ਫੇਜ਼-7 ਵਿੱਚ ਸ਼ੋਅਰੂਮ ਖਾਲੀ ਕਰਵਾਉਣ ਮੌਕੇ ਚੱਲੀਆਂ ਕਿਰਪਾਨਾਂ ਤੇ ਡਾਂਗਾਂ

ਫੇਜ਼-7 ਵਿੱਚ ਸ਼ੋਅਰੂਮ ਖਾਲੀ ਕਰਵਾਉਣ ਮੌਕੇ ਚੱਲੀਆਂ ਕਿਰਪਾਨਾਂ ਤੇ ਡਾਂਗਾਂ
ਦੋ ਧਿਰਾਂ ਦੀ ਲੜਾਈ ਵਿੱਚ ਦੋ ਵਿਅਕਤੀ ਜਖਮੀ
ਐਸ ਏ ਐਸ ਨਗਰ, 9 ਨਵੰਬਰ (ਸ.ਬ.)  ਫੇਜ਼-7 ਵਿੱਚ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਜਦੋਂ ਸ਼ੋਅਰੂਮ ਨੰਬਰ 110 ਦੇ ਮਾਲਕ ਸੰਦੀਪ ਸਿੰਘ ਨੇ ਅਦਾਲਤ ਦੇ ਨੁਮਾਇੰਦੇ ਦੀ ਹਾਜਰੀ ਵਿਚ ਆਪਣੇ ਸਾਥੀਆਂ ਸਮੇਤ ਸ਼ੋਅਰੂਮ ਦੇ ਕਿਰਾਏਦਾਰ ਕਮਲਜੀਤ ਸਿੰਘ ਦਾ ਸਮਾਨ ਚੁੱਕ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿਤਾ|
ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਇਸ ਮੌਕੇ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ ਅਤੇ ਇਸ ਮੌਕੇ ਕਿਰਪਾਨਾਂ ਅਤੇ ਡਾਂਗਾਂ ਦੀ ਖੁਲ ਕੇ ਵਰਤੋਂ ਕੀਤੀ ਗਈ| ਇਸ ਲੜਾਈ ਵਿੱਚ ਦੋ ਵਿਅਕਤੀ ਜਖਮੀ ਹੋ  ਗਏ| ਇਸ ਲੜਾਈ ਕਾਰਨ ਇਸ ਮਾਰਕੀਟ ਵਿੱਚ ਦਹਿਸ਼ਤ ਫੈਲ ਗਈ ਅਤੇ ਸਹਿਮ ਦਾ ਮਾਹੌਲ ਬਣ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸ਼ੋਅਰੂਮ ਦਾ ਕਾਫੀ ਸਮੇਂ ਤੋਂ ਵਿਵਾਦ ਚਲ ਰਿਹਾ ਸੀ| ਸ਼ੋਅਰੂਮ ਮਾਲਕ ਨੇ ਇਸ ਸੰਬੰਧੀ ਅਦਾਲਤ ਵਿਚ ਕੇਸ ਕੀਤਾ ਸੀ ਕੇਸ ਨੂੰ ਜਿੱਤਣ ਤੋਂ ਬਾਅਦ ਅੱਜ ਸ਼ੋਅਰੂਮ ਮਾਲਕ ਅਦਾਲਤ ਦੇ ਨਮਾਇੰਦੇ ਨਾਲ ਇਹ ਸ਼ੋਅਰੂਮ ਖਾਲੀ ਕਰਵਾਉਣ ਆਇਆ ਸੀ ਜਿਸ ਦੌਰਾਨ ਇਹ ਸਾਰਾ ਝਗੜਾ ਹੋ ਗਿਆ|
ਸ਼ੋਅਰੂਮ 110 ਦੇ ਕਿਰਾਏਦਾਰ ਕਮਲਜੀਤ ਸਿੰਘ ਅਤੇ ਉਸਦੇ ਭਰਾ ਵਰਿੰਦਰ ਸਿੰਘ ਨੇ ਦਸਿਆ ਕਿ ਉਹ ਸਵੇਰੇ ਦੁਕਾਨ ਖੋਲ ਕੇ ਬੈਠੇ ਹੀ ਸੀ ਕਿ ਸ਼ੋਅਰੂਮ ਮਾਲਕ ਸੰਦੀਪ ਸਿੰਘ ਨੇ ਆਪਣੇ 15-20 ਸਾਥੀਆਂ ਸਮੇਤ ਆ ਕੇ ਦੁਕਾਨ ਵਿੱਚੋਂ ਉਹਨਾਂ ਦਾ ਸਮਾਨ ਚੁੱਕ ਕੇ ਬਾਹਰ ਸੁੱਟਣਾ ਸ਼ੁਰੂ ਕਰ ਦਿਤਾ, ਜਦੋਂ ਉਹਨਾਂ ਨੇ ਇਸ ਤਰ੍ਹਾਂ ਕਰਨ ਤੋਂ ਰੋਕਿਆ ਤਾਂ ਉਹਨਾਂ ਨੇ ਹਮਲਾ ਕਰਕੇ  ਉਹਨਾਂ ਦੋਵਾਂ ਨੂੰ ਜਖਮੀ ਕਰ ਦਿਤਾ| ਉਹਨਾਂ ਕਿਹਾ ਕਿ ਅਦਾਲਤ ਨੇ 21 ਨਵੰਬਰ ਤਕ ਇਹ ਸ਼ੋਅਰੂਮ ਉਹਨਾਂ ਨੂੰ ਖਾਲੀ ਕਰਨ ਲਈ ਕਿਹਾ ਸੀ ਪਰ ਸ਼ੋਅਰੂਮ ਮਾਲਕ ਨੇ 12 ਦਿਨ ਪਹਿਲਾਂ ਹੀ ਉਹਨਾਂ ਦਾ ਸਮਾਨ ਚੁੱਕ ਕੇ ਬਾਹਰ ਸੁੱਟ ਦਿਤਾ, ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ|
ਇਸ ਮੌਕੇ ਮੌਜੂਦ ਅਦਾਲਤ ਦੇ ਨੁਮਾਇੰਦੇ ਹਰਜੀਤ ਸਿੰਘ ਨੇ ਦਸਿਆ ਕਿ ਉਹ ਮਾਣਯੋਗ ਅਦਾਲਤ ਦੇ ਹੁਕਮਾਂ ਤੇ ਹੀ ਇਹ ਸ਼ੋਅਰੂਮ ਖਾਲੀ ਕਰਵਾਉਣ ਆਏ ਹਨ| ਮੌਕੇ ਉੱਪਰ ਪਹੁੰਚੀ ਮਟੌਰ ਥਾਣਾ, ਪੁਲੀਸ ਦੋਵਾਂ ਧਿਰਾ ਨੂੰ ਥਾਣੇ ਲੈ ਗਈ ਸੀ|

Leave a Reply

Your email address will not be published. Required fields are marked *