ਫੇਜ਼-7 ਵਿੱਚ ਸ਼ੋਅਰੂਮ ਮਾਲਕ ਨੇ ਧੱਕੇ ਨਾਲ 5 ਫੁੱਟ ਸੜਕ ਉੱਪਰ ਕੀਤਾ ਨਾਜਾਇਜ਼ ਕਬਜਾ

ਫੇਜ਼-7 ਵਿੱਚ ਸ਼ੋਅਰੂਮ ਮਾਲਕ ਨੇ ਧੱਕੇ ਨਾਲ 5 ਫੁੱਟ ਸੜਕ ਉੱਪਰ ਕੀਤਾ ਨਾਜਾਇਜ਼ ਕਬਜਾ
ਕੌਂਸਲਰ ਫੂਲਰਾਜ ਸਿੰਘ ਵਲੋਂ ਨਾਜਾਇਜ਼ ਕਬਜਾ ਤੁਰੰਤ ਹਟਾਉਣ ਦੀ ਮੰਗ
ਐਸ ਏ ਐਸ ਨਗਰ, 14 ਜੂਨ (ਸ.ਬ.) ਸਥਾਨਕ ਫੇਜ਼ 7 ਦੀ ਸ਼ੋਅਰੂਮ ਮਾਰਕੀਟ ਵਿੱਚ ਸਥਿਤ ਇੱਕ ਸ਼ੋਅਰੂਮ ਦੇ ਮਾਲਕ ਨੇ ਆਪਣੇ ਸ਼ੋਅਰੂਮ ਦੇ ਨਾਲ ਲੱਗਦੀ ਸੜਕ ਉੱਪਰ 5 ਫੁੱਟ ਤਕ ਕਬਜਾ ਕਰਕੇ ਨਾਜਾਇਜ ਹੋਦੀਆਂ ਬਣਾ ਲਈਆਂ ਹਨ, ਜਿਸ ਕਾਰਨ ਮਾਰਕੀਟ ਦੇ ਦੁਕਾਨਦਾਰਾਂ ਅਤੇ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼ 7 ਦੇ ਪ੍ਰਧਾਨ ਸੁਰੇਸ਼ ਕੁਮਾਰ ਵਰਮਾ ਨੇ ਦੱਸਿਆ ਕਿ ਇਹ ਸੜਕ ਕੁੱਝ ਸਮਾਂ ਪਹਿਲਾਂ ਬਣਾਈ ਗਈ ਸੀ, ਇਸ ਦੇ ਬਾਵਜੂਦ ਸ਼ੋਅਰੂਮ ਮਾਲਕ ਵਲੋਂ ਆਪਣੇ ਸ਼ੋਅਰੂਮ ਦੇ ਨਾਲ ਪੂਰੀ ਪੰਜ ਫੁੱਟ ਸੜਕ ਉੱਪਰ ਨਾਜਾਇਜ ਕਬਜਾ ਕਰਕੇ ਉੱਥੇ ਹੋਦੀਆਂ ਬਣਾ ਲਈਆਂ ਹਨ| ਉਹਨਾਂ ਕਿਹਾ ਕਿ ਜੇ ਸ਼ੋਅਰੂਮ ਮਾਲਕ ਇਹ ਹੋਦੀਆਂ ਬਣਾਉਣ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰਦਾ ਤਾਂ ਇਸਦਾ ਕੋਈ ਸਾਂਝਾ ਹੱਲ ਕਢਿਆ ਜਾਂਦਾ ਪਰ ਧੱਕੇ ਨਾਲ ਹੋਦੀਆਂ ਬਣਾਉਣ ਤੋਂ ਬਾਅਦ ਹੁਣ ਸ਼ੋਅਰੂਮ ਮਾਲਕ ਵਲੋਂ ਮਾਰਕੀਟ ਦੇ ਦੁਕਾਨਦਾਰਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ, ਜਿਸ ਦੀ ਸਿਕਾਇਤ ਦੁਕਾਨਦਾਰਾਂ ਵਲੋਂ ਲਿਖਤੀ ਰੂਪ ਵਿੱਚ ਮਟੌਰ ਥਾਣੇ ਵਿੱਚ ਕੀਤੀ ਗਈ ਹੈ|
