ਫੇਜ਼- 8 ਦੀ ਲਈਅਰ ਵੈਲੀ ਵਿੱਚ 50 ਤੋਂ ਵੱਧ ਰੁੱਖਾਂ ਨੂੰ ਲੱਗੀ ਸਿਊਂਕ

ਫੇਜ਼- 8 ਦੀ ਲਈਅਰ ਵੈਲੀ ਵਿੱਚ 50 ਤੋਂ ਵੱਧ ਰੁੱਖਾਂ ਨੂੰ ਲੱਗੀ ਸਿਊਂਕ
ਨਵੇਂ ਰੁੱਖ ਲਗਾਉਣ ਦੀ ਥਾਂ ਪੁਰਾਣੇ ਰੁੱਖਾਂ ਦੀ ਹੀ ਸੰਭਾਲ ਕਰਨ ਵਿਚ ਅਸਫਲ ਹੋਇਆ ਪ੍ਰਸ਼ਾਸਨ
ਐਸ ਏ ਐਸ ਨਗਰ, 20 ਨਵੰਬਰ (ਸ. ਬ.) ਮੁਹਾਲੀ ਪ੍ਰਸ਼ਾਸਨ ਵਲੋਂ ਇਕ ਪਾਸੇ ਮੁਹਾਲੀ ਸ਼ਹਿਰ ਨੂੰ ਹਰਾ ਭਰਿਆ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰਸ਼ਾਸਨ ਨੇ ਨਵੇਂ ਰੁੱਖ ਤਾਂ ਕੀ ਲਗਾਉਣੇ ਸਨ ਸਗੋਂ ਪਹਿਲਾਂ ਲੱਗੇ ਹੋਏ ਰੁੱਖਾਂ ਨੂੰ ਵੀ ਕੋਈ ਸੰਭਾਲ ਨਾ ਕੀਤੇ ਜਾਣ ਕਾਰਨ ਸਿਉਂਕ ਲੱਗ ਚੁੱਕੀ ਹੈ, ਜਿਸ ਕਾਰਨ ਇਹ ਰੁੱਖ ਬੇਕਾਰ ਹੋ ਰਹੇ ਹਨ|
ਸਥਾਨਕ ਫੇਜ 8 ਦੀ ਲਈਅਰ ਵੈਲੀ (ਨੇਚਰ ਪਾਰਕ ) ਦਾ ਦੌਰਾ ਕਰਨ ਤੇ ਵੇਖਿਆ ਕਿ ਉਥੇ 50 ਤੋਂ ਵੱਧ ਰੁੱਖਾਂ ਨੂੰ ਸਿਉਂਕ ਲੱਗੀ ਹੋਈ ਸੀ| ਇਸ ਸਿਊਂਕ ਕਾਰਨ ਇਹ ਰੁੱਖ ਜੜਾਂ ਅਤੇ ਤਨੇ ਤੋਂ ਖੋਖਲੇ ਹੋ ਗਏ ਹਨ ਅਤੇ ਇਹ ਰੁੱਖ ਸੁੱਕ ਗਏ ਹਨ ਜਿਸ ਕਰਕੇ ਤੇਜ ਹਨੇਰੀ ਵਿਚ ਇਹ ਰੁੱਖ ਕਦੇ ਵੀ ਡਿੱਗ ਸਕਦੇ ਹਨ ਅਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ| ਆਮ ਲੋਕ ਜਦੋਂ ਇਸ ਪਾਰਕ ਵਿਚ ਸੈਰ ਕਰਨ ਆਉਂਦੇ ਹਨ ਤਾਂ ਰੁੱਖਾਂ ਨੂੰ ਲੱਗੀ ਸਿਉਂਕ ਕਾਰਨ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ|
ਇਥੇ ਹੀ ਬੱਸ ਨਹੀਂ, ਸਗੋਂ ਜਿਹੜੇ ਰੁੱਖਾਂ ਨੂੰ ਇਹ ਸਿਊਂਕ ਲੱਗੀ ਹੋਈ ਹੈ, ਉਹਨਾਂ ਰੁੱਖਾਂ ਤੋਂ ਇਹ ਸਿਉਂਕ ਹੋਰ ਹਰੇ ਭਰੇ ਖੜੇ ਰੁੱਖਾਂ ਨੂੰ ਵੀ ਲੱਗ ਰਹੀ ਹੈ, ਜਿਸ ਕਾਰਨ ਇਸ ਲਈਅਰ ਵੈਲੀ ਦੇ ਸਾਰੇ ਹੀ ਰੁੱਖਾਂ ਨੂੰ ਸਿਉਂਕ ਲੱਗ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ|
ਇਸ ਸਭ ਦੇ ਬਾਵਜੂਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਉਸ ਵਲੋਂ ਇਹਨਾਂ ਰੁੱਖਾਂ ਨੂੰ ਸਿਉਂਕ ਤੋਂ ਬਚਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਸੈਂਕੜੇ ਰੁੱਖ ਸਿਉਂਕ ਕਾਰਨ ਖੋਖਲੇ ਹੋਣ ਦਾ ਖਤਰਾ ਬਣ ਗਿਆ ਹੈ|
ਇਸੇ ਦੌਰਾਨ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਨਗਰ ਨਿਗਮ ਦੇ ਮੇਅਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਲਈਅਰ ਵੈਲੀ ਵਿਚ ਰੁੱਖਾਂ ਨੂੰ ਸਿਉਂਕ ਤੋਂ ਬਚਾਉਣ ਲਈ ਤੁਰੰਤ ਉਪਰਾਲੇ ਕੀਤੇ ਜਾਣ|
ਸ ਧਨੋਆ ਦਾ ਕਹਿਣਾ ਹੈ ਕਿ ਗਮਾਡਾ ਵਲੋਂ ਗੁਰਦੁਆਰਾ ਅੰਬ ਸਾਹਿਬ ਦੇ ਪਿਛਲੇ ਪਾਸੇ ਸੜਕ ਬਣਾਉਣ ਸਮੇਂ ਉਥੋਂ ਬਹੁਤ ਵੱਡੀ ਗਿਣਤੀ ਵਿਚ ਰੁੱਖਾਂ ਦਾ ਘਾਣ ਕਰ ਦਿਤਾ ਗਿਆ ਸੀ, ਜਿਸ ਦੀ ਥਾਂ ਨਵੇਂ ਰੁੱਖ ਲਗਾਏ ਜਾਣੇ ਬਹੁਤ ਜਰੂਰੀ ਸਨ ਪਰ ਪ੍ਰਸ਼ਾਸਨ ਨੇ ਨਵੇਂ ਰੁੱਖ ਲਗਾਉਣ ਦੀ ਥਾਂ ਪੁਰਾਣੇ ਰੁੱਖਾਂ ਦੀ ਵੀ ਸੰਭਾਲ ਨਹੀਂ ਕੀਤੀ ਜਿਸ ਕਾਰਨ ਉਹਨਾਂ ਰੁੱਖਾਂ ਨੂੰ ਸਿਉਂਕ ਲੱਗ ਗਈ ਹੈ| ਉਹਨਾਂ ਮੰਗ ਕੀਤੀ ਕਿ ਰੁੱਖਾਂ ਨੂੰ ਸਿਉਂਕ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾਣ ਅਤੇ ਨਵੇਂ ਰੁੱਖ ਲਗਾਏ ਜਾਣ|

Leave a Reply

Your email address will not be published. Required fields are marked *