ਫੇਜ਼ -4 ਵਾਲੇ ਪਾਸੇ ਲੈਵਲਿੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਫੇਜ਼-5 ਤੋਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰੇ ਨਗਰ ਨਿਗਮ : ਅਸ਼ੋਕ ਝਾਅ ਵਸਨੀਕਾਂ ਦਾ ਵਫਦ ਕਮਿਸ਼ਨਰ ਨੂੰ ਮਿਲਿਆ

ਐਸ ਏ ਐਸ ਨਗਰ, 26 ਜੂਨ (ਸ.ਬ.) ਸਥਾਨਕ ਫੇਜ਼ 5 ਦੇ ਵਸਨੀਕਾਂ ਨੇ ਕੌਂਸਲਰ ਅਸ਼ੋਕ ਝਾਅ ਦੀ ਅਗਵਾਈ ਵਿੱਚ ਅੱਜ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਫੇਜ਼ 5 ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਰਨ ਤੋਂ ਬਾਅਦ ਹੀ ਫੇਜ਼ 4 ਵਲੋਂ ਆਉਣ ਵਾਲੇ ਪਾਣੀ ਵਾਸਤੇ ਲੈਵਲਿੰਗ ਦਾ ਕੰਮ ਸ਼ੁਰੂ ਕੀਤਾ ਜਾਵੇ|
ਇਸ ਮੌਕੇ ਕੌਂਸਲਰ ਅਸ਼ੋਕ ਝਾ ਨੇ ਨਗਰ ਨਿਗਮ ਦੇ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਨਗਰ ਨਿਗਮ ਵਲੋਂ ਬੀਤੇ ਦਿਨ ਫੇਜ਼ 4 ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੈਵਲਿੰਗ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਫੇਜ਼ 5 ਦੇ ਵਸਨੀਕਾਂ ਵਲੋਂ ਰੁਕਵਾ ਦਿੱਤਾ ਗਿਆ| ਉਹਨਾਂ ਕਿਹਾ ਕਿ ਨਗਰ ਨਿਗਮ ਨੂੰ ਚਾਹੀਦਾ ਸੀ ਉਹ ਪਹਿਲਾਂ ਫੇਜ਼ 5 ਦੇ ਗੁਰਦੁਆਰਾ ਸਾਹਿਬ ਤੋਂ 200 ਫੁੱਟ ਅੱਗੇ ਤਕ ਕਾਜਵੇ ਬਣਾਉਂਦਾ| ਇਸੇ ਤਰ੍ਹਾਂ ਪੀ ਟੀ ਐਲ ਚੌਂਕ ਨੇੜੇ ਵੀ ਕਾਜ ਵੇ ਅਤੇ ਪੀ ਟੀ ਐਲ ਚਂੌਕ ਤੋਂ ਫੇਜ਼ 4 ਅਤੇ ਫੇਜ 5 ਨੂੰ ਵੰਡਣ ਵਾਲੀ ਸੜਕ ਤੇ ਸਪੀਡ ਟੇਬਲ ਬਣਾਇਆ ਜਾਣਾ ਹੈ ਜਿਸਦਾ ਕੰਮ ਹੁਣ ਤੱਕ ਸ਼ੁਰੂ ਨਹੀਂ ਹੋਇਆ ਪਰੰਤੂ ਨਗਰ ਨਿਗਮ ਵਲੋਂ ਫੇਜ਼ 4 ਵਿੱਚ ਸੜਕ ਦੀ ਲੈਵਲਿੰਗ ਕਰਕੇ ਬੀਤੇ ਦਿਨੀਂ ਫੇਜ਼ 4 ਦੇ ਬਰਸਾਤੀ ਪਾਣੀ ਦੀ ਨਿਕਾਸੀ ਫੇਜ਼ 5 ਵੱਲ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸਦਾ ਫੇਜ਼ 5 ਦੇ ਵਸਨੀਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ|
ਉਹਨਾਂ ਮੰਗ ਕੀਤੀ ਕਿ ਫੇਜ਼ 4 ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਦੀ ਲੈਵਲਿੰਗ ਕਰਨ ਤੋਂ ਪਹਿਲਾਂ ਫੇਜ਼ 5 ਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਯੋਗ ਉਪਰਾਲੇ ਕੀਤੇ ਜਾਣ ਕਿਉਂਕਿ ਹਰ ਸਾਲ ਹੀ ਬਰਸਾਤੀ ਪਾਣੀ ਕਾਰਨ ਫੇਜ਼ 5 ਦੇ ਵਸਨੀਕਾਂ ਦਾ ਬਹੁਤ ਨੁਕਸਾਨ ਹੁੰਦਾ ਹੈ|
ਸ੍ਰੀ ਅਸ਼ੋਕ ਝਾਅ ਨੇ ਦੱਸਿਆ ਕਿ ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਨੇ ਨਗਰ ਨਿਗਮ ਦੇ ਸੰਬਧਿਤ ਅਧਿਕਾਰੀਆਂ ਨੂੰ ਬੁਲਾਇਆ ਅਤੇ ਫੇਜ਼ 5 ਦੇ ਵਸਨੀਕਾਂ ਦੀ ਸਮੱਸਿਆ ਦੇ ਹੱਲ ਲਈ ਮੀਟਿੰਗ ਕਰਨ ਲਈ ਕਿਹਾ| ਇਸ ਉਪਰੰਤ ਨਗਰ ਨਿਗਮ ਦੇ ਦੋ ਐਕਸੀਅਨ ਨਰਿੰਦਰ ਸਿੰਘ ਦਾਲਮ ਅਤੇ ਅਸ਼ਵਨੀ ਕੁਮਾਰ ਸਮੇਤ ਹੋਰਨਾਂ ਸੰਬੰਧਿਤ ਐਸ. ਡੀ. ਉ. ਵਲੋਂ ਫੇਜ਼ 5 ਦੇ ਵਸਨੀਕਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਫੇਜ਼ 5 ਦੇ ਗੁਰੁਦੁਆਰਾ ਸਾਹਿਬ ਨੇੜੇ ਕਾਜ ਵੇ ਬਣਾਉਣ ਦਾ ਕੰਮ ਭਲਕੇ ਸ਼ੁਰੂ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *