ਫੇਜ਼-6 ਦੀ ਕੋਠੀ ਵਿੱਚੋਂ ਸੋਨੇ ਦੇ ਗਹਿਣੇ ਅਤੇ ਐਲ ਈ ਡੀ ਚੋਰੀ

ਫੇਜ਼-6 ਵਿੱਚ ਵਧਦੀਆਂ ਚੋਰੀ ਦੀਆਂ ਵਾਰਦਾਤਾਂ ਤੇ ਕਾਬੂ ਕਰੇ ਪੁਲੀਸ : ਆਰ ਪੀ ਸ਼ਰਮਾ
ਐਸ ਏ ਐਸ ਨਗਰ, 31 ਜੁਲਾਈ (ਸ.ਬ.) ਸਥਾਨਕ ਫੇਜ਼-6 ਦੀ ਇੱਕ ਕੋਠੀ ਵਿੱਚ ਸੋਨੇ ਦੇ ਗਹਿਣੇ ਅਤੇ ਐਲ ਈ ਡੀ ਚੋਰੀ ਹੋਣ ਦੀ ਸੂਚਨਾ ਮਿਲੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ  ਫੇਜ਼-6 ਵਿੱਚ ਸਥਿਤ ਕੋਠੀ ਨੰਬਰ 125 ਮਾਲਕ ਅਨਿਲ ਧਵਨ ਖੁਦ ਚੰਡੀਗੜ੍ਹ ਰਹਿੰਦੇ ਹਨ ਪਰ ਇਸ ਕੋਠੀ ਦੇ ਇੱਕ ਪੋਰਸ਼ਨ ਨੂੰ ਉਹਨਾਂ ਨੇ ਕਿਰਾਏ ਉੱਪਰ ਦਿਤਾ ਹੋਇਆ ਹੈ ਅਤੇ ਇੱਕ ਪੋਰਸ਼ਨ ਆਪਣੇ ਕੋਲ ਰੱਖ ਕੇ ਤਾਲਾ ਲਗਾਇਆ ਹੋਇਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਇਸ ਕੋਠੀ ਦਾ ਕਿਰਾਏਦਾਰ ਪਰੀਤੋਸ਼ ਸੂਦ ਆਪਣੇ ਪਰਿਵਾਰ ਸਮੇਤ ਪਟਿਆਲਾ ਚਲਾ ਗਿਆ ਸੀ| ਜਦੋਂ ਉਹ ਅੱਜ ਵਾਪਸ ਆਏ ਤਾਂ ਵੇਖਿਆ ਕਿ ਕੋਠੀ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਖਿਲਰਿਆ ਹੋਇਆ ਸੀ| ਉਹਨਾਂ ਤੁਰੰਤ ਇਸਦੀ ਸੂਚਨਾ ਪੀ ਸੀ ਆਰ ਨੂੰ ਦਿਤੀ|
ਕਿਰਾਏਦਾਰ ਪਰੀਤੋਸ਼ ਸੂਦ ਨੇ ਦਸਿਆ ਕਿ ਚੋਰ ਉਹਨਾਂ ਦੇ ਕਮਰੇ ਵਿੱਚੋਂ ਕਰੀਬ 3 ਲੱਖ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ| ਜਦੋਂਕਿ ਕੋਠੀ ਮਾਲਕ ਦੇ ਕਮਰੇ ਵਿੱਚੋਂ ਐਲ ਈ ਡੀ ਚੋਰੀ ਹੋ ਗਈ ਹੈ ਅਤੇ ਇਸ ਕਮਰੇ ਵਿਚਲੀ ਅਲਮਾਰੀ ਦਾ ਤਾਲਾ ਟੁਟਿਆ ਹੋਇਆ ਸੀ| ਜਿਸ ਵਿੱਚੋਂ ਚੋਰੀ ਹੋਏ ਸਮਾਨ ਦਾ ਅਜੇ ਅੰਦਾਜਾ ਨਹੀਂ ਲਗਾਇਆ ਗਿਆ| ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ|
ਇਸ ਮੌਕੇ ਮਿਉਂਸਪਲ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਨੇ ਕਿਹਾ ਕਿ ਫੇਜ਼-6 ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ| ਜਿਸ ਕਾਰਨ ਇਸ ਇਲਾਕੇ ਦੇ ਲੋਕ ਬਹੁਤ ਪ੍ਰੇਸ਼ਾਨ ਹਨ| ਉਹਨਾਂ ਕਿਹਾ ਕਿ ਦੋ ਕੁ ਮਹੀਨੇ ਪਹਿਲਾਂ ਕੋਠੀ ਨੰਬਰ 309 ਵਿੱਚੋਂ ਕਾਰ ਦੇ ਚਾਰ ਟਾਇਰ ਚੋਰੀ ਹੋ ਗਏ ਸਨ| ਉਸ ਤੋਂ ਬਾਅਦ ਇਸ ਇਲਾਕੇ ਵਿੱਚੋਂ ਇੱਕ ਕਾਰ ਚੋਰੀ ਹੋ ਗਈ| ਇਸ ਤੋਂ ਬਾਅਦ ਇੱਕ ਸਕੂਲ ਵਿੱਚ ਕੰਮ ਕਰਦੇ ਮਜਦੂਰਾਂ ਦੇ ਬੈਗ ਹੀ ਚੋਰੀ ਹੋ ਗਏ| ਇਸ ਤੋਂ ਬਾਅਦ ਕੋਠੀ ਨੰਬਰ 306 ਵਿੱਚ ਕਾਰ ਦਾ ਸ਼ੀਸ਼ਾ ਤੋੜ ਦਿਤਾ ਗਿਆ ਪਰ ਕਾਰ ਚੋਰੀ ਹੋਣ ਤੋਂ ਬਚ ਗਈ| ਇਸ ਤੋਂ ਬਾਅਦ ਕੋਠੀ ਨੰਬਰ 169 ਵਿੱਚ ਚੋਰੀ ਹੋਈ| ਪਿਛਲੇ ਹਫਤੇ ਪਾਰਕ ਵਿੱਚ ਖੜੇ ਟ੍ਰੈਕਟਰ ਵਿੱਚੋਂ ਬੈਟਰੀ ਚੋਰੀ ਹੋ ਗਈ| ਕੁਝ ਦਿਨ ਪਹਿਲਾਂ ਹੀ ਇਸ ਇਲਾਕੇ ਵਿੱਚੋਂ ਮੋਟਰਸਾਈਕਲ ਵੀ ਚੋਰੀ ਹੋ ਗਿਆ ਸੀ| ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਆਏ ਦਿਨ ਚੋਰੀਆਂ ਹੋ ਰਹੀਆਂ ਹਨ ਪ੍ਰੰਤੂ ਇਹਨਾਂ ਵਾਰਦਾਤਾਂ ਤੇ ਕਾਬੂ ਪਾਉਣ ਵਿੱਚ ਅਸਫਲ ਰਹੀ ਹੈ| ਉਹਨਾਂ ਮੰਗ ਕੀਤੀ ਕਿ ਫੇਜ਼-6 ਵਿੱਚ ਪੁਲੀਸ ਦੀ ਗਸ਼ਤ ਵਧਾਈ ਜਾਵੇ ਤਾਂ ਕਿ ਚੋਰੀ ਦੀਆਂ ਘਟਨਾਵਾਂ ਨਾ ਵਾਪਰ  ਸਕਣ|

Leave a Reply

Your email address will not be published. Required fields are marked *