ਫੇਜ਼ 4 ਵਿੱਚ ਸੜਕ ਕਿਨਾਰੇ ਲੱਗਿਆ ਦਰਖਤ ਡਿੱਗਿਆ

ਫੇਜ਼ 4 ਵਿੱਚ ਸੜਕ ਕਿਨਾਰੇ ਲੱਗਿਆ ਦਰਖਤ ਡਿੱਗਿਆ
ਦਰਖਤ ਦੀ ਚਪੇਟ ਵਿੱਚ ਆਉਣ ਕਾਰਨ 2 ਮੋਟਰ ਸਾਈਕਲ ਸਵਾਰ ਜ਼ਖਮੀ
ਐਸ.ਏ.ਐਸ ਨਗਰ, 24 ਮਈ (ਸ.ਬ.) ਸਥਾਨਕ ਫੇਜ਼ 4 ਵਿੱਚ ਅੱਜ ਸਵੇਰੇ 10:30 ਵਜੇ ਦੇ ਕਰੀਬ ਡਿਪਲਾਸਟ ਚੌਂਕ ਤੋਂ ਮਦਨਪੁਰ ਨੂੰ ਜਾਂਦੀ ਸੜਕ ਤੇ (ਕੋਠੀ ਨੰ 384 ਦੇ ਨੇੜੇ) ਲੱਗਿਆ ਇੱਕ ਭਾਰੀ ਦਰਖਤ ਅਚਾਨਕ ਡਿੱਗ ਪਿਆ| ਇਸ ਦਰਖਤ ਦੇ ਡਿੱਗਣ ਵੇਲੇ ਸੜਕ ਤੇ ਜਾ ਰਹੇ ਦੋ ਮੋਟਰ ਸਾਈਕਲ ਸਵਾਰ ਇਸਦੀ ਚਪੇਟ ਵਿੱਚ ਆ ਗਏ ਅਤੇ ਜਖਮੀ ਹੋ ਗਏ| ਮੌਕੇ ਤੇ ਪਹੁੰਚੀ ਪੀ ਸੀ ਆਰ ਪਾਰਟੀ ਵਲੋਂ ਜਖਮੀਆਂ ਨੂੰ ਸਥਾਨਕ ਫੇਜ਼ 6 ਵਿੱਚ ਸਥਿਤ ਸਿਵਿਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੜਕ ਤੇ ਲੱਗੇ ਅਜਿਹੇ ਕਈ ਦਰਖਤ ਪਿਛਲੇ ਕਾਫੀ ਸਮੇਂ ਤੋਂ ਜਰਜਰ ਹਾਲਤ ਵਿੱਚ ਹਨ ਅਤੇ ਵਸਨੀਕਾਂ ਵਲੋਂ ਇਹਨਾਂ ਦਰਖਤਾਂ ਨੂੰ ਕਟਵਾ ਕੇ ਇੱਥੇ ਨਵੇਂ ਦਰਖਤ ਲਗਾਉਣ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਅੱਜ ਇਹ ਹਾਦਸਾ ਵਾਪਰ ਗਿਆ ਹੈ|
ਹਾਦਸੇ ਵਿੱਚ ਜਖਮੀ ਹੋਏ ਦੋਵੇਂ ਨੌਜਵਾਨ ਮੋਨੂੰ ਅਤੇ ਗੋਪੀ ਸੈਕਟਰ 45 ਬੁੜੈਲ ਦੇ ਵਸਨੀਕ ਹਨ ਅਤੇ ਦਿਹਾੜੀ ਤੇ ਕਾਰਪੈਂਟਰ ਦਾ ਕੰਮ ਕਰਦੇ ਹਨ| ਹਾਦਸੇ ਵੇਲੇ ਇਹ ਦੋਵੇਂ ਮੋਟਰ ਸਾਈਕਲ ਤੇ ਸਵਾਰ ਹੋ ਕੇ ਸੰਨੀ ਇਨਕਲੇਵ ਵੱਲ ਜਾ ਰਹੇ ਸੀ ਜਦੋਂ ਅਚਾਨਕ ਸੜਕ ਕਿਨਾਰੇ ਲੱਗਿਆ ਦਰਖਤ ਡਿੱਗ ਜਾਣ ਕਾਰਨ ਇਸਦੀ ਚਪੇਟ ਵਿੱਚ ਆ ਗਏ| ਇਹਨਾਂ ਦੋਵਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਅਤੇ ਉਹਨਾਂ ਨੂੰ ਅੱਜ ਹੀ ਹਸਪਤਾਲ ਤੋਂ ਛੁੱਟੀ ਮਿਲਣ ਦੀ ਆਸ ਹੈ|
ਇਸ ਦੌਰਾਨ ਸਮਾਜਸੇਵੀ ਆਗੂ ਸ੍ਰੀ ਅਤੁਲ ਸ਼ਰਮਾ ਨੇ ਇਸ ਹਾਦਸੇ ਲਈ ਨਗਰ ਨਿਗਮ ਨੂੰ ਜਿੰਮੇਵਾਰ ਦੱਸਦਿਆਂ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਬਣਦਾ ਮੁਆਵਜਾ ਦੇਣ ਅਤੇ ਨਿਗਮ ਦੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਉਹਨਾਂ ਮੰਗ ਕੀਤੀ ਹੈ ਕਿ ਜਿਹੜੇ ਦਰਖਤ ਆਪਣੀ ਉਮਰ ਪੁਗਾ ਚੁੱਕੇ ਹਨ ਅਤੇ ਕਿਸੇ ਵੇਲੇ ਵੀ ਡਿੱਗ ਸਕਦੇ ਹਨ ਉਹਨਾਂ ਨੂੰ ਕਟਵਾ ਕੇ ਉਹਨਾਂ ਦੀ ਥਾਂ ਨਵੇਂ ਦਰਖਤ ਲਗਾਏ ਜਾਣ|

Leave a Reply

Your email address will not be published. Required fields are marked *