ਫੇਜ਼ 4 ਵਿੱਚ ਆਵਾਰਾ ਕੁੱਤਿਆਂ ਨੇ ਇਕੱਲੀ ਕੁੜੀ ਨੂੰ ਬਣਾਇਆ ਸ਼ਿਕਾਰ, ਬੁਰੀ ਤਰ੍ਹਾਂ ਵੱਢਿਆ

ਐਸ. ਏ. ਐਸ ਨਗਰ, 28 ਅਗਸਤ (ਸ.ਬ.) ਸ਼ਹਿਰ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਅਤੇ ਇਹਨਾਂ ਆਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢਣ ਦੇ ਮਾਮਲੇ ਵੀ ਵੱਧਦੇ ਜਾ ਰਹੇ ਹਨ| ਅੱਜ ਫੇਜ਼ 4 ਵਿੱਚ ਆਵਾਰਾ ਕੁੱਤਿਆਂ ਨੇ ਇੱਕ 10-11 ਸਾਲ ਦੀ ਲੜਕੀ ਨੂੰ ਆਪਣਾ ਸ਼ਿਕਾਰ ਬਣਾਇਆ ਜਿਸਨੂੰ ਕੁੱਤਿਆਂ ਵਲੋਂ ਝੰਝੋੜਿਆ ਗਿਆ| ਇਹ ਕੁੱਤੇ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਲੈਂਦੇ ਕਿ ਅਚਾਨਕ ਉੱਥੋਂ ਨੇੜੇ ਰਹਿੰਦੀ ਅਕਾਲੀ ਆਗੂ ਸ੍ਰੀਮਤੀ ਮਨਮੀਤ ਕੌਰ ਲੀਮਾ ਨੇ ਉਸਨੂੰ ਵੇਖ ਲਿਆ ਅਤੇ ਉਸਦੀ ਜਾਨ ਬਚਾਈ|
ਸ੍ਰੀਮਤੀ ਲੀਮਾ ਨੇ ਦੱਸਿਆ ਕਿ ਉਹ ਪੌਣੇ ਦੋ ਵਜੇ ਦੇ ਕਰੀਬ ਕਾਰ ਤੇ ਆਪਣੇ ਘਰ ਆ ਰਹੇ ਸਨ ਜਦੋਂ ਉਹਨਾਂ ਨੇ ਆਪਣੇ ਘਰ ਦੇ ਨੇੜੇ ਤਿੰਨ ਚਾਰ ਕੁੱਤਿਆਂ ਵਲੋਂ ਇੱਕ ਲੜਕੀ ਨੂੰ ਵੱਢਦੇ ਦੇਖਿਆ| ਉਹਨਾਂ ਦੱਸਿਆ ਕਿ ਉਹਨਾਂ ਨੇ ਤੇਜੀ ਨਾਲ ਆਪਣੇ ਘਰ ਤੋਂ ਰਾਡ ਲਈ ਅਤੇ ਕੁੱਤਿਆਂ ਨੂੰ ਭਜਾ ਕੇ ਲੜਕੀ ਨੂੰ ਬਚਾਇਆ| ਇਸ ਦੌਰਾਨ ਕੁੱਤਿਆਂ ਨੇ ਲੜਕੀ ਦੇ ਕਪੜੇ ਝੰਝੋੜ ਦਿੱਤੇ ਸਨ ਅਤੇ ਉਸਦੀ ਲੱਤ ਤੇ ਵੱਢ ਲਿਆ ਸੀ|
ਪੀੜਿਤ ਲੜਕੀ ਖੁਸ਼ਬੂ ਫੇਜ਼ 2 ਵਿੱਚ ਬਸੀ ਥੀਏਟਰ ਦੇ ਨੇੜੇ ਬਣੀਆਂ ਝੁੱਗੀਆਂ ਦੀ ਵਸਨੀਕ ਹੈ| ਉਸਦੀ ਮਾਂ ਸੋਮਵਤੀ ਫੇਜ਼ 4 ਦੇ ਮਕਾਨਾਂ ਵਿੱਚ ਘਰੇਲੂ ਕੰਮ ਕਰਦੀ ਹੈ| ਬਾਅਦ ਵਿੱਚ ਲੜਕੀ ਦੇ ਪਰਿਵਾਰ ਵਾਲੇ ਉਸਨੂੰ ਹਸਪਤਾਲ ਲੈ ਗਏ|
ਸ੍ਰੀਮਤੀ ਲੀਮਾ ਨੇ ਮੰਗ ਕੀਤੀ ਕਿ ਸ਼ਹਿਰ ਵਿੱਚ ਲਗਾਤਾਰ ਵੱਧਦੀ ਆਵਾਰਾ ਕੁੱਤਿਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਨਗਰ ਨਿਗਮ ਵਲੋਂ ਇਸ ਬੱਚੀ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ|

Leave a Reply

Your email address will not be published. Required fields are marked *