ਫੇਜ਼ 7 ਦੇ ਐਚ ਈ ਮਕਾਨਾਂ ਵਿੱਚ ਫੁੱਟਪਾਥਾਂ ਦੀ ਉਸਾਰੀ ਲਈ ਰੁੱਖ ਕੱਟੇ ਜਾਣ ਕਾਰਨ ਵਸਨੀਕਾਂ ਵਿੱਚ ਵਧਿਆ ਤਨਾਓ

ਐਸ ਏ ਐਸ ਨਗਰ, 1 ਮਾਰਚ (ਸ.ਬ.) ਫੇਜ਼ 7 ਦੇ ਐਚ ਈ ਕੁਆਟਰਾਂ ਵਿੱਚ ਕੌਂਸਲਰ ਸੈਹਬੀ ਆਨੰਦ ਦੀ ਨਿਗਰਾਨੀ ਹੇਠ ਨਿਗਮ ਵੱਲੋਂ ਬਣਵਾਏ ਜਾ ਰਹੇ ਫੁੱਟਪਾਥਾਂ ਦੀ ਉਸਾਰੀ ਦੌਰਾਨ ਉਸ ਸਮੇਂ ਵਿਵਾਦ ਖੜਾ ਹੋ ਗਿਆ ਜਦੋਂ ਫੁੱਟਪਾਥ ਬਣਾਉਣ ਲਈ ਉੱਥੇ ਲੱਗੇ ਕੁਝ ਰੁੱਖ ਪੁੱਟ ਦਿੱਤੇ ਗਏ| ਇਹਨਾਂ ਰੁੱਖਾਂ ਨੂੰ ਉਖਾੜਨ ਦਾ ਵੱਡੀ ਗਿਣਤੀ ਐਚ ਈ ਕੁਆਟਰ ਵਾਸੀਆਂ ਨੇ ਵਿਰੋਧ ਕੀਤਾ ਜਦੋਂ ਕਿ ਕੁਝ ਲੋਕ ਇਸ ਕੰਮ ਦੇ ਪੱਖ ਵਿੱਚ ਆ ਗਏ| ਇਸ ਮੌਕੇ ਐਚ ਈ ਮਕਾਨਾਂ ਦੇ ਵਸਨੀਕਾਂ ਦੇ ਦੋ ਧੜੇ ਬਣ ਗਏ, ਜਿਹਨਾਂ ਵਿਚਾਲੇ ਕਾਫੀ ਸਮਾਂ ਬਹਿਸ ਹੁੰਦੀ ਰਹੀ|
ਇਕ ਧੜਾ ਕਹਿ ਰਿਹਾ ਸੀ ਕਿ ਫੁੱਟਪਾਥ ਬਣਾਉਣ ਦਾ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਹੈ ਅਤੇ ਇਸ ਨੂੰ ਜਲਦੀ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ, ਜਦੋਂ ਕਿ ਇਸ ਕੰਮ ਦਾ ਵਿਰੋਧ ਕਰ ਰਹੇ ਧੜੇ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਫੁੱਟਪਾਥ ਬਣਾਉਣ ਲਈ ਇਥੇ ਲੱਗੇ ਕਈ ਰੁੱਖ ਵੀ ਪੁੱਟ ਦਿੱਤੇ ਗਏ ਹਨ ਜੋ ਕਿ ਗਲਤ ਹੈ| ਇਸ ਤੋਂ ਇਲਾਵਾ ਫੁੱਟਪਾਥ ਬਣਾਉਣ ਲਈ ਮਕਾਨਾਂ ਦੀਆਂ ਨੀਹਾਂ ਦੇ ਨੇੜੇ ਹੀ ਖੁਦਾਈ ਕਰ ਦਿੱਤੀ ਗਈ ਹੈ, ਜਿਸ ਕਾਰਨ ਮਕਾਨਾਂ ਨੂੰ ਖਤਰਾ ਪੈਦਾ ਹੋ ਗਿਆ ਹੈ ਅਤੇ ਇਸ ਕਾਰਨ ਇਹ ਮਕਾਨ ਡਿੱਗਣ ਦਾ ਖਤਰਾ ਪੈਦਾ ਹੋ ਗਿਆ ਹੈ|
