ਫੇਜ਼-6 ਵਿੱਚ ਲਗਾਤਾਰ ਵੱਧ ਰਹੀਆਂ ਹਨ ਚੋਰੀ ਦੀਆਂ ਵਾਰਦਾਤਾਂ, ਕੌਂਸਲਰ ਆਰ ਪੀ ਸ਼ਰਮਾ ਨੇ ਪੁਲੀਸ ਦੀ ਢਿੱਲੀ ਕਾਰਗੁਜਾਰੀ ਤੇ ਚੁੱਕੇ ਸਵਾਲ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਫੇਜ਼-6 ਵਿੱਚ ਅਣਪਛਾਤੇ ਚੋਰਾਂ ਵੱਲੋਂ ਘਰਾਂ ਦੇ ਬਾਹਰ ਖੜੀਆਂ ਕਾਰਾਂ ਦਾ ਦਰਵਾਜਾ ਖੋਲ੍ਹ ਕੇ ਇਹਨਾਂ ਵਿੱਚ ਲੱਗਿਆ ਆਡੀਓ ਸਿਸਟਮ ਅਤੇ ਕਾਰ ਵਿੱਚ ਪਿਆ ਹੋਰ ਸਾਮਾਨ ਚੋਰੀ ਕਰਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪ੍ਰੰਤੂ ਇਸਦੇ ਬਾਵਜੂਦ ਪੁਲੀਸ ਇਹਨਾਂ ਚੋਰਾਂ ਨੂੰ ਕਾਬੂ ਕਰਨ ਵਿਚ ਨਾਕਾਮ ਦਿਖ ਰਹੀ ਹੈ| ਜਿਸ ਨਾਲ ਪੁਲੀਸ ਦੀ ਕਾਰਗੁਜਾਰੀ ਤੇ ਵੀ ਸਵਾਲ ਉਠ ਰਹੇ ਹਨ|
ਜਿਕਰਯੋਗ ਹੈ ਕਿ ਬੀਤੀ 25 ਅਤੇ 26 ਅਕਤੂਬਰ ਦੀ ਦਰਮਿਆਨੀ ਰਾਤ ਦੌਰਾਨ ਵੀ ਅਣਪਛਾਤੇ ਚੋਰਾਂ ਵੱਲੋਂ 2 ਕਾਰਾਂ ਦੇ ਦਰਵਾਜੇ ਖੋਲ ਕੇ ਉਹਨਾਂ ਵਿੱਚੋਂ ਸਪੀਕਰ ਅਤੇ ਹੋਰ ਸਮਾਨ ਚੋਰੀ ਕੀਤਾ ਗਿਆ ਸੀ ਅਤੇ ਬੀਤੀ ਰਾਤ ਵੀ ਫੇਜ਼-6 ਦੇ ਮਕਾਨ ਨੰ: 217 ਦੇ ਬਾਹਰ ਖੜ੍ਹੀ ਇੱਕ ਕਾਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਕਾਰ ਵਿੱਚੋਂ ਆਡੀਓ ਸਿਸਟਮ ਕੱਢ ਲਿਆ|
ਫੇਜ਼-6 ਦੇ ਕੌਂਸਲਰ ਸ੍ਰੀ ਆਰ ਪੀ ਸ਼ਰਮਾ ਇਸ ਸਾਰੇ ਕੁਝ ਲਈ ਪੁਲੀਸ ਦੀ ਢਿੱਲੀ ਕਾਰਗੁਜਾਰੀ ਨੂੰ ਹੀ ਜਿੰਮੇਵਾਰ ਠਹਿਰਾਉਂਦੇ ਹਨ| ਸ੍ਰੀ ਸ਼ਰਮਾ ਨੇ ਦੱਸਿਆ ਕਿ ਬੀਤੀ 25 ਅਤੇ 26 ਦੀ ਦਰਮਿਆਨੀ ਰਾਤ ਨੂੰ ਮਕਾਨ ਨੰ: 411/24 ਦੇ ਵਸਨੀਕ ਸ੍ਰ. ਨਿਰਮਲ ਸਿੰਘ ਦੀ ਮਾਰੂਤੀ ਕਾਰ ਵਿੱਚ ਹੋਈ ਚੋਰੀ ਦੀ ਵਾਰਦਾਤ ਉੱਥੇ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਸੀ ਜਿਸ ਵਿੱਚ ਸਾਫ ਦਿਖਦਾ ਹੈ ਕਿ ਇੱਕ ਨੌਜਵਾਨ ਬੜੇ ਆਰਾਮ ਨਾਲ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਅਤੇ ਕਾਰ ਵਿੱਚੋਂ ਸਮਾਨ ਕੱਢ ਕੇ ਪੈਦਲ ਹੀ ਉੱਥੋਂ ਚਲਾ ਜਾਂਦਾ ਹੈ ਅਤੇ ਕੈਮਰੇ ਦੀ ਇਹ ਰਿਕਾਰਡਿੰਗ ਫੇਜ਼-6  ਚੌਂਕੀ ਦੇ ਇੰਚਾਰਜ ਨੂੰ ਦੇ ਦਿਤੀ ਗਈ ਸੀ| ਉਹਨਾਂ ਕਿਹਾ ਕਿ ਪੁਲੀਸ ਨੂੰ ਚਾਹੀਦਾ ਸੀ ਕਿ ਇਸ ਵਿਅਕਤੀ ਦੀ ਮੁਕੰਮਲ ਪਹਿਚਾਣ ਲਈ ਪੁਲੀਸ ਵੱਲੋਂ ਉਸ ਖੇਤਰ ਵਿੱਚ ਲੱਗੇ ਬਾਕੀ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾਂਦੀ ਪ੍ਰੰਤੂ ਪੁਲੀਸ ਨੇ ਅਜਿਹਾ ਕੁਝ ਨਹੀਂ ਕੀਤਾ| ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਪੱਧਰ ਤੇ ਪਤਾ ਲਗਾਇਆ ਤਾਂ ਪਤਾ ਲੱਗਿਆ ਕਿ ਉਕਤ ਚੋਰ ਬਾਅਦ ਵਿੱਚ ਇੱਕ ਕਾਰ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਵੱਲ ਚਲਾ ਗਿਆ ਸੀ ਅਤੇ ਉਹਨਾਂ ਨੇ ਇਹ ਰਿਕਾਰਡਿੰਗ ਵੀ ਫੇਜ਼-6 ਚੌਂਕੀ ਦੇ ਇੰਚਾਰਜ ਨੂੰ ਵਿਖਾਈ ਸੀ ਅਤੇ ਇਸ ਰਿਕਾਰਡਿੰਗ ਵਿੱਚ ਕਾਰ ਦਾ ਨੰਬਰ ਵੀ ਦਿਖ ਰਿਹਾ ਹੈ ਪ੍ਰੰਤੂ ਇਸਦੇ ਬਾਵਜੂਦ  ਪੁਲੀਸ ਹੁਣ ਤਕ ਇਸ ਚੋਰ ਨੂੰ ਕਾਬੂ ਕਰਨ ਦੀ ਸਮਰਥ ਨਹੀਂ ਹੋ ਪਾਈ ਹੈ| ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਪੁਲੀਸ ਵੱਲੋਂ ਮੁਜਰਿਮਾਂ ਤੇ ਕਾਬੂ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਪੁਲੀਸ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਪੁਲੀਸ ਹੁਣ ਤੱਕ ਕਾਰ ਦੇ ਨੰਬਰ ਦੇ ਆਧਾਰ ਤੇ ਚੋਰ ਦਾ ਪਤਾ ਨਹੀਂ ਲਗਾ ਪਾਈ ਜਿਸ ਕਾਰਣ ਬੀਤੀ ਰਾਤ ਇੱਕ ਹੋਰ ਕਾਰ ਵਿੱਚੋਂ ਸਾਮਾਨ ਚੋਰੀ ਹੋ ਗਿਆ ਹੈ|
ਉਹਨਾਂ ਦੱਸਿਆ ਕਿ ਇਹ ਪੂਰਾ ਮਾਮਲਾ ਉਹਨਾਂ ਨੇ ਐਸ ਪੀ ਸ੍ਰ. ਹਰਬੀਰ ਸਿੰਘ ਅਤੇ ਡੀ ਐਸ ਪੀ ਸਿਟੀ 1 ਸ੍ਰੀ ਵਿਜੈ ਆਲਮ ਸਿੰਘ ਦੇ ਧਿਆਨ ਵਿੱਚ ਲਿਆ ਕੇ ਮੰਗ ਕੀਤੀ ਹੈ ਕਿ ਫੇਜ਼-6 ਵਿੱਚ ਪੁਲੀਸ ਗਸ਼ਤ ਵਿੱਚ ਵਾਧਾ ਕੀਤਾ ਜਾਵੇ ਅਤੇ ਇੱਥੇ ਲਗਾਤਾਰ  ਵਾਪਰਦੀਆਂ ਚੋਰੀ ਦੀਆਂ ਇਹਨਾਂ ਵਾਰਦਾਤਾਂ ਤੇ ਕਾਬੂ ਕਰਨ ਲਈ ਤੁਰੰਤ ਲੋੜੀਂਦੀ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *