ਫੇਜ਼-4 ਦੇ ਵਸਨੀਕਾਂ ਨੂੰ ਬਿਜਲੀ ਅਤੇ ਪਾਣੀ ਦੀ ਸਪਲਾਈ ਸਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਮੰਗ

ਐਸ ਏ ਐਸ ਨਗਰ, 6 ਸਤੰਬਰ (ਸ.ਬ.) ਫੇਜ਼-4 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਸ੍ਰ: ਬਲਦੇਵ ਸਿੰਘ, ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਹੋਈ| ਮੀਟਿੰਗ ਵਿੱਚ ਫੇਜ਼-4 ਦੇ ਵਿਕਾਸ ਅਤੇ ਸਾਫ ਸਫਾਈ ਸਬੰਧੀ ਆਉਂਦੀਆਂ ਮੁਸ਼ਕਿਲਾਂ ਸਬੰਧੀ ਮੁੱਖ ਤੌਰ ਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਸਬੰਧੀ ਆਉਂਦੀਆਂ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ|
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਦਿਨ ਵਿੱਚ ਕਈ ਵਾਰ ਬਿਜਲੀ ਚਲੀ ਜਾਂਦੀ ਹੈ ਅਤੇ ਵਿਭਾਗ ਦੇ ਵਿਸ਼ੇਸ਼ ਨੰਬਰ 1912 ਟੈਲੀਫੋਨ ਕਰਨ ਤੇ ਮਿਲਦਾ ਨਹੀਂ ਜਾਂ ਅਟੈਂਡ ਹੀ ਨਹੀਂ ਕੀਤਾ ਜਾਂਦਾ| ਬਿਜਲੀ ਸ਼ਿਕਾਇਤ ਦਫਤਰ ਦਾ ਨੰਬਰ ਜਾਂ ਬੰਦ ਆਉਂਦਾ ਹੈ ਜਾਂ ਅਟੈਂਡ ਹੀ ਨਹੀਂ ਕੀਤਾ ਜਾਂਦਾ| ਪਿਛਲੇ ਮਹੀਨਿਆਂ ਵਿੱਚ ਬਿਜਲੀ ਦੀਆਂ ਮੁੱਖ ਤਾਰਾਂ ਬਦਲੀਆਂ ਗਈਆਂ ਹਨ ਅਤੇ ਘਰਾਂ ਦੇ ਬਿਜਲੀ ਮੀਟਰ ਬਾਹਰ ਖੰਭਿਆਂ ਤੇ ਸ਼ਿਫਟ ਕੀਤੇ ਗਏ ਹਨ| ਇਹ ਸਾਰੇ ਕੰਮ ਠੇਕੇਦਾਰ ਦੇ ਬੰਦਿਆਂ ਵਲੋਂ ਕੀਤੇ ਗਏ ਹਨ, ਪਰ ਬਿਜਲੀ ਵਿਭਾਗ ਦੇ ਤਕਨੀਕੀ ਅਮਲੇ ਵਲੋਂ ਕੋਈ ਨਿਗਰਾਨੀ/ ਚੈਕਿੰਗ ਨਹੀਂ ਕੀਤੀ ਗਈ| ਘਰਾਂ ਦੇ ਬਿਜਲੀ ਮੀਟਰ ਜੋ ਬਾਹਰ ਖੰਭਿਆਂ ਤੇ ਸ਼ਿਫਟ ਕੀਤੇ ਗਏ ਹਨ, ਉਨ੍ਹਾਂ ਵਿੱਚ ਪੁਰਾਣੀਆਂ ਤਾਰਾਂ ਵੀ ਨਾਲ ਲੱਟਕ ਰਹੀਆਂ ਹਨ| ਬਰਸਾਤਾਂ ਵਿੱਚ ਇਹਨਾਂ ਤਾਰਾਂ ਕਰਕੇ ਕਰੰਟ ਦਾ ਖਤਰਾ ਬਣਿਆ ਰਿਹਾ ਅਤੇਇਹ ਬਿਜਲੀ ਜਾਣ ਦਾ ਵੀ ਮੁੱਖ ਕਾਰਨ ਹਨ|
ਉਹਨਾਂ ਕਿਹਾ ਕਿ ਬਿਜਲੀ ਦੇ ਬਿਲ ਮਹੀਨਾ ਵਾਰ ਆਉਣੇ ਚਾਹੀਦੇ ਹਨ ਕਿਉਂਕਿ 10 ਕਿਲੋਵਾਟ ਤੋਂ ਘੱਟ ਲੋਡ ਵਾਲੇ ਮੀਟਰਾਂ ਦੇ ਬਿਲ ਦੋ ਮਹੀਨੇ ਬਾਅਦ ਆਉਣ ਕਾਰਨ ਯੂਨਿਟਾਂ ਦੀ ਗਿਣਤੀ ਵੱਧਣ ਨਾਲ ਬਿਜਲੀ ਦੀਆਂ ਦਰਾਂ ਵੱਧ ਲਗਦੀਆਂ ਹਨ| ਉਹਨਾਂ ਕਿਹਾ ਕਿ ਨਗਰ ਨਿਗਮ ਦੀ 16.9.2015 ਦੀ ਮੀਟਿੰਗ ਵਿੱਚ ਮੁਹਾਲੀ ਦੇ ਫੇਜ਼-2 ਅਤੇ ਫੇਜ਼-4 ਲਈ ਰੁ:2,66,67,000 ਦੀ ਲਾਗਤ ਨਾਲ ਯੂ:ਜੀ:ਐਸ:ਆਰ: ਬੂਸਟਰ ਪ੍ਰਵਾਨ ਕੀਤੇ ਗਏ ਸਨ, ਪਰ ਫੇਜ਼-2 ਅਤੇ ਫੇਜ਼-4 ਲਈ ਪਾਣੀ ਦੇ ਇਹ ਬੂਸਟਰ ਅੱਜ ਤੱਕ ਨਹੀਂ ਲਗਾਏ ਗਏ| ਉਹਨਾਂ ਮੰਗ ਕੀਤੀ ਕਿ ਫੇਜ਼-4 ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਸਹੀ ਤਰੀਕੇ ਨਾਲ ਕੀਤੀ ਜਾਵੇ|
ਇਸ ਮੌਕੇ ਸ੍ਰ: ਗੁਰਮੁੱਖ ਸਿੰਘ ਸੋਹਲ, ਕੌਂਸਲਰ (ਸਰਪ੍ਰਸ਼ਤ), ਸ੍ਰੀ ਗੋਪਾਲ ਸ਼ਰਮਾ, ਸਰਪ੍ਰਸਤ, ਸ੍ਰ: ਸੁਰਿੰਦਰਸਿੰਘ ਸੋਢੀ, ਚੈਅਰਮੈਨ, ਸ੍ਰ: ਹਰਿੰਦਰਪਾਲ ਸਿੰਘ, ਜਨਰਲ ਸਕੱਤਰ, ਸ੍ਰ: ਅਮਰਜੀਤ ਸਿੰਘ ਕੋਹਲੀ, ਆਡੀਟਰ, ਸ੍ਰ: ਤਰਲੋਕਸਿੰਘ, ਵਿੱਤ ਸਕੱਤਰ, ਸ੍ਰ: ਸਰਬਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *