ਫੇਜ਼ 7 ਵਿੱਚ ਸਪੋਰਟਸ ਕਾਂਪਲੈਕਸ ਦੇ ਪਿਛਲੇ ਪਾਰਕ ਵਿੱਚ ਖੜ੍ਹੇ ਡੇਢ ਦਰਜਨ ਦੇ ਕਰੀਬ ਦਰਖਤ ਬੁਰੀ ਤਰਾਂ ਛਾਂਗੇ, ਰੁਡ ਮਰੁੰਡ ਕਰਕੇ ਛੱਡ ਦਿੱਤੇ ਗਏ ਦਰਖਤਾਂ ਦੇ ਤਨੇ

ਐਸ ਏ ਐਸ ਨਗਰ 30 ਨਵਬੰਰ (ਸ.ਬ.) ਸਥਾਨਕ ਫੇਜ਼ 7 ਵਿੱਚ ਸਥਿਤ ਸੰਤ ਈਸਰ ਸਿੰਘ ਸਕੂਲ, ਸਪੋਰਟਸ ਕਾਂਪਲੈਕਸ ਅਤੇ ਸੰਤ ਸੋਲਜਰ ਸਕੂਲ ਦੇ ਪਿੱਛੇ ਪੈਂਦੀ ਗ੍ਰੀਨ ਬੈਲਟ ਵਿੱਚ ਖੜ੍ਹੇ ਲਗਭਗ ਡੇਢ ਦਰਜਨ ਦਰਖਤਾਂ ਦੀ ਬੁਰੀ ਤਰ੍ਹਾਂ ਕੱਟ ਵੱਢ ਕੀਤੀ ਗਈ ਹੈ| ਇਹ ਦਰਖਤ ਇਸ ਗ੍ਰੀਨ ਬੈਲਟ ਕੰਮ ਪਾਰਕ ਵਿੱਚ ਲੱਗੇ ਹੋਏ ਹਨ ਅਤੇ ਇਸ ਪਾਰਕ ਵਿੱਚ ਲੋਕਾਂ ਦੇ ਸੈਰ ਕਰਨ ਲਈ ਬਾਕਾਇਦਾ ਟ੍ਰੈਕ ਵੀ ਬਣਿਆ ਹੋਇਆ ਹੈ| ਇਹਨਾਂ ਦਰਖਤਾਂ ਦੀ ਇੰਨੀ ਬੁਰੀ ਤਰ੍ਹਾਂ ਕੱਟ ਵੱਢ ਕੀਤੀ ਗਈ ਹੈ ਕਿ ਇਹ ਸਿਰਫ ਰੁੰਡ ਮਰੁੰਡ ਜਿਹੇ ਬਣ ਕੇ ਰਹਿ ਗਏ ਹਨ|
ਫੇਜ਼ 7 ਵਿੱਚ ਸਪੋਰਟਸ ਕਾਂਪਲੈਕਸ ਦੇ ਪਿਛਲੇ ਪਾਸੇ ਬਣੀਆਂ ਕੋਠੀਆਂ (ਤਿੰਨ ਹਜਾਰ ਨੰਬਰ ਵਾਲੀਆਂ) ਦੇ ਵਿਚਕਾਰ ਇਹ ਗ੍ਰੀਨ ਬੈਲਟ ਮੌਜੂਦ ਹੈ ਅਤੇ ਇਸ ਵਿੱਚ ਦੋਵੇਂ ਪਾਸੇ ਇਹ ਦਰਖਤ ਲੱਗੇ ਹੋਏ ਹਨ ਜਿਹਨਾਂ ਵਿੱਚੋਂ ਕੋਠੀਆਂ ਵਾਲੇ ਪਾਸੇ ਲੱਗੇ ਇਹ ਦਰਖਤ ਬੁਰੀ ਤਰ੍ਹਾਂ ਝਾਂਗ ਦਿੱਤੇ ਗਏ ਹਨ| ਇਹਨਾਂ ਦਰਖਤਾਂ ਦੀਆਂ ਟਾਹਣੀਆਂ ਤਾਂ ਵੱਢੀਆਂ ਹੀ ਗਈਆਂ ਹਨ ਇਹਨਾਂ ਦੇ ਤਨੇ ਨੂੰ ਵੀ ਉੱਪਰੋਂ ਵੱਢ ਦਿੱਤਾ ਗਿਆ ਹੈ ਅਤੇ ਸਿਰਫ ਸੁੱਕੇ ਤਨੇ ਹੀ ਦਿਖਦੇ ਹਨ| ਇਹਨਾਂ ਦਰਖਤਾਂ ਦੀ ਕੱਟ ਵੱਢ ਕਿਸ ਵਲੋਂ ਕੀਤੀ ਗਈ ਹੈ ਇਸਦੀ ਜਾਣਕਾਰੀ ਕਿਸੇ ਕੋਲ ਵੀ ਨਹੀਂ ਹੈ ਪਰੰਤੂ ਲੋਕਾਂ ਦਾ ਕਹਿਣਾ ਹੈ ਕਿ ਇਹ ਦਰਖਤ ਇਹਨ ਕੋਠੀਆਂ ਵਾਲਿਆਂ ਵਿੱਚੋਂ ਹੀ ਕਿਸੇ ਨੇ ਕਟਵਾਏ ਹਨ|
ਇਸ ਸੰਬੰਧੀ ਸੰਪਰਕ ਕਰਨ ਨਗਰ ਨਿਗਮ ਦੇ ਹਾਰਟੀਕਲਚਰ ਵਿਭਾਗ ਦੇ ਐਕਸੀਅਨ ਸ੍ਰ. ਐਨ ਐਸ ਦਾਲਮ ਨੇ ਕਿਹਾ ਕਿ ਦਰਖਤਾ ਦੀ ਕਟਾਈ ਦਾ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਹੈ ਅਤੇ ਨਿਗਮ ਵਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਕਿ ਇਹ ਦਰਖਤ ਕਿਸ ਵਿਅਕਤੀ ਵਲੋਂ ਅਤੇ ਕਿਊਂ ਕਟਵਾਏ ਗਏ ਹਨ| ਉਹਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਅਤੇ ਇਸ ਤਰੀਕੇ ਨਾਲ ਦਰਖਤਾਂ ਦੀ ਕਟਾਈ ਕਾਨੂੰਨਨ ਜੁਰਮ ਹੈ| ਉਹਨਾਂ ਕਿਹਾ ਕਿ ਨਿਗਮ ਵਲੋਂ ਇਸ ਤਰੀਕੇ ਨਾਲ ਦਰਖਤਾਂ ਦੀ ਕੱਢ ਵੱਢ ਕਰਨ ਵਾਲਿਆਂ ਦੀ ਪਹਿਚਾਨ ਕਰਕੇ ਉਹਨਾਂ ਦੇ ਖਿਲਾਫ ਬਾਕਾਇਦਾ ਅਪਰਾਧਿਕ ਮਾਮਲਾ ਦਰਜ ਕਰਵਾਇਆ ਜਾਵੇਗਾ|

Leave a Reply

Your email address will not be published. Required fields are marked *