੇ ਵੇਖ ਕੇ ਉਹਨਾਂ ਨੇ ਮੌਕੇ ਉਪਰ ਹੀ ਡੀ ਐਸ ਪੀ ਆਲਮਜੀਤ ਨੂੰ ਇਸਦੀ ਇਤਲਾਹ ਦਿਤੀ ਅਤੇ ਪੁਲੀਸ ਨੇ ਮੌਕੇ ਉਪਰ ਆ ਕੇ ਸਥਿਤੀ ਨੂੰ ਕਾਬੂ ਕੀਤਾ| ਦੁਕਾਨਦਾਰਾਂ ਦੇ ਵਿਰੋਧ ਕਾਰਨ ਇਹ ਰੇਹੜੀ ਵਾਲਾ ਇਥੋ ਤਾਂ ਸਮਾਨ ਚੁਕ ਕੇ ਲੈ ਗਿਆ ਪਰ ਮਾਰਕੀਟ ਦੇ ਦੂਜੇ ਕਿਨਾਰੇ ਉਪਰ ਜਾ ਕੇ ਮੁੜ ਰੇਹੜੀ ਫੜੀ ਲਾ ਲਈ|
ਇਸ ਮੌਕੇ ਆਏ ਪੁਲੀਸ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਨਾਜਾਇਜ ਲੱਗਦੀਆਂ ਰੇਹੜੀਆਂ ਫੜੀਆਂ ਹਟਾਉਣਾ ਪੁਲੀਸ ਦਾ ਕੰਮ ਨਹੀਂ ਸਗੋਂ ਨਗਰ ਨਿਗਮ ਦਾ ਕੰਮ ਹੈ|
ਉਹਨਾਂ ਕਿਹਾ ਕਿ ਇਹ ਠੀਕ ਹੈ ਕਿ ਨਜਾਇਜ ਰੇਹੜੀਆਂ ਫੜੀਆਂ ਨੂੰ ਹਟਾਉਣ ਦੀ ਜਿੰਮੇਵਾਰੀ ਨਗਰ ਨਿਗਮ ਦੀ ਹੈ ਪਰ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਅਤੇ ਇਹਨਾਂ ਦੇ ਪਾਲੇ ਹੋਏ ਗੁੰਡਿਆਂ ਕਾਰਨ ਅਮਨ ਕਾਨੂੰਨ ਦੀ ਪੈਦਾ ਹੁੰਦੀ ਗੰਭੀਰ ਸਥਿਤੀ ਨੂੰ ਕੰਟਰੋਲ ਕਰਨਾ ਤੇ ਲੋਕਾਂ ਦੀ ਸੁਰਖਿਆ ਕਰਨੀ ਤਾਂ ਪੁਲੀਸ ਦਾ ਹੀ ਕੰਮ ਹੈ|
ਉਹਨਾਂ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਦੇਖ ਲੈਣ ਅਤੇ ਹੋਰ ਕਈ ਤਰਾਂ ਦੀਆਂ ਧਮਕੀਆਂ ਦਿੰਦੇ ਰਹਿੰਦੇ ਹਨ| ਜਿਸ ਕਾਰਨ ਦੁਕਾਨਦਾਰਾਂ ਵਿਚ ਡਰ ਦਾ ਮਾਹੌਲ ਹੈ|
ਉਹਨਾਂ ਨਗਰ ਨਿਗਮ ਦੇ ਕਮਿਸ਼ਨਰ ਅਤੇ ਐਸ ਅ ੈਸ ਪੀ ਮੁਹਾਲੀ ਤੋਂ ਮੰਗ ਕੀਤੀ ਕਿ ਇਸ ਮਾਰਕੀਟ ਵਿਚ ਲੱਗਦੀਆਂ ਨਜਾਇਜ ਰੇਹੜੀਆਂ ਫੜੀਆਂ ਨੂੰ ਪੱਕੇ ਤੌਰ ਉਪਰ ਬੰਦ ਕਰਵਾਇਆ ਜਾਵੇ ਅਤੇ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਵਲੋਂ ਕੀਤੀ ਜਾਂਦੀ ਗੁੰਡਾਗਰਦੀ ਬੰਦ ਕਰਵਾਈ ਜਾਵੇ|
ਇਸ ਮੌਕੇ ਐਸੋਸੀਏਸਨ ਦੇ ਮੈਂਬਰ ਵਰਿੰਦਰ ਸਿੰਘ, ਜਗਦੀਸ਼ ਕੁਮਾਰ, ਵਰੁਣ ਗੁਪਤਾ, ਅਸ਼ੌਕ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ ਅਤੇ ਹੋਰ ਦੁਕਾਨਦਾਰ ਮੌਜੂਦ ਸਨ|

Leave a Reply

Your email address will not be published. Required fields are marked *