ਫੇਜ਼ 7 ਵਿੱਚ ਆਤਮ ਹਤਿਆ ਕਰਨ ਵਾਲੀ ਔਰਤ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪੀ

ਫੇਜ਼ 7 ਵਿੱਚ ਆਤਮ ਹਤਿਆ ਕਰਨ ਵਾਲੀ ਔਰਤ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪੀ
ਔਰਤ ਦਾ ਸੱਤ ਸਾਲ ਦਾ ਬੱਚਾ ਨਾਨੇ ਨੂੰ ਸੌਂਪਿਆ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਬੀਤੇ ਦਿਨ ਸਥਾਨਕ ਫੇਜ਼ 7 ਵਿੱਚ ਪੁਲੀਸ ਨੇ ਇੱਕ ਘਰ ਵਿਚੋਂ ਜਿਸ ਔਰਤ ਦੀ ਪੱਖੇ ਨਾਲ ਲਮਕਦੀ ਲਾਸ਼ ਨੂੰ ਬਰਾਮਦ ਕੀਤਾ ਸੀ, ਉਸ ਔਰਤ ਦੀ ਲਾਸ਼ ਨੂੰ ਅੱਜ ਸਿਵਲ ਹਸਪਤਾਲ ਫੇਜ਼ 6 ਦੇ ਹਸਪਤਾਲ ਵਿਖੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ| ਪੁਲੀਸ ਨੇ ਉਸ ਔਰਤ ਦੇ 7 ਸਾਲ ਦੇ ਮੁੰਡੇ ਨੂੰ ਉਸਦੇ ਨਾਨੇ ਸੁਰਜੀਤ ਸਿੰਘ ਵਸਨੀਕ ਬੌਪਾਰਾਏ ਨੇੜੇ ਜਗਰਾਓਂ ਦੇ ਸਪੁਰਦ ਕਰ ਦਿੱਤਾ| ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|
ਜਿਕਰਯੋਗ ਹੈ ਕਿ ਸ੍ਰੀਮਤੀ ਜਸਪਿੰਦਰ ਕੌਰ ਉਮਰ ਕਰੀਬ30 ਸਾਲ ਵਸਨੀਕ ਮਕਾਨ ਨੰਬਰ 537, ਫੇਜ਼ 7, ਫਸਟ ਫਲੋਰ ਉਪਰ 7 ਸਾਲ ਦੇ ਬੱਚੇ ਸਮੇਤ ਰਹਿੰਦੀ ਸੀ, ਇਸਦਾ ਪਤੀ ਫੌਜ ਵਿੱਚ ਹੈ ਅਤੇ ਫਰੀਦਕੋਟ ਵਿਖੇ ਤੈਨਾਤ ਹੈ| ਇਸ ਔਰਤ ਨੇ ਤਿੰਨ ਚਾਰ ਦਿਨ ਪਹਿਲਾਂ ਆਪਣੇ ਘਰ ਵਿੱਚ ਹੀ ਪੱਖੇ ਨਾਲ ਲਮਕ ਕੇ ਆਤਮ ਹਤਿਆ ਕਰ ਲਈ| ਬੀਤੇ ਦਿਨ ਸ਼ਾਮ 6 ਵਜੇ ਪੁਲੀਸ ਨੂੰ ਸੂਚਨਾ ਮਿਲੀ ਕਿ ਇਸ ਘਰ ਵਿਚੋਂ ਬਦਬੂ ਆ ਰਹੀ ਹੈ| ਜਦੋਂ ਪੁਲੀਸ ਮੌਕੇ ਉਪਰ ਗਈ ਤਾਂ ਗੇਟ ਅੰਦਰੋਂ ਬੰਦ ਸੀ, ਪੁਲੀਸ ਮੁਲਾਜਮਾਂ ਨੇ ਜਦੋਂ ਇਸ ਘਰ ਦੀ ਖਿੜਕੀ ਤੋਂ ਅੰਦਰ ਵੇਖਿਆ ਤਾਂ ਇਹ ਔਰਤ ਪੱਖੇ ਨਾਲ ਝੁੱਲ ਰਹੀ ਸੀ ਤੇ ਉਸਦੇ ਕੋਲ ਇਕ ਸੱਤ ਸਾਲ ਦਾ ਬੱਚਾ ਬੈਠਾ ਹੋਇਆ ਸੀ| ਇਸ ਘਰ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ| ਪੁਲੀਸ ਨੇ ਕੁੰਡੀ ਖੁਲਵਾ ਕੇ ਲਾਸ਼ ਨੂੰ ਹੇਠਾਂ ਉਤਾਰਿਆ ਤੇ ਫੇਜ਼ 6 ਦੇ ਸਿਵਲ ਹਸਪਤਾਲ ਭੇਜ ਦਿੱਤਾ ਸੀ, ਜਿਥੇ ਕਿ ਅੱਜ ਇਸ ਔਰਤ ਦੀ ਲਾਸ਼ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ| ਇਸ ਔਰਤ ਦੇ ਬੱਚੇ ਨੂੰ ਉਸਦੇ ਨਾਨਾ ਸੁਰਜੀਤ ਸਿੰਘ ਵਸਨੀਕ ਬੋਪਾਰਾਏ ਨੇੜੇ ਜਗਰਾਓ ਦੇ ਹਵਾਲੇ ਕਰ ਦਿੱਤਾ|

Leave a Reply

Your email address will not be published. Required fields are marked *