ਫੇਜ਼ 7 ਦੇ ਐਚ ਡੀ ਐਫ ਸੀ ਬੈਂਕ ਵਿੱਚ ਅੱਗ ਲੱਗੀ

ਐਸ ਏ ਐਸ ਨਗਰ,26 ਜੂਨ (ਸ. ਬ.) ਅੱਜ ਸਵੇਰੇ 11.30 ਦੇ ਕਰੀਬ ਐਚ ਡੀ ਐਫ ਸੀ ਬੈਂਕ ਵਿਚ ਅੱਗ ਲੱਗ ਗਈ, ਜਿਸ ਕਾਰਨ ਕਾਫੀ ਮਾਲੀ ਨੁਕਸਾਨ ਹੋ ਗਿਆ ਪਰ ਬੈਂਕ ਵਿਚ ਈਦ ਦੀ ਛੁੱਟੀ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਵਿਚ ਅੱਗ ਲੱਗਣ ਦਾ ਪਤਾ ਉਸ  ਸਮੇਂ ਲਗਿਆ ਜਦੋਂ ਲੋਕਾਂ ਨੇ ਬੈਂਕ ਵਿਚੋਂ ਧੂੰਆਂ ਨਿਕਲਦਾ ਵੇਖਿਆ| ਇਸ ਉਪਰੰਤ ਉਥੇ ਮੌਜੂਦ ਵਿਅਕਤੀਆਂ ਨੇ ਇਸ ਦੀ ਸੂਚਨਾ ਪੁਲੀਸ ਅਤੇ ਫਾਇਰ ਬ੍ਰਿਗੇਡ ਨੁੰ ਦਿਤੀ| ਈਦ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਸੀ, ਜਿਸ ਕਰਕੇ ਫਾਇਰ ਬ੍ਰਿਗੇਡ ਦੀ ਟੀਮ ਬੈਂਕ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਈ ਅਤੇ ਇਕ ਘੰਟੇ ਦੀ ਜਦੋਜਹਿਦ ਮਗਰੋਂ ਅੱਗ ਉਪਰ ਕਾਬੂ ਪਾਇਆ| ਬੈਂਕ ਬੰਦ ਹੋਣ  ਕਾਰਨ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ| ਬੈਂਕ ਦੀ ਬਿਲਡਿੰਗ ਦੇ ਉਪਰ ਹੀ ਇਕ ਟਿਊਸ਼ਨ ਸੈਂਟਰ ਵਿਚ ਪੜ ਰਹੇ ਬੱਚੇ ਬੈਂਕ ਵਿਚ ਅੱਗ ਲੱਗੀ ਵੇਖਕੇ ਡਰ ਕਾਰਨ ਉਥੋਂ ਦੌੜ ਗਏ|
ਉਥੇ ਮੌਜੂਦ ਫਾਇਰ ਅਫਸਰ ਨੇ ਦਸਿਆ ਕਿ ਇਹ ਅੱਗ ਸ਼ਾਰਟ ਸਰਕਟ ਨਾਲ ਲੱਗੀ ਜਾਪਦੀ ਹੈ ਅਤੇ ਇਸ ਕਾਰਨ ਸੋਫੇ ਆਦਿ ਸੜ ਗਏ ਹਨ ਪਰ ਲਾਕਰ ਸੁਰਖਿਅਕ ਹਨ|
ਇਸ ਮੌਕੇ ਉਥੇ ਮੌਜੂਦ ਬੈਂਕ  ਮੈਨੇਜਰ ਹਰਜਿੰਦਰ ਸਿੰਘ ਨੇ ਦਸਿਆ ਕਿ ਅੱਗ ਕਾਰਨ ਹੋਏ ਨੁਕਸਾਨ ਬਾਰੇ ਤਾਂ ਜਾਣਕਾਰੀ ਮੁੰਬਈ ਬੈਂਕ ਵਾਲੇ ਹੀ ਦੇਣਗੇ|
ਸੰਪਰਕ ਕਰਨ ਤੇ ਮੁੰਬਈ ਵਿੱਚ ਬੈਂਕ ਦੇ ਕਾਰਪੋਰੇਟ ਕਮਿਉਨੀਕੇਸ਼ਨ  ਅਧਿਕਾਰੀ ਸ੍ਰੀ ਰਾਜੀਵ ਬੈਨਰਜੀ ਨੇ ਦੱਸਿਆ ਕਿ ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਮਿਲ ਪਾਈ ਅਤੇ ਬੈਂਕ ਵੱਲੋਂ ਇਸ ਸਬੰਧੀ ਫਾਇਰ ਬ੍ਰਿਗੇਡ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ|  ਉਹਨਾਂ ਦੱਸਿਆ ਕਿ ਅੱਗ ਦੀ ਇਸ ਘਟਨਾ ਦੌਰਾਨ ਗ੍ਰਾਹਕਾ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਬੈਂਕ ਦੇ ਸਾਰੇ ਲਾਕਰ ਅਤੇ ਕੈਸ਼ ਸੁਰਖਿਅਤ ਹੈ| ਉਹਨਾਂ ਕਿਹਾ ਕਿ ਇਸ ਬ੍ਰਾਂਚ ਦੇ ਗ੍ਰਾਹਕ ਸ਼ਹਿਰ ਵਿਚਲੀਆਂ ਹੋਰਨਾਂ ਬ੍ਰਾਂਚਾਂ ਵਿੱਚ ਆਪਣੇ ਰੁਟੀਨ ਕੰਮ ਕਰ ਸਕਦੇ ਹਨ ਅਤੇ ਬੈਂਕ ਵੱਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ|

Leave a Reply

Your email address will not be published. Required fields are marked *