ਫੇਜ਼ 8 ਦੇ ਪੁਰਾਣੇ ਬੱਸ ਸਟੈਂਡ ਉਪਰ ਚਲਿਆ ਗਮਾਡਾ ਦਾ ਪੀਲਾ ਪੰਜਾ

ਐਸ ਏ ਐਸ ਨਗਰ, 14 ਅਪ੍ਰੈਲ (ਸ.ਬ.) ਸਥਾਨਕ ਫੇਜ਼ 8 ਵਿੱਚ ਸਥਿਤ ਪੁਰਾਣੇ ਬੱਸ ਸਟੈਂਡ ਨੂੰ ਅੱਜ ਸਵੇਰੇ ਗਮਾਡਾ ਦੀਆਂ ਇੱਕ ਦਰਜਨ ਦੇ ