ਫੇਜ਼ 7 ਦੀ ਮਾਰਕੀਟ ਵਿੱਚ ਟੈਂਟ ਲਗਾ ਕੇ ਕਿਸਾਨਾਂ ਲਈ ਸਾਮਾਨ ਇਕੱਠਾ ਕਰਨ ਦੇ ਮਾਮਲੇ ਵਿੱਚ ਕਿਸਾਨ ਆਗੂਆਂ ਨੇ ਜਤਾਇਆ ਵਿਰੋਧ ਐਸ ਐਸ ਪੀ ਨੂੰ ਸ਼ਿਕਾਇਤ ਦੇ ਕੇ ਕੰਮ ਬੰਦ ਕਰਵਾਉਣ ਦੀ ਮੰਗ
ਐਸ ਏ ਐਸ ਨਗਰ, 8 ਜਨਵਰੀ ( ਜਸਵਿੰਦਰ ਸਿੰਘ ) ਮੁਹਾਲੀ ਦੇ ਫੇਜ਼ 7 ਦੀ ਮਾਰਕੀਟ ਵਿਚ ਨੌਜਵਾਨਾਂ ਵੱਲੋਂ ਟੈਂਟ ਲਗਾ ਕੇ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਲਈ ਸਾਮਾਨ ਇਕੱਠਾ ਕਰਨ ਦਾ ਮਾਮਲਾ ਫਿਰ ਭਖ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਐਸ ਐਸ ਪੀ ਦਫਤਰ ਵਿੱਚ ਪਹੁੰਚ ਕੇ ਇਸ ਕਾਰਵਾਈ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਹਨਾਂ ਵਲੋਂ ਇਸ ਸੰਬੰਧੀ ਐਸ ਐਸ ਪੀ ਦਫਤਰ ਵਿੱਚ ਸ਼ਿਕਾਇਤ ਵੀ ਦਿੱਤੀ ਹੈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਮੁਹਾਲੀ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਫੇਜ਼ 7 ਦੀ ਮਾਰਕੀਟ ਵਿੱਚ ਕੁੱਝ ਨੌਜਵਾਨਾਂ ਵਲੋਂ ਕਿਸਾਨ ਮਜਦੂਰ ਏਕਤਾ ਦੇ ਬੈਨਰ ਲਗਾ ਕੇ ਲੋਕਾਂ ਤੋਂ ਸਾਮਾਨ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਨਕਦ ਉਗਰਾਹੀ ਵੀ ਕੀਤੀ ਜਾ ਰਹੀ ਹੈ ਜਿਸਦਾ ਉਹ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਇਹਨਾਂ ਨੌਜਵਾਨਾਂ ਨੇ ਕਿਸਾਨ ਸੰਘਰਸ਼ ਵਾਸਤੇ ਸਾਮਾਨ ਇਕੱਠਾ ਕਰਨਾ ਹੈ ਤਾਂ ਉਹ ਆਪਣੀ ਯੂਨੀਅਨ ਦਾ ਬੈਨਰ ਲਗਾਉਣ ਅਤੇ ਕਿਸਾਨ ਏਕਤਾ ਦੇ ਨਾਮ ਤੇ ਇਹ ਕੰਮ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਅੱਜ ਐਸ ਐਸ ਪੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦੇਣ ਪਹੁੰਚੇ ਹਨ ਅਤੇ ਜੇਕਰ ਪ੍ਰਸ਼ਾਸਨ ਵਲੋਂ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨ ਆਗੂ ਖੁਦ ਟਰੈਕਟਰ ਲੈ ਕੇ ਮੌਕੇ ਤੇ ਜਾਣਗੇ ਅਤੇ ਇਹ ਟੈਂਟ ਚੁੱਕਵਾ ਦੇਣਗੇ।