ਫੇਜ਼ 5 ਵਿੱਚ ਜਮੀਨ ਖੁਰਨ ਕਾਰਨ ਫੁਟਪਾਥ ਧਸਿਆ

ਐਸ ਏ ਐਸ ਨਗਰ, 6 ਜੂਨ (ਸ.ਬ.) ਸਥਾਨਕ ਫੇਜ਼ 5 ਵਿੱਚ ਐਚ ਈ ਮਕਾਨਾਂ ਦੇ ਪਿਛਲੇ ਪਾਸੇ ਨਗਰ ਨਿਗਮ ਵਲੋਂ ਬਣਾਏ ਗਏ ਫੁਟਪਾਥ ਬੀਤੀ ਰਾਤ ਪਈ ਬਰਸਾਤ ਤੋਂ ਬਾਅਦ ਦੋ ਵੱਖ-ਵੱਖ ਥਾਵਾਂ ਤੇ ਧਸਣ ਕਾਰਨ ਇਹਨਾਂ ਥਾਵਾਂ ਤੇ ਖੱਡੇ ਪੈ ਗਏ| ਇਹਨਾਂ ਵਿੱਚੋਂ ਇੱਕ ਖੱਡੇ ਵਿੱਚ ਉੱਥੇ ਖੜ੍ਹੀ ਇੱਕ ਕਾਰ ਦਾ ਟਾਇਰ ਵੀ ਫਸ ਗਿਆ ਜਿਸਨੂੰ ਕਾਫੀ ਮਸ਼ਕੱਤ ਤੋਂ ਬਾਅਦ ਕੱਢਿਆ ਗਿਆ|
ਫੇਜ਼ 5 ਦੇ ਕੌਂਸਲਰ ਸ੍ਰੀ ਅਰੁਣ ਸ਼ਰਮਾ ਨੇ ਕਿਹਾ ਕਿ ਫੇਜ਼ 5 ਵਿੱਚ ਜਮੀਨ ਹੇਠਾਂ ਪਾਈਆਂ ਗਈਆਂ ਪਾਈਪਾਂ ਲਗਭਗ 35 ਸਾਲ ਪੁਰਾਣੀਆਂ ਹਨ ਅਤੇ ਇਹਨਾਂ ਵਿੱਚ ਹੋਣ ਵਾਲੀ ਲੀਕੇਜ ਕਾਰਨ ਪਿਛਲੇ ਤਿੰਨ ਸਾਲਾਂ ਦੌਰਾਨ ਵੱਖ ਵੱਖ ਥਾਵਾਂ ਤੇ ਦੋ ਦਰਜਨ ਤੋਂ ਵੀ ਵੱਧ ਵਾਰ ਜਮੀਨ ਧਸ ਚੁੱਕੀ ਹੈ ਪਰੰਤੂ ਨਿਗਮ ਵਲੋਂ ਆਰਜੀ ਤੌਰ ਤੇ ਖੱਡੇ ਪੂਰ ਕੇ ਕੰਮ ਚਲਾਇਆ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵਲੋਂ ਕਈ ਵਾਰ ਨਗਰ ਨਿਗਮ ਦੇ ਸੰਬੰਧਿਤ ਅਧਿਕਾਰੀਆਂ ਤੋਂ ਇਸ ਸਮੱਸਿਆ ਦੇ ਹਲ ਲਈ ਇੱਥੇ ਨਵੀਆਂ ਪਾਈਪਾਂ ਪਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰੰਤੂ ਨਿਗਮ ਵਲੋਂ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਬਰਕਰਾਰ ਹੈ| ਉਹਨਾਂ ਕਿਹਾ ਕਿ ਮਾਨਸੂਨ ਦਾ ਮੌਸਮ ਸਿਰ ਤੇ ਆ ਗਿਆ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸਮੱਸਿਆ ਦੇ ਹਲ ਲਈ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅਜਿਹਾ ਲੱਗਦਾ ਹੈ ਕਿ ਪ੍ਰਸ਼ਾਸ਼ਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ|

Leave a Reply

Your email address will not be published. Required fields are marked *