ਫੇਜ਼-6 ਵਿੱਚ ਖੜ੍ਹੀਆਂ ਕਾਰਾਂ ਦੇ  ਡੈਕ ਅਤੇ ਸਪੀਕਰ ਚੋਰੀ

ਐਸ. ਏ. ਐਸ. ਨਗਰ, 26 ਅਕਤੂਬਰ (ਸ.ਬ.) ਸਥਾਨਕ ਫੇਜ਼-6 ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਹ ਚੋਰ 2 ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਤੋਂ ਸਪੀਕਰ ਅਤੇ ਬੂਫਰ ਆਦਿ ਕੱਢ ਕੇ ਲੈ ਗਏ| ਫੇਜ਼-6 ਦੇ ਐਮ. ਸੀ. ਰਜਿੰਦਰ ਪ੍ਰਸਾਦ ਸ਼ਰਮਾ ਨੇ ਦੱਸਿਆ ਕਿ ਪਹਿਲੀ ਘਟਨਾ ਮਕਾਨ ਨੰ. 411/24 ਏ ਦੇ ਬਾਹਰ ਖੜ੍ਹੀ ਮਾਰੂਤੀ ਕਾਰ ਵਿੱਚ ਅੰਜਾਮ ਦਿੱਤੀ ਗਈ ਜਿਹੜੀ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ| ਉਹਨਾਂ ਦੱਸਿਆ ਕਿ ਇਸ ਮਕਾਨ ਦੇ ਮਾਲਕ ਸ੍ਰ. ਨਿਰਮਲ ਸਿੰਘ ਵਲੋਂ ਇਥੇ ਸੀ. ਸੀ. ਟੀ. ਵੀ. ਕੈਮਰਾ ਵੀ ਲਗਾਇਆ ਗਿਆ ਹੈ ਅਤੇ ਇਸ ਵਿੱਚ ਸਾਫ ਦਿਸ ਰਿਹਾ ਹੈ ਕਿ ਇੱਕ ਵਿਅਕਤੀ ਰਾਤ ਇੱਕ ਵਜੇ ਦੇ ਕਰੀਬ ਕਾਰ ਦੇ ਅਗਲੇ ਦਰਵਾਜੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ ਅਤੇ ਦਰਵਾਜਾ ਨਾ ਖੁਲ੍ਹਣ ਤੇ ਵਾਪਸ ਚਲਾ ਜਾਂਦਾ ਹੈ| 20 ਕੁ ਮਿੰਟ ਬਾਅਦ ਉਹ ਦੁਬਾਰਾ ਆਉਂਦਾ ਹੈ ਅਤੇ ਫਿਰ ਵਾਰ ਵਾਪਸ ਚਲਾ ਜਾਂਦਾ ਹੈ| ਥੋੜ੍ਹੀ ਦੇਰ ਬਾਅਦ ਉਹ ਫਿਰ ਆਉਂਦਾ ਹੈ ਅਤੇ ਕਾਰ ਦੀ ਪਿਛਲੀ ਖਿੜਕੀ ਖੋਲ੍ਹ ਕੇ ਵਰਦਾਤ ਨੂੰ ਅੰਜਾਮ ਦਿੰਦਾ ਹੈ|
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬੀਤੀ ਰਾਤ ਕੋਠੀ ਨੰ. 234 ਦੇ ਵਸਨੀਕ ਦੀ ਕਾਰ ਵਿਚੋਂ ਵੀ ਡੈਕ ਅਤੇ ਹੋਰ ਸਪੀਕਰ ਚੋਰੀ ਹੋਏ ਹਨ| ਉਹਨਾਂ ਦੱਸਿਆ ਕਿ ਇਸ ਸਬੰਧੀ ਫੇਜ਼-6 ਦੀ ਪੁਲੀਸ ਚੌਂਕੀ ਵਿੱਚ ਜਾਣਕਾਰੀ ਦਿੱਤੀ ਗਈ ਹੈ ਅਤੇ ਪੁਲੀਸ ਨੂੰ ਸੀ. ਸੀ. ਟੀ. ਵੀ. ਫੁਟੇਜ ਵੀ ਸੌਂਪੀ ਗਈ ਹੈ| ਉਹਨਾਂ ਮੰਗ ਕੀਤੀ ਕਿ ਇਸ ਖੇਤਰ ਵਿੱਚ ਪੁਲੀਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰੀਆਂ ਦੀਆਂ ਵਾਰਦਾਤਾਂ ਤੇ ਕਾਬੂ ਕੀਤਾ ਜਾ ਸਕੇ|
ਸੰਪਰਕ ਕਰਨ ਤੇ ਪੁਲੀਸ ਚੌਂਕੀ ਫੇਜ਼-6 ਦੇ ਇੰਚਾਰਜ ਸ੍ਰ. ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਪੁਲੀਸ ਨੂੰ 411/24 ਏ ਦੇ ਬਾਹਰ ਖੜ੍ਹੀ ਕਾਰ ਵਿਚੋਂ ਚੋਰੀ ਦੀ ਸ਼ਿਕਾਇਤ ਮਿਲੀ ਹੈ ਅਤੇ ਪੁਲੀਸ ਵਲੋਂ ਸੀ. ਸੀ. ਟੀ. ਵੀ. ਫੁਟੇਜ ਵਿੱਚ ਨਜ਼ਰ ਆ ਰਹੇ ਨੌਜਵਾਨ ਦੀਆਂ ਫੋਟੋਆਂ ਕਢਵਾਈਆਂ ਜਾ ਰਹੀਆਂ ਹਨ|
ਉਹਨਾਂ ਦੱਸਿਆ ਕਿ ਪਹਿਲੀ ਨਜਰੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੋਈ ਪੀ. ਜੀ. ਲੱਗਦਾ ਹੈ ਅਤੇ ਪੁਲੀਸ ਵਲੋਂ ਛੇਤੀ ਹੀ ਉਸਦੀ ਪਹਿਚਾਣ ਕਰਕੇ ਉਸਨੂੰ ਕਾਬੂ ਕਰ ਲਿਆ ਜਾਵੇਗਾ|

Leave a Reply

Your email address will not be published. Required fields are marked *