ਫੇਜ਼-6 ਦੇ ਹਸਪਤਾਲ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਇਆ ਜਾਵੇ: ਕਾਹਲੋਂ

ਐਸ.ਏ. ਐਸ ਨਗਰ, 10 ਅਗਸਤ (ਸ.ਬ.) ਮੁਹਾਲੀ ਦੇ ਮਿਉਂਸਪਲ ਕੌਂਸਲਰਾਂ ਵੱਲੋਂ ਫੇਜ਼-6 ਦੇ ਹਸਪਤਾਲ ਨੂੰ ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਅਤੇ ਫੇਜ਼-3ਬੀ1 ਅਤੇ ਫੇਜ਼-11 ਦੀਆਂ ਡਿਸਪੈਂਸਰੀਆਂ ਨੂੰ ਹਸਪਤਾਲ ਵਜੋਂ ਅੱਪਗ੍ਰੇਡ ਕਰਨ ਦੀ ਮੰਗ ਕੀਤੀ ਗਈ ਹੈ|
ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਸਾਬਕਾ ਪ੍ਰਧਾਨ ਅਤੇ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਅੱਜ ਇੱਕ ਵਫਦ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ ਸ੍ਰੀ ਅਮਿਤ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਫੇਜ਼-6 ਦੇ ਹਸਪਤਾਲ ਨੂੰ ਸੁਪਰਸਪੈਸ਼ਲਿਟੀ ਹਸਪਤਾਲ ਬਣਾਉਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਮੁਹਾਲੀ ਵਿੱਚ ਸਰਕਾਰੀ ਸੇਵਾਵਾਂ ਦੀ ਸਹੂਲਤ ਦੀ ਭਾਰੀ ਘਾਟ ਹੈ ਅਤੇ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਮਹਿੰਗੇ ਇਲਾਜ ਕਰਵਾਉਣੇ ਪੈਂਦੇ ਹਨ| ਉਹਨਾਂ ਕਿਹਾ ਕਿ ਅਬਾਦੀ ਦੇ ਹਿਸਾਬ ਨਾਲ ਇਥੇ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ| ਵਫਦ ਵਿੱਚ ਸ੍ਰੀ ਕਾਹਲੋਂ ਤੋਂ ਇਲਾਵਾ ਸ੍ਰ. ਸਤਵੀਰ ਸਿੰਘ ਧਨੋਆ, ਸ੍ਰੀ ਆਰ. ਪੀ ਸ਼ਰਮਾ, ਸਾਬਕਾ ਕੌਂਸਲਰ ਸ੍ਰ. ਸੁਖਮਿੰਦਰ ਸਿੰਘ ਬਰਨਾਲਾ ਸਮੇਤ ਹੋਰ ਆਗੂ ਹਾਜਰ ਸਨ|
ਇਸ ਮੌਕੇ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਫੇਜ਼-6 ਹਸਪਤਾਲ ਤੇ 10 ਪਿੰਡਾਂ ਅਤੇ ਢਾਈ ਲੱਖ ਸ਼ਹਿਰੀਆਂ ਨੂੰ ਸਿਹਤ ਸਹੂਲਤਾਂ ਦੇਣ ਦੀ ਜਿੰਮੇਵਾਰੀ ਹੈ ਪਰ ਇਹ ਹਸਪਤਾਲ ਇਸ ਪੱਧਰ ਦਾ ਨਹੀਂ ਹੈ ਕਿ ਸਭ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਸਕੇ| ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਹ ਹਸਪਤਾਲ ਨੈਸ਼ਨਲ ਹਾਈਵੇ ਤੇ ਹੋਣ ਕਾਰਨ ਐਕਸੀਡੈਂਟ ਵਾਲੇ ਕੇਸ ਪਹਿਲਾਂ ਇੱਥੇ ਆਉਂਦੇ ਹਨ ਪਰ ਇੱਥੇ ਉਚ-ਮਿਆਰੀ ਸਹੂਲਤਾਂ ਨਾ ਹੋਣ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ|
ਵਫਦ ਨੇ ਫੇਜ਼-3ਬੀ1 ਦੀ ਡਿਸਪੈਂਸਰੀ ਅਤੇ ਫੇਜ਼-11 ਦੀ ਡਿਸਪੈਂਸਰੀ ਨੂੰ ਹਸਪਤਾਲ ਵਜੋਂ ਅੱਪਗ੍ਰੇਡ ਕਰਨ ਦੀ ਮੰਗ ਕੀਤੀ| ਇਸੇ ਦੌਰਾਨ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਨੇ ਮੰਗ ਕੀਤੀ ਕਿ ਸੈਕਟਰ-69 ਵਿੱਚ ਡਿਸਪੈਂਸਰੀ ਲਈ ਅਲਾਟ ਥਾਂ ਤੇ ਡਿਸਪੈਂਸਰੀ ਦੀ ਬਿਲਡਿੰਗ ਦੀ ਉਸਾਰੀ ਕੀਤੀ ਜਾਵੇ| ਮੰਗ ਪੱਤਰ ਤੇ ਦਸਤਖਤ ਕਰਨ ਵਾਲਿਆਂ ਵਿੱਚ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ, ਹਰਮਨ ਸੰਧੂ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ, ਰਜਨੀ ਗੋਇਲ, ਬਲਵਿੰਦਰ ਸਿੰਘ ਟੌਹੜਾ ਵੀ ਸ਼ਾਮਿਲ ਸਨ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਕਾਹਲੋਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੁਹਾਲੀ ਦੇ ਕਿਸੇ ਵੀ ਲੋਕ ਨੁਮਾਇੰਦੇ ਭਾਵੇਂ ਮਿਉਂਸਪਲ ਕੌਂਸਲਰ ਹੋਣ ਜਾਂ ਐਮ. ਐਲ. ਏ ਨੇ ਕਦੇ ਵੀ ਮੁਹਾਲੀ ਵਿੱਚ ਸਰਕਾਰੀ ਪੱਧਰ ਤੇ ਸਿਹਤ ਸੇਵਾਵਾਂ ਬਿਹਤਰ ਬਣਾਉਣ, ਸੁਪਰ ਸਪੈਸ਼ਲਿਟੀ ਹਸਪਤਾਲ ਬਣਾਉਣ ਅਤੇ ਲੋੜ ਅਨੁਸਾਰ ਹੋਰ ਹਸਪਤਾਲ ਬਣਾਉਣ ਦੀ ਕਦੇ ਮੰਗ ਨਹੀਂ ਚੁੱਕੀ| ਅੱਜ ਮੁਹਾਲੀ ਵਾਸੀ ਪ੍ਰਾਈਵੇਟ ਹਸਪਤਾਲਾਂ ਤੋਂ ਮਹਿੰਗੇ ਭਾਅ ਇਲਾਜ ਕਰਵਾਉਣ ਲਈ ਮਜਬੂਰ ਹਨ| ਉਹਨਾਂ ਆਸ ਪ੍ਰਗਟ ਕੀਤੀ ਕਿ ਐਮ. ਡੀ ਹੈਲਥ ਸਿਸਟਮ ਕਾਰਪੋਰੇਸ਼ਨ, ਸਿਹਤ ਮੰਤਰੀ ਦੇ ਧਿਆਨ ਵਿੱਚ ਲਿਆ ਕੇਮੁਹਾਲੀ ਵਿੱਚ ਸਰਕਾਰੀ ਸਿਹਤ ਸੇਵਾਵਾਂ ਦਾ ਵਿਸਥਾਰ ਕਰਵਾਉਣ ਦਾ ਯਤਨ ਕਰਨਗੇ|

Leave a Reply

Your email address will not be published. Required fields are marked *