ਫੇਜ਼ 6 ਦੇ ਨਵੇਂ ਬੱਸ ਅੱਡੇ ਨੂੰ ਠੀਕ ਢੰਗ ਨਾਲ ਕੀਤਾ ਜਾਵੇ ਚਾਲੂ : ਜੇ ਪੀ ਸਿੰਘ

ਐਸ ਏ ਐਸ ਨਗਰ, 30 ਅਗਸਤ (ਸ.ਬ.) ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਮੰਗ ਕੀਤੀ ਹੈ ਕਿ ਮੁਹਾਲੀ ਦੇ ਫੇਜ਼ 6 ਵਿੱਚ ਬਣਿਆ ਬੱਸ ਅੱਡਾ ਠੀਕ ਢੰਗ ਤਰੀਕੇ ਨਾਲ ਚਾਲੂ ਕੀਤਾ ਜਾਵੇ ਅਤੇ ਸਾਰੀਆਂ ਬੱਸਾਂ ਦਾ ਇਸ ਨਵੇਂ ਬੱਸ ਅੱਡੇ ਵਿੱਚ ਜਾਣਾ ਯਕੀਨੀ ਬਣਾਇਆ ਜਾਵੇ| ਇਕ ਬਿਆਨ ਵਿੱਚ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਸਮੇਂ ਫੇਜ਼ 6 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ ਤੇ ਨਵਾਂ ਬੱਸ ਅੱਡਾ ਚਾਲੂ ਕੀਤਾ ਗਿਆ ਸੀ, ਜਿਸ ਵਿੱਚ ਲੋਕਾਂ ਲਈ ਲੋੜੀਂਦੀਆਂ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ| ਪਰੰਤੂ ਕੁਝ ਸਮੇਂ ਤੋਂ ਬਾਅਦ ਇਸ ਨਵੇਂ ਬੱਸ ਅੱਡੇ ਉਪਰ ਵੱਡੀ ਗਿਣਤੀ ਬੱਸਾਂ ਜਾਣੀਆਂ ਬੰਦ ਹੋ ਗਈਆਂ ਅਤੇ ਇਸ ਸਮੇਂ ਇੱਕਾ ਦੁੱਕਾ ਬੱਸਾਂ ਹੀ ਇਸ ਨਵੇਂ ਅੱਡੇ ਵਿੱਚ ਇਸ ਸਮੇਂ ਜਾ ਰਹੀਆਂ ਹਨ ਅਤੇ ਜਿਆਦਾਤਰ ਬੱਸਾਂ ਵਾਲੇ ਆਪਣੀ ਮਰਜੀ ਨਾਲ ਹੀ ਫੇਜ਼ 8 ਦੇ ਪੁਰਾਣੇ ਬੱਸ ਅੱਡੇ ਤੋਂ ਹੀ ਸਵਾਰੀਆਂ ਚੁੱਕਦੇ ਹਨ|
ਉਹਨਾਂ ਕਿਹਾ ਕਿ ਫੇਜ਼ 8 ਦੇ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਵਾਲੀ ਜਿਸ ਸੜਕ ਤੋਂ ਇਹ ਬੱਸਾਂ ਚਲ ਰਹੀਆਂ ਹਨ, ਉਥੇ ਨਾ ਤਾਂ ਲੋਕਾਂ ਦੇ ਪੀਣ ਲਈ ਪਾਣੀ ਦਾ ਕੋਈ ਪ੍ਰਬੰਧ ਹੈ, ਨਾ ਹੀ ਬਾਥਰੂਮ ਹਨ ਤੇ ਨਾ ਹੀ ਮੀਂਹ ਤੇ ਧੁੱਪ ਤੋਂ ਬਚਣ ਲਈ ਕੋਈ ਪ੍ਰਬੰਧ ਹੈ| ਬਰਸਾਤ ਦੇ ਦਿਨਾਂ ਵਿੱਚ ਇਸ ਥਾਂ ਹਰ ਪਾਸੇ ਗੰਦਾ ਪਾਣੀ ਅਤੇ ਚਿੱਕੜ ਹੋ ਜਾਂਦਾ ਹੈ| ਜਿਸ ਕਾਰਨ ਫੇਜ਼ 8 ਵਿੱਚ ਚਲ ਰਹੇ ਇਸ ਆਰਜੀ ਬੱਸ ਅੱਡੇ ਵਿੱਚ ਆਉਣ ਵਾਲੇ ਲੋਕ ਬਹੁਤ ਦੁਖੀ ਹੁੰਦੇ ਹਨ|
ਉਹਨਾਂ ਮੰਗ ਕੀਤੀ ਕਿ ਫੇਜ਼ 8 ਵਿੱਚ ਬਣੇ ਆਰਜੀ ਬੱਸ ਅੱਡੇ ਨੂੰ ਬੰਦ ਕਰਕੇ ਫੇਜ਼ 6 ਵਿਚਲੇ ਨਵੇਂ ਬੱਸ ਅੱਡੇ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਅਤੇ ਸਾਰੀਆਂ ਬੱਸਾਂ ਦਾ ਫੇਜ਼ 6 ਵਿਚਲੇ ਨਵੇਂ ਬੱਸ ਅੱਡੇ ਵਿਚ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਲੋਕ ਖੱਜਲ ਖੁਆਰ ਨਾ ਹੋਣ |

Leave a Reply

Your email address will not be published. Required fields are marked *