ਫੇਜ਼ 6 ਦੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਫੇਜ਼ 5 ਦੇ ਸਕੂਲ ਵਿੱਚ ਭੇਜਣ ਦਾ ਮੁੱਦਾ ਭਖਿਆ

ਫੇਜ਼ 6 ਦੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਫੇਜ਼ 5 ਦੇ ਸਕੂਲ ਵਿੱਚ ਭੇਜਣ ਦਾ ਮੁੱਦਾ ਭਖਿਆ
ਸਰਕਾਰ ਦੇ ਫੈਸਲੇ ਦੇ ਖਿਲਾਫ ਸੰਘਰਸ਼ ਕਰਾਂਗੇ : ਆਰ ਪੀ ਸ਼ਰਮਾ
ਐਸ. ਏ ਐਸ. ਨਗਰ, 6 ਅਗਸਤ (ਸ.ਬ.) ਸਥਾਨਕ ਫੇਜ਼ 6 ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਫੇਜ਼ 5 ਦੇ ਸਰਕਾਰੀ ਸਕੂਲ ਵਿੱਚ ਭੇਜਣ ਅਤੇ ਫੇਜ਼ 6 ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਤਕ ਪੜਾਈ ਕਰਵਾਉਣ ਦੇ ਸਿਖਿਆ ਵਿਭਾਗ ਦੇ ਫੈਸਲੇ ਦੇ ਖਿਲਾਫ ਜਿੱਥੇ ਫੇਜ਼ 6 ਦੇ ਵਸਨੀਕਾਂ ਅਤੇ ਵਿਦਿਆਰਥੀਆਂ ਦੇ ਮਾਂਪਿਆਂ ਵਲੋਂ ਰੋਸ ਜਤਾਇਆ ਜਾ ਰਿਹਾ ਹੈ ਅਤੇ ਇਸ ਸੰਬੰਧੀ ਵਸਨੀਕਾਂ ਵਲੋਂ ਸੰਘਰਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ| ਫੇਜ਼ 6 ਦੇ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਨੇ ਸਰਕਾਰ ਦੇ ਇਸ ਫੈਸਲੇ ਨੂੰ ਸ਼ਹਿਰ ਦੇ ਖਿਲਾਫ ਦੱਸਦਿਆਂ ਇਸ ਮਾਮਲੇ ਵਿੱਚ ਕੈਬਿਨਟ ਮੰਤਰੀ ਅਤੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਤੇ ਸਵਾਲ ਚੁੱਕਿਆ ਹੈ| ਦੂਜੇ ਪਾਸੇ ਕੈਬਿਨਟ ਮੰਤਰੀ ਸ੍ਰ. ਸਿੱਧੂ ਦਾ ਕਹਿਣਾ ਹੈ ਕਿ ਉਹ ਖੁਦ ਫੇਜ਼-6 ਦੇ ਸਕੂਲ ਨੂੰ ਉੱਥੇ ਹੀ ਚਲਦਾ ਰੱਖਣ ਲਈ ਯਤਨ ਕਰ ਰਹੇ ਹਨ|
ਸ੍ਰੀ ਆਰ ਪੀ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਂਪਿਆਂ ਵਲੋਂ ਕੈਬਿਨਟ ਮੰਤਰੀ ਨਾਲ ਮੁਲਾਕਾਤ ਕਰਕੇ ਸਰਕਾਰ ਦੇ ਇਸ ਫੈਸਲੇ ਨੂੰ ਵਾਪਸ ਕਰਵਾਉਣ ਦੀ ਮੰਗ ਕੀਤੀ ਗਈ ਸੀ ਪਰੰਤੂ ਮੰਤਰੀ ਵਲੋਂ ਉਹਨਾਂ ਨੂੰ ਭਰੋਸਾ ਦੇ ਕੇ ਟਾਲ ਦਿੱਤਾ ਗਿਆ ਜਦੋਂਕਿ ਸਿਖਿਆ ਵਿਭਾਗ ਵਲੋਂ ਆਪਣੇ ਫੈਸਲੇ ਨੂੰ ਲਾਗੂ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ| ਉਹਨਾਂ ਦੱਸਿਆ ਕਿ ਇਸ ਵੇਲੇ ਸਕੂਲ ਵਿੱਚ 9ਵੀਂ ਅਤੇ 10ਵੀਂ ਦੇ ਕੁਲ 50 ਵਿਦਿਆਰਥੀ ਹਨ ਜਿਹਨਾਂ ਵਿੱਚ 10ਵੀਂ ਵਿੱਚ 16 ਅਤੇ 9ਵੀਂ ਵਿੱਚ 34 ਵਿਦਿਆਰਥੀ ਪੜ੍ਹ ਰਹੇ ਹਨ| ਉਹਨਾਂ ਕਿਹਾ ਕਿ ਇਹ ਸਾਰੇ ਬੱਚੇ ਗਰੀਬ ਪਰਿਵਾਰਾਂ ਤੋਂ ਹਨ ਅਤੇ ਇਹਨਾਂ ਵਿੱਚ ਵੱਡੀ ਗਿਣਤੀ ਕੁੜੀਆਂ ਦੀ ਹੈ|
ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਹਰਾ ਦਿੰਦੀ ਹੈ ਅਤੇ ਦੂਜੇ ਪਾਸੇ ਇਹਨਾਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੂੰ 5 ਕਿਲੋਮੀਟਰ ਦੂਰ ਫੇਜ਼ 5 ਦੇ ਸਕੂਲ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ| ਸ੍ਰੀ ਸ਼ਰਮਾ ਨੇ ਕਿਹਾ ਕਿ ਕੈਬਿਨਟ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਇਸ ਮਾਮਲੇ ਵਿੱਚ ਸਿਖਿਆ ਮੰਤਰੀ ਨਾਲ ਗੱਲ ਕਰਕੇ ਸਕੂਲ ਦਾ ਦਰਜਾ ਘਟਾਉਣ ਦੀ ਇਸ ਕਾਰਵਾਈ ਨੂੰ ਰੱਦ ਕਰਵਾਉਂਦੇ ਪਰੰਤੂ ਮੰਤਰੀ ਵਲੋਂ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਇਹਨਾਂ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਹੈ| ਉਹਨਾਂ ਕਿਹਾ ਕਿ ਗਰੀਬ ਪਰਿਵਾਰਾਂ ਦੇ ਇਹਨਾਂ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਪ੍ਰੇਰਿਤ ਕਰਕੇ ਸਕੂਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਅਤੇ ਜੇਕਰ ਸਰਕਾਰ ਵਲੋਂ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਇਹਨਾਂ ਵਿੱਚੋਂ ਵੱਡੀ ਗਿਣਤੀ ਬੱਚੇ ਪੜ੍ਹਾਈ ਛੱਡ ਸਕਦੇ ਹਨ|
ਉਹਨਾਂ ਦੱਸਿਆ ਕਿ ਫੇਜ਼ 6 ਦੇ ਵਸਨੀਕਾਂ ਵਲੋਂ ਇਸ ਫੈਸਲੇ ਨੂੰ ਵਾਪਿਸ ਕਰਵਾਉਣ ਲਈ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਸੰਬੰਧੀ ਅੱਜ ਵਸਨੀਕਾਂ ਵਲੋਂ ਰੋਸ ਮਾਰਚ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ ਪਰੰਤੂ ਸਿਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਉਹਨਾਂ ਨੂੰ ਗੱਲਬਾਤ ਲਈ ਸੱਦੇ ਜਾਣ ਤੇ ਰੋਸ ਮਾਰਚ ਦਾ ਇਹ ਫੈਸਲਾ ਵਾਪਿਸ ਲੈ ਲਿਆ ਗਿਆ ਹੈ ਅਤੇ ਇਸ ਸੰਬੰਧੀ ਸਿਖਿਆ ਵਿਭਾਗ ਦੇ ਸਕੱਤਰ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਵੇਗਾ|
ਦੂਜੇ ਪਾਸੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਇਸ ਸੰਬੰਧੀ ਸੰਪਰਕ ਕਰਨ ਤੇ ਕਿਹਾ ਕਿ ਉਹ ਖੁਦ ਇਸ ਹੱਕ ਵਿੱਚ ਹਨ ਕਿ ਫੇਜ਼ 6 ਦੇ ਸਕੂਲ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ ਅਤੇ ਉਹ ਇਸ ਸੰਬੰਧੀ ਸਰਕਾਰ ਦੇ ਪੱਧਰ ਤੇ ਗੱਲਬਾਤ ਕਰ ਰਹੇ ਹਨ| ਹਾਲਾਂਕਿ ਉਹਨਾਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਜਾਂ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਉਹਨਾਂ ਨਾਲ ਇਸ ਸੰਬੰਧੀ ਇੱਕ ਵਾਰ ਵੀ ਸੰਪਰਕ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਪਿਛਲੇ ਦਿਨੀਂ ਸਿਖਿਆ ਮੰਤਰੀ ਦੇ ਅਮ੍ਰਿੰਤਸਰ ਗਏ ਹੋਣ ਕਾਰਨ ਉਹਨਾਂ ਦੀ ਇਸ ਸੰਬੰਧੀ ਗੱਲਬਾਤ ਨਹੀਂ ਹੋ ਪਾਈ ਹੈ ਪਰੰਤੂ ਉਹ ਪੂਰੀ ਕੋਸ਼ਿਸ਼ ਕਰਣਗੇ ਕਿ ਇਹ ਸਕੂਲ ਫੇਜ਼ 6 ਵਿੱਚ ਹੀ ਰਹੇ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ|

Leave a Reply

Your email address will not be published. Required fields are marked *