ਫੇਜ਼-7 ਤੋਂ ਅੰਬ ਸਾਹਿਬ ਜਾਂਦੀ ਸੜਕ ਤੇ ਲਾਈਟਾਂ ਖਰਾਬ ਹੋਣ ਕਾਰਨ ਸ਼ਰਧਾਲੂ ਹੁੰਦੇ ਹਨ ਪ੍ਰੇਸ਼ਾਨ

ਫੇਜ਼-7 ਤੋਂ ਅੰਬ ਸਾਹਿਬ ਜਾਂਦੀ ਸੜਕ ਤੇ ਲਾਈਟਾਂ ਖਰਾਬ ਹੋਣ ਕਾਰਨ ਸ਼ਰਧਾਲੂ ਹੁੰਦੇ ਹਨ ਪ੍ਰੇਸ਼ਾਨ
ਕਾਂਗਰਸ ਘਾਹ ਦੀ ਸਫਾਈ ਕਰਵਾ ਕੇ ਫੁੱਟਪਾਥ ਦੀ ਹਾਲਤ ਸੁਧਾਰੀ ਜਾਵੇ : ਭਾਈ ਜਤਿੰਦਰਪਾਲ ਸਿੰਘ
ਐਸ ਏ ਐਸ ਨਗਰ, 9 ਅਕਤੂਬਰ (ਸ.ਬ.) ਸਥਾਨਕ ਫੇਜ਼-7 ਦੇ ਅੰਬਾਂ ਵਾਲਾ ਚੌਂਕ ਤੋਂ ਗੁਰਦੁਆਰਾ ਅੰਬ ਸਾਹਿਬ ਨੂੰ ਜਾਂਦੀ ਮੁੱਖ ਸੜਕ ਉੱਪਰ ਲੱਗੀਆਂ ਸਟਰੀਟ ਲਾਈਟਾਂ ਖਰਾਬ ਹਨ, ਜਿਸ ਕਾਰਨ ਰਾਤ ਸਮੇਂ ਇਸ ਸੜਕ ਉੱਪਰ ਹਨੇਰਾ ਹੀ ਛਾਇਆ ਹੁੰਦਾ ਹੈ| ਹਨੇਰੇ ਕਾਰਨ ਸ਼ਰਧਾਲੂਆਂ ਨੂੰ ਰਾਤ ਸਮੇਂ ਇਸ ਸੜਕ ਤੋਂ ਲੰਘਣ ਸਮੇਂ ਬਹੁਤ ਪ੍ਰੇਸ਼ਾਨੀ ਹੁੰਦੀ ਹੈ| ਇਸ  ਹਨੇਰੇ ਦਾ ਲਾਭ ਉਠਾ ਕੇ ਸ਼ਰਾਰਤੀ ਅਨਸਰ ਕਦੇ ਵੀ ਇਸ ਇਲਾਕੇ ਵਿੱਚ ਕੋਈ ਵਾਰਦਾਤ ਕਰ ਸਕਦੇ ਹਨ| ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਇਸ ਸੜਕ ਉਪਰ ਲੱਗੀਆਂ ਸਟਰੀਟ ਲਾਈਟਾਂ ਨਾ ਚੱਲਣ ਕਾਰਨ ਸਵੇਰੇ ਅੰਮ੍ਰਿਤ ਵੇਲੇ ਅਤੇ ਰਾਤ ਸਮੇਂ ਗੁਰਦੁਆਰਾ ਅੰਬ ਸਾਹਿਬ ਜਾਣ ਵਾਲੇ ਸ਼ਰਧਾਲੂ ਬਹੁਤ ਪ੍ਰੇਸ਼ਾਨ ਹੁੰਦੇ ਹਨ| ਇਸ ਤੋਂ ਇਲਾਵਾ ਇਸ ਸੜਕ ਦੇ ਕਿਨਾਰਿਆਂ ਤੇ ਬਹੁਤ ਭਾਰੀ ਮਾਤਰਾ ਵਿੱਚ ਕਾਂਗਰਸ ਘਾਹ ਵੀ ਉਗਿਆ ਹੋਇਆ ਹੈ, ਜਿਸਦੇ ਨੇੜੇ ਜਾਣ ਨਾਲ ਲੋਕਾਂ ਨੂੰ ਸਰੀਰਕ ਬਿਮਾਰੀਆਂ ਹੋ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ| ਇਸ ਸੜਕ ਦੇ ਕਿਨਾਰੇ ਬਣਿਆ ਫੁੱਟਪਾਥ ਵੀ ਕਈ ਥਾਵਾਂ ਤੋਂ ਟੁੱਟ ਚੁੱਕਿਆ ਹੈ, ਜਿਸ ਕਾਰਨ ਇੱਥੇ ਚੱਲਣਾ ਵੀ  ਮੁਸ਼ਿਕਲ ਹੋ ਗਿਆ ਹੈ|
ਉਹਨਾਂ ਕਿਹਾ ਕਿ ਫੇਜ਼-7 ਦੇ ਅੰਬ ਵਾਲਾ ਚੌਂਕ ਤੋਂ ਗੁਰਦੁਆਰਾ ਅੰਬ ਸਾਹਿਬ ਨੂੰ ਜਾਂਦੀ ਸੜਕ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੀ ਹੈ| ਉਹਨਾਂ ਦੋਸ਼ ਲਗਾਇਆ ਕਿ ਸਟਰੀਟ ਲਾਈਟਾਂ ਠੀਕ ਕਰਨ ਅਤੇ ਕਾਂਗਰਸ ਘਾਹ ਦੀ ਸਫਾਈ ਕਰਕੇ ਫੁੱਟਪਾਥ ਦੀ ਰਿਪੇਅਰ  ਕਰਨ ਵੱਲ ਪ੍ਰਸ਼ਾਸਨ ਵਲੋਂ ਬਿਲਕੁਲ ਵੀ ਧਿਆਨ ਨਹੀਂ ਦਿਤਾ ਜਾ ਰਿਹਾ| ਉਹਨਾਂ ਮੰਗ ਕੀਤੀ ਕਿ ਇਸ ਸੜਕ ਉੱਪਰ ਸਟਰੀਟ ਲਾਈਟਾਂ ਠੀਕ ਕੀਤੀਆਂ ਜਾਣ, ਕਾਂਗਰਸ ਘਾਹ ਦੀ ਸਫਾਈ ਕਰਕੇ ਫੁੱਟਪਾਥ ਦੀ ਰਿਪੇਅਰ ਕੀਤੀ ਜਾਵੇ|

Leave a Reply

Your email address will not be published. Required fields are marked *