ਫੇਜ਼ 7 ਵਿੱਚ ਫੁੱਲ ਵੇਚਣ ਵਾਲਿਆਂ ਨੇ ਕੀਤੇ ਹੋਏ ਨੇ ਨਾਜਾਇਜ਼ ਕਬਜੇ

ਐਸ ਏ ਐਸ ਨਗਰ, 14 ਨਵੰਬਰ  (ਸ.ਬ.) ਸਥਾਨਕ ਫੇਜ਼ 7 ਵਿੱਚ ਮੁੱਖ ਚੌਂਕ ਦੇ ਨੇੜੇ ਮੁੱਖ ਸੜਕ ਉੱਪਰ ਹੀ ਫੁੱਲ ਅਤੇ ਗੁਲਦਸਤੇ ਵੇਚਣ ਵਾਲਿਆਂ ਨੇ ਵੱਡੀ ਗਿਣਤੀ ਵਿੱਚ ਨਾਜਾਇਜ ਕਬਜੇ ਕਰ ਰੱਖੇ ਹਨ, ਜਿਸ ਕਾਰਨ ਉਥੋਂ ਲੰਘਦੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਹਨਾਂ ਨਾਜਾਇਜ ਕਬਜਾ ਕਰਨ ਵਾਲਿਆਂ ਕਾਰਨ ਇਹ ਸੜਕ ਕਾਫੀ ਤੰਗ ਹੋ ਗਈ ਹੈ, ਭਾਰੀ ਆਵਾਜਾਈ ਵਾਲੀ ਇਸ ਸੜਕ ਉੱਪਰ ਇਹਨਾਂ ਨਾਜਾਇਜ ਕਬਜਿਆਂ ਕਾਰਨ ਕਈ ਵਾਰ ਹਾਦਸੇ ਤਕ ਵਾਪਰਨ ਦੀ ਨੌਬਤ ਆ ਚੁੱਕੀ ਹੈ|
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਫੁੱਲ ਅਤੇ ਗੁਲਦਸਤੇ ਵੇਚਣ ਵਾਲਿਆਂ ਵਲੋਂ ਸੜਕ ਕਿਨਾਰੇ ਕੀਤੇ ਗਏ ਨਾਜਾਇਜ ਕਬਜਿਆਂ ਨੂੰ ਹਟਾਉਣ ਸਬੰਧੀ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਦਾਲ ਵਿੱਚ ਕੁਝ ਕਾਲਾ ਨਜਰ ਆ ਰਿਹਾ ਹੈ| ਸ਼ਹਿਰ ਵਾਸੀਆਂ ਵਿੱਚ ਅਕਸਰ ਹੀ ਇਸ ਗੱਲ ਦੀ ਚਰਚਾ ਹੁੰਦੀ ਰਹਿੰਦੀ ਹੈ ਕਿ ਨਾਜਾਇਜ ਕਬਜਾ ਕਰਨ ਵਾਲੇ ਲੋਕ ਨਗਰ ਨਿਗਮ ਦੇ ਨਾਜਾਇਜ ਕਬਜਾ ਹਟਾਊ ਵਿਭਾਗ ਦੇ ਕਰਮਚਾਰੀਆਂ ਨਾਲ ਕਥਿਤ ਮਿਲੀਭੁਗਤ ਤੇ ਮੇਲ ਮਿਲਾਪ ਰੱਖਦੇ ਹਨ, ਜਿਸ ਕਾਰਨ ਇਹਨਾਂ ਨਾਜਾਇਜ ਕਬਜਿਆਂ ਵਿਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ| ਇਸ ਤਰ੍ਹਾਂ ਲੱਗਦਾ ਹੈ ਜਿਵੇਂ ਪੂਰਾ ਸ਼ਹਿਰ ਹੀ ਨਾਜਾਇਜ ਕਬਜਿਆਂ ਦੀ ਮਾਰ ਹੇਠ ਹੋਵੇ|
ਇਹਨਾਂ ਫੁੱਲ ਅਤੇ ਗੁਲਦਸਤੇ ਵੇਚਣ ਵਾਲਿਆਂ ਨੇ ਖੁਦ ਤਾਂ ਸੜਕ ਕਿਨਾਰੇ ਨਾਜਾਇਜ ਕਬਜੇ ਕੀਤੇ ਹੀ ਹੋਏ ਹਨ, ਇਹਨਾਂ ਤੋਂ ਫੁੱਲ ਅਤੇ ਗੁਲਦਸਤੇ ਖਰੀਦਣ ਵਾਲੇ ਲੋਕ ਵੀ ਆਪਣੇ ਵਾਹਨ ਸੜਕ ਉਪਰ ਹੀ ਖੜੇ ਕਰ ਦਿੰਦੇ ਹਨ, ਜਿਸ ਕਾਰਨ ਇਸ ਮੁੱਖ ਸੜਕ ਉਪਰ ਆਵਾਜਾਈ ਵਿੱਚ ਭਾਰੀ ਵਿਘਨ ਪਂੈਦਾ ਹੈ ਅਤੇ ਇਥੇ ਹਰ ਵੇਲੇ ਹੀ ਵਾਹਨਾਂ ਦੇ ਹਾਰਨਾਂ ਦੀ ਕਾਵਾਂਰੋਲੀ ਜਿਹੀ ਪਈ ਰਹਿੰਦੀ ਹੈ| ਜਿਸ ਤਰੀਕੇ ਨਾਲ ਇਹ ਫੁੱਲ ਅਤੇ ਗੁਲਦਸਤੇ  ਵੇਚਣ ਵਾਲੇ ਸ਼ਰੇਆਮ ਨਾਜਾਇਜ ਕਬਜਾ ਕਰਕੇ ਆਪਣਾ ਕੰਮ  ਧੰਦਾ ਚਲਾ ਰਹੇ ਹਨ, ਉਸ ਤੋਂ ਲੱੱਗਦਾ ਹੈ ਕਿ ਪੂਰਾ ਸ਼ਹਿਰ ਹੀ ਇਕ ਦਿਨ ਨਾਜਾਇਜ ਕਬਜਿਆਂ ਦੀ ਬੁਰੀ ਮਾਰ ਹੇਠ ਆ ਜਾਵੇਗਾ|

Leave a Reply

Your email address will not be published. Required fields are marked *