ਫੇਜ਼ 8 ‘ਚ ਲੱਗਣ ਵਾਲੇ ਸਵਦੇਸ਼ੀ ਮੇਲੇ ਦੀਆਂ ਤਿਆਰੀਆਂ ਮੁਕੰਮਲ

– ਨਗਰ ਨਿਗਮ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
– ਗਵਰਨਰ ਪੰਜਾਬ ਦੀ ਥਾਂ ਹੁਣ ਗਵਰਨਰ ਹਰਿਆਣਾ ਪ੍ਰੋ. ਕਪਤਾਨ ਸਿੰਘ ਸੋਲੰਕੀ ਕਰਨਗੇ ਮੇਲੇ ਦਾ ਉਦਘਾਟਨ

ਮੁਹਾਲੀ, 18 ਅਕਤੂਬਰ : ਫੇਜ਼ 8 ਦੁਸਹਿਰਾ ਗਰਾਉਂਡ ਵਿਖੇ ਸਵਦੇਸ਼ੀ ਜਾਗਰਣ ਮੰਚ ਅਤੇ ਸੈਂਟਰ ਫਾੱਰ ਇਕਨਾਮਿਕ ਪਾੱਲਿਸੀ ਰਿਸਰਚ ਵੱਲੋਂ 19 ਤੋਂ 23 ਅਕਤੂਬਰ ਤੱਕ ਲਗਾਏ ਜਾ ਰਹੇ ਸਵਦੇਸ਼ੀ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ| ਅੱਜ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਸਵਦੇਸ਼ੀ ਜਾਗਰਣ ਮੰਚ ਦੇ ਖੇਤਰੀ ਪ੍ਰਚਾਰਕ (ਉੱਤਰੀ) ਕਿਸ਼ਨ ਕੁਮਾਰ, ਸਵਦੇਸ਼ੀ ਮੇਲਾ ਪੰਜਾਬ ਦੇ ਸੰਯੋਜਕ ਵਿਨੋਦ ਰਿਸ਼ੀ, ਸੈਂਟਰ ਫਾੱਰ ਇਕਨਾਮਿਕ ਪਾੱਲਿਸੀ ਰਿਸਰਚ ਦੇ ਡਾਇਰੈਕਟਰ ਸੁਭਾਸ਼ ਸ਼ਰਮਾ, ਮੇਲੇ ਦੇ ਸਹਿ ਸੰਯੋਜਕ ਆਸ਼ੂ ਸਾਂਪਲਾ, ਗੌਰਵ ਟੰਡਨ, ਸੰਘ ਪ੍ਰਚਾਰਕ ਵਿਜੇ ਆਨੰਦ ਆਦਿ ਨੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ| ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ, ਮੇਲੇ ਦੇ ਮੀਡੀਆ ਇੰਚਾਰਜ ਰਮੇਸ਼ ਕੁਮਾਰ ਵਰਮਾ ਆਦਿ ਵੀ ਹਾਜ਼ਰ ਸਨ| ਬਾਅਦ ਦੁਪਹਿਰ ਨਗਰ ਨਿਗਮ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਵੱਲੋਂ ਵੀ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਉਨ੍ਹਾਂ ਮੇਲੇ ਦੇ ਪ੍ਰਬੰਧਾਂ ਸਬੰਧੀ ਸੰਤੁਸ਼ਟੀ ਜਤਾਈ| ਇਸ ਮੌਕੇ ਕਮਿਸ਼ਨਰ ਨਗਰ ਨਿਗਮ ਰਾਜੇਸ਼ ਧੀਮਾਨ ਵੀ ਉਨ੍ਹਾਂ ਦੇ ਨਾਲ ਸਨ| ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਪਰਮਜੀਤ ਕਾਹਲੋਂ ਵੀ ਮੇਲਾ ਸਥਾਨ ‘ਤੇ ਪਹੁੰਚੇ|
ਇਸ ਮੌਕੇ ਜਾਣਕਾਰੀ ਦਿੰਦਿਆਂ ਵਿਨੋਦ ਰਿਸ਼ੀ ਅਤੇ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਮੇਲੇ ਇਸ ਮੇਲੇ ਦਾ ਉਦਘਾਟਨ ਹੁਣ 19 ਅਕਤੂਬਰ ਦੀ ਸ਼ਾਮ ਨੂੰ ਸਾਢੇ 6 ਵਜੇ ਦੇ ਕਰੀਬ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਕਰਨਗੇ| ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਮੇਲੇ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਵੱਲੋਂ ਕੀਤਾ ਜਾਣਾ ਸੀ ਪ੍ਰੰਤੂ ਉਨ੍ਹਾਂ ਦੇ ਕੁਝ ਰੁਝੇਵੇਂ ਹੋਣ ਕਾਰਨ ਉਹ ਮੇਲੇ ਵਿੱਚ ਨਹੀਂ ਆ ਸਕਣਗੇ| ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਗਰ ਨਿਗਮ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਵੀ ਮੌਜੂਦ ਹੋਣਗੇ|