ਇਸ ਮੌਕੇ ਮੌਜੂਦ ਐਮ ਸੀ ਸੈਹਬੀ ਆਨੰਦ ਨੇ ਕਿਹਾ ਕਿ ਇਸ ਇਲਾਕੇ ਵਿੱਚ ਘਰਾਂ ਦੇ ਕਿਨਾਰੇ ਕਰੀਬ 10 ਫੁੱਟ ਤਕ ਫੁੱਟਪਾਥ ਬਣਾਏ ਜਾ ਰਹੇ ਹਨ ਇਹਨਾਂ ਫੁੱਟਪਾਥਾਂ ਉਪਰ ਵਾਹਨ ਖੜੇ ਕੀਤੇ ਜਾ ਸਕਣਗੇ| ਉਹਨਾਂ ਕਿਹਾ ਕਿ ਫੁੱਟਪਾਥ ਬਣਾਉਣ ਵਿੱਚ ਅੜਿਕਾ ਬਣ ਰਹੇ ਛੋਟੇ ਬੂਟਿਆਂ ਨੂੰ ਪੁੱਟਿਆ ਜਰੂਰ ਗਿਆ ਹੈ ਪਰ ਵੱਡੇ ਰੁੱਖਾਂ ਨੂੰ ਨਹੀਂ ਛੇੜਿਆ ਗਿਆ|
ਇਸ ਮੌਕੇ ਐਚ ਈ ਕੁਆਟਰਾਂ ਦੇ ਪ੍ਰਧਾਨ ਐਮ ਐਨ ਵੋਹਰਾ ਨੇ ਕਿਹਾ ਕਿ ਕਂੌਸਲਰ ਵਲੋਂ ਕਰਵਾਇਆ ਜਾ ਰਿਹਾ ਕੰਮ ਲੋਕਾਂ ਦੀ ਲੋੜ ਅਨੁਸਾਰ ਹੈ ਅਤੇ ਇਸ ਨੁੰ ਜਲਦੀ ਪੂਰਾ ਕਰ ਦੇਣਾ ਚਾਹੀਦਾ ਹੈ| ਜਦੋਂਕਿ ਐਚ ਈ ਕੁਆਟਰਾਂ ਦੇ ਜਨਰਲ ਸੈਕਟਰੀ ਸ੍ਰ. ਨਰਿੰਦਰ ਸਿੰਘ ਲਾਂਬਾ ਨੇ ਕਿਹਾ ਕਿ ਫੁੱਟਪਾਥ ਬਣਾਉਣ ਦੀ ਆੜ ਵਿਚ ਰੁੱਖ ਵੀ ਕਟੇ ਜਾ ਰਹੇ ਹਨ ਜੋ ਕਿ ਗਲਤ ਹੈ|
ਇਸ ਮੌਕੇ ਇੱਥੋਂ ਦੀ ਵਸਨੀਕ ਰੰਜਤ ਬਾਲਾ ਨੇ ਕਿਹਾ ਕਿ ਉਹਨਾ ਨੇ ਕਈ ਸਾਲ ਪਹਿਲਾਂ ਇਥੇ ਰੁੱਖ ਲਗਾਏ ਸੀ, ਜਿਹਨਾਂ ਦੀ ਛਾਂ ਹੇਠਾਂ ਉਹ ਬੈਠਦੇ ਸੀ ਪਰ ਹੁਣ ਫੁੱਟਪਾਥ ਬਣਾਉਣ ਦੇ ਬਹਾਨੇ ਉਹ ਰੁੱਖ ਪੁੱਟ ਦਿਤੇ ਗਏ ਹਨ|
ਇੱਕ ਹੋਰ ਵਸਨੀਕ ਧਰਮਿੰਦਰ ਸਿੰਘ ਨੇ ਕਿਹਾ ਕਿ ਇਥੇ ਫੁਟਪਾਥ ਬਣਾਉਣ ਨਾਲ ਕਿਸੇ ਨੁੰ ਕੋਈ ਪ੍ਰੇਸ਼ਾਨੀ ਨਹੀਂ ਹੈ, ਗਲੀਆਂ ਵਿਚ ਜੋ ਵਾਹਨ ਖੜੇ ਹੁੰਦੇ ਸੀ ਉਹ ਹੁਣ ਫੁੱਟਪਾਥ ਉਪਰ ਖੜੇ ਹੋਇਆ ਕਰਨਗੇ ਇਸ ਤਰ੍ਹਾਂ ਰਸਤਾ ਸਾਫ ਹੋਵੇਗਾ|

Leave a Reply

Your email address will not be published. Required fields are marked *