ਫੇਜ਼ 7 ਦੇ ਸਪੋਰਟਸ ਕੰਪਲੈਕਸ ਦੀ ਹਾਲਤ ਸੁਧਾਰੀ ਜਾਵੇ : ਕਾਹਲੋਂ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਮੰਗ ਕੀਤੀ ਹੈ ਕਿ ਸਥਾਨਕ ਫੇਜ਼ 7 ਵਿੱਚ ਸਥਿਤ ਸਪੋਰਟਸ ਕੰਪਲੈਕਸ ਦੀ ਹਾਲਤ ਸੁਧਾਰੀ ਜਾਵੇ| ਅੱਜ ਇੱਥੇ ਪੱਤਰਕਾਰਾ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਸਪੋਰਟਸ ਕੰਪਲੈਕਸ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ|
ਉਹ: ਦੱਸਿਆ ਕਿ ਉਚਿਤ ਦੇਖਭਾਲ ਨਾ ਹੋਣ ਕਾਰਨ ਇਸ ਕੰਪਲੈਕਸ ਦੇ ਪਾਰਕ ਵਾਲੇ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇਸ ਥਾਂ ਤੇ ਹਰ ਪਾਸੇ ਗੰਦਗੀ ਦੀ ਭਰਮਾਰ ਹੈ| ਸਟੇਡੀਅਮ ਦੀ ਬਾਉਂਡੀ ਵਾਲ ਦੇ ਨਾਲ (ਪਿਛਲੇ ਪਾਸੇ ਗ੍ਰੀਨ ਬੈਲਟ ਨਾਲ ਲੱਗਦੀ) ਵਾਲੀ ਥਾਂ ਤੇ ਝਾੜੀਆਂ ਕੱਟ ਕੇ ਰੱਖੀਆਂ ਹੋਈਆਂ ਹਨ ਜਿਨਾਂ ਕਾਰਨ ਇੱਥੇ ਮੱਛਰਾਂ ਦੀ ਭਰਮਾਰ ਹੈ ਅਤੇ ਕੂੜਾ ਸੜਣ ਕਾਰਨ ਇੱਥੇ ਸੜਿਆਂਧ ਪੈਦਾ ਹੋ ਰਹੀ ਹੈ|
ਉਹਨਾਂ ਕਿਹਾ ਕਿ ਸਰਕਾਰ ਇਸ ਸਪੋਰਟਸ ਕਾਂਪਲੈਕਸ ਨੂੰ ਨਿੱਜੀ ਹੱਕਾਂ ਵਿੱਚ ਦੇਣ ਦਾ ਬਹਾਨਾ ਲੱਭ ਰਹੀ ਹੈ ਅਤੇ ਇਸ ਕਾਰਨ ਹੀ ਇਸ ਕਾਂਪਲੈਕਸ ਦੀ ਉਚਿਤ ਦੇਖਭਾਲ ਨਹੀਂ ਕੀਤੀ ਜਾ ਰਹੀ|
ਸ੍ਰ. ਕਾਹਲੋਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਖਿਡਾਰੀਆਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਦੇਣ ਵਿੱਚ ਨਾਕਾਮ ਸਾਬਿਤ ਹੋਈ ਹੈ ਅਤੇ ਸਰਕਾਰ ਦੀ ਖੇਡਾਂ ਬਾਰੇ ਨੀਤੀ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ| ਉਹਨਾਂ ਮੰਗ ਕੀਤੀ ਹੈ ਕਿ ਇਸ ਸਪੋਰਟਸ ਕੰਪਲੈਕਸ ਦੀ ਹਾਲਤ ਵਿੱਚ ਸੁਧਾਰ ਲਈ ਤੁਰੰਤ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *