ਫੇਜ਼ 7 ਦੀ ਮਾਰਕੀਟ ਵਿੱਚ ਕਿਸਾਨਾਂ ਲਈ ਸਾਮਾਨ ਇੱਕਠਾ ਕਰਨ ਵਾਲੇ ਨੌਜਵਾਨਾਂ ਦਾ ਵਿਵਾਦ ਸੁਲਝਿਆ
ਐਸ ਏ ਐਸ ਨਗਰ, 7 ਜਨਵਰੀ (ਜਸਵਿੰਦਰ ਸਿੰਘ ) ਦਿੱਲੀ ਬਾਰਡਰ ਤੇ ਧਰਨਾ ਦੇ ਰਹੇ ਕਿਸਾਨਾਂ ਦੀ ਸਹਾਇਤਾ ਲਈ ਮੁਹਾਲੀ ਦੇ ਫੇਜ਼ 7 ਮਾਰਕੀਟ ਵਿਚ ਸਾਮਾਨ ਇਕੱਠਾ ਕਰ ਰਹੇ ਨੌਜਵਾਨਾਂ (ਜਿਹਨਾਂ ਦੇ ਟੈਂਟ ਨੂੰ ਬੀਤੇ ਕੱਲ ਪੁਲੀਸ ਵੱਲੋਂ ਇੱਕ ਹੋਰ ਕਿਸਾਨ ਜਥੇਬੰਦੀ ਦੀ ਸ਼ਿਕਾਇਤ ਤੇ ਬੰਦ ਕਰਵਾ ਦਿੱਤਾ ਗਿਆ ਸੀ) ਵਲੋਂ ਅੱਜ ਆਪਣਾਂ ਕੰਮ ਮੁੜ ਆਰੰਭ ਕਰ ਲਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਆਗੂ ਰੁਪਿੰਦਰ ਸਿੰਘ ਨੇ ਕਿਹਾ ਕਿ ਇਹ ਨੌਜਵਾਨ ਭਾਰਤੀ ਕਿਸਾਨ ਯੂਨੀਅਨ ਨਾਲ ਹੀ ਸੰਬੰਧਿਤ ਹਨ ਅਤੇ ਇਹ ਸਾਰੇ ਮਾਰਕੀਟ ਵਿਚ ਕਿਸਾਨਾਂ ਦੇ ਹੱਕ ਵਿਚ ਨੁੱਕੜ ਨਾਟਕ ਵੀ ਕਰਦੇ ਹਨ ਤੇ ਸਾਮਾਨ ਵੀ ਇਕੱਠਾ ਕਰਦੇ ਹਨ। ਉਹਨਾਂ ਕਿਹਾ ਕਿ ਬੀਤੇ ਕੱਲ ਪੁਲੀਸ ਵੱਲੋਂ ਇਹਨਾਂ ਦੇ ਟੈਂਟ ਨੂੰ ਇੱਥੋਂ ਹਟਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਐਸ ਐਸ ਪੀ ਮੁਹਾਲੀ ਨਾਲ ਮੁਲਾਕਾਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਹੈ ਕਿ ਉਹ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਨੌਜਵਾਨਾਂ ਵਲੋਂ ਟੈਂਟ ਲਗਾਏ ਜਾਣ ਕਾਰਨ ਮਾਰਕੀਟ ਵਿੱਚ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ। ਉਨ੍ਹਾਂ ਕਿਹਾ ਕਿ ਹੋਰਨਾਂ ਜਥੇਬੰਦੀਆਂ ਨੂੰ ਨੌਜਵਾਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਸੀ ਨਾ ਕਿ ਇਨ੍ਹਾਂ ਦੀ ਸ਼ਿਕਾਇਤ ਕਰਕੇ ਨਿਰਾਸ਼ ਕਰਨਾ ਚਾਹੀਦਾ ਸੀ।
ਇਸ ਮੌਕੇ ਮਾਰਕੀਟ ਦੇ ਪ੍ਰਧਾਨ ਸ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਕਮਲਜੀਤ ਸਿੰਘ, ਗੱਬਰ ਸੰਗਰੂਰ, ਸੁਰਜੀਤ ਸਿੰਘ, ਕੁਲਦੀਪ ਕੌਰ, ਅਜਾਇਬ ਸਿੰਘ ਬਾਕਰਪੁਰ, ਵਿਨੋਦ ਕੁਮਾਰ ਅਤੇ ਸੁਰਿੰਦਰ ਬਾਵਾ ਵੀ ਹਾਜ਼ਰ ਸਨ।