ਇਸ ਮੌਕੇ ਹੋਰਨਾਂ ਦੁਕਾਨਦਾਰਾਂ ਨੇ ਵੀ ਕਿਹਾ ਕਿ ਇਸ ਵਿਅਕਤੀ ਤੋਂ ਮਾਰਕੀਟ ਦੇ ਸਾਰੇ ਦੁਕਾਨਦਾਰ ਦੁਖੀ ਹਨ| ਉਹਨਾਂ ਮੰਗ ਕੀਤੀ ਕਿ ਇਸ ਵਿਅਕਤੀ ਵਲੋਂ ਕੀਤਾ ਗਿਆ ਨਾਜਾਇਜ ਕਬਜਾ ਤੁਰੰਤ ਹਟਾਇਆ ਜਾਵੇ|
ਇਸ ਮੌਕੇ ਐਮ ਸੀ ਸ੍ਰ. ਫੂਲਰਾਜ ਸਿੰਘ ਨੇ ਕਿਹਾ ਕਿ ਇਹ ਸੜਕ ਕੁਝ ਸਮਾਂ ਪਹਿਲਾਂ ਹੀ ਉਹਨਾਂ ਵਲੋਂ ਹੀ ਬਣਵਾਈ ਗਈ ਸੀ ਪਰ ਇਸ ਸ਼ੋਅਰੂਮ ਮਾਲਕ ਨੇ ਧੱਕੇ ਨਾਲ ਹੀ ਪੰਜ ਫੁਟ ਥਾਂ ਉੱਪਰ ਕਬਜਾ ਕਰ ਲਿਆ ਹੈ, ਉਹਨਾਂ ਕਿਹਾ ਕਿ ਉਹਨਾਂ ਨੇ ਇਹ ਨਾਜਾਇਜ ਕਬਜਾ ਕਰਨ ਦਾ ਮਾਮਲਾ ਨਗਰ ਨਿਗਮ ਦੀ ਮੀਟਿੰਗ ਵਿੱਚ ਵੀ ਉਠਾਇਆ ਸੀ ਪਰ ਇਸ ਕਬਜੇ ਨੂੰ ਹਟਾਉਣ ਲਈ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਹੋਈ| ਉਹਨਾਂ ਮੰਗ ਕੀਤੀ ਕਿ ਇਸ ਵਿਅਕਤੀ ਵਲੋਂ ਕੀਤਾ ਗਿਆ ਇਹ ਨਾਜਾਇਜ ਕਬਜਾ ਤੁਰੰਤ ਹਟਾਇਆ ਜਾਵੇ| ਇਸ ਮੌਕੇ ਲਾਭ ਸਿੰਘ ਮਾਵੀ, ਅਮਰਜੀਤ ਸਿੰਘ ਖੁਰਾਣਾ, ਹਰੀਮੋਹਨ ਸਰਮਾ, ਭੁਪਿੰਦਰ ਸਿੰਘ ਸਭਰਵਾਲ, ਬੌਬੀ, ਸੁਨੀਲ ਕੁਮਾਰ ਸੋਨੂੰ, ਰਸ਼ਪਾਲ ਸਿੰਘ ਅਤੇ ਹੋਰ ਕਈ ਦੁਕਾਨਦਾਰ ਮੌਜੂਦ ਸਨ|
ਇਸ ਸਬੰਧੀ ਜਦੋਂ ਇਸ ਸ਼ੋਅਰੂਮ ਦੇ ਮਾਲਕ ਨਾਲ ਸੰਪਰਕ ਕੀਤਾ ਤਾਂ ਸੰਪਰਕ ਕਾਇਮ ਨਹੀਂ ਹੋ ਸਕਿਆ|

Leave a Reply

Your email address will not be published. Required fields are marked *