ਸ੍ਰੀ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਉਨ੍ਹਾਂ ਦੱਸਿਆ ਕਿ ਮੇਲੇ ਵਿੱਚ 300 ਸਟਾਲ ਸਥਾਪਿਤ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਦੇਸ਼ ਭਰ ਦੀਆਂ ਵੱਖ ਵੱਖ ਕੰਪਨੀਆਂ ਵੱਲੋਂ ਸਟਾਲਾਂ ਲਗਾਈਆਂ ਜਾ ਰਹੀਆਂ ਹਨ| ਮੇਲੇ ਵਿੱਚ ਆਉਣ ਵਾਲੇ ਲੋਕਾਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਮੇਲੇ ਦੀ ਸ਼ੋਭਾ ਵਧਾਉਣਗੇ ਜਿਸ ਦੇ ਲਈ ਬਕਾਇਦਾ ਤੌਰ ‘ਤੇ ਵੱਡੀ ਸਟੇਜ ਵੀ ਲਗਾਈ ਜਾ ਚੁੱਕੀ ਹੈ| ਮੇਲੇ ਦੇ ਵੱਖ ਵੱਖ ਦਿਨਾਂ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਸ਼ੈਰੀ, ਰਣਜੀਤ ਬਾਵਾ, ਮਿਸ ਪੂਜਾ, ਮਨਕੀਰਤ ਔਲਖ ਇਸ ਸਵਦੇਸ਼ੀ ਮੇਲੇ ਦੀ ਰੌਣਕ ਵਧਾਉਣਗੇ ਅਤੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰਨਗੇ| ਪੰਜਾਬੀ ਕਲਾਕਾਰਾਂ ਦੀ ਪੂਰੀ ਸਟੇਜ ਸੰਭਾਲਣ ਦੀ ਜ਼ਿੰਮੇਵਾਰੀ ਮਦਨ ਸ਼ੌਂਕੀ ਨੂੰ ਸੌਂਪੀ ਗਈ ਹੈ| ਮੇਲੇ ਵਿੱਚ ਬੱਚਿਆਂ ਦੇ ਲਈ ਪੰਘੂੜੇ ਅਤੇ ਖਾਣ ਪੀਣ ਦੀਆਂ ਸਟਾਲਾਂ ਵੀ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਮੇਲੇ ਵਿੱਚ ਆਉਣ ਵਾਲੇ ਲੋਕ ਸਵਦੇਸ਼ੀ ਮੇਲੇ ਦਾ ਪੂਰਾ ਲੁਤਫ਼ ਉਠਾ ਸਕਣ|
ਸਵਦੇਸ਼ੀ ਜਾਗਰਣ ਮੰਚ ਦੇ ਮੈਂਬਰ ਅਤੇ ਮੀਡੀਆ ਇੰਚਾਰਜ ਰਮੇਸ਼ ਕੁਮਾਰ ਵਰਮਾ ਨੇ ਕਿਹਾ ਕਿ ਸਵਦੇਸ਼ੀ ਮੇਲਾ ਇੱਕ ਜਨ-ਜਾਗਰੂਕਤਾ ਅਭਿਆਨ ਦਾ ਮੰਚ ਹੈ ਜਿੱਥੋਂ ਸਾਨੂੰ ਆਪਣੇ ਦੇਸ਼ ਅਤੇ ਰਾਜ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਮੋਦੀ ਸਰਕਾਰ ਦੇ ਯਤਨਾਂ ਨੂੰ ਹੋਰ ਮਜ਼ਬੂਤ ਕਰਨਾ ਹੈ| ਇਸ ਲਈ ਸਾਨੂੰ ਸਭ ਨੂੰ ਮਿਲ ਕੇ ਚਾਈਨੀਜ਼ ਸਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ|
ਇਸ ਮੌਕੇ ਰਵਿੰਦਰ ਸੈਣੀ, ਸੋਹਣ ਸਿੰਘ, ਪੰਡਿਤ ਦਿਨੇਸ਼ ਸ਼ਰਮਾ, ਨਰਿੰਦਰ ਰਾਣਾ, ਪਵਨ ਮਨੋਚਾ, ਵਾਸੂਦੇਵ ਪਾਸੀ ਨਵਾਂ ਗਰਾਉਂ, ਅਨਿਲ ਕੁਮਾਰ ਗੁੱਡੂ, ਸ੍ਰੀਮਤੀ ਪ੍ਰਕਾਸ਼ਵਤੀ, ਅਸ਼ੋਕ ਝਾੱਅ, ਸੈਂਹਬੀ ਆਨੰਦ, ਹਰਦੀਪ ਸਰਾਓ (ਚਾਰੋਂ ਕੌਂਸਲਰ), ਨਰੇਸ਼ ਸਿੰਗਲਾ, ਸੰਭਵ ਨਈਅਰ, ਸਮੀਰ ਮਹਾਜਨ, ਏ.ਐਸ. ਗਿੱਲ, ਦੀਪ ਢਿੱਲੋਂ, ਅਮਨਦੀਪ ਮੁੰਡੀ, ਪੰਕਜ ਦੂਬੇ, ਦੀਪਕ ਪਾਂਡੇ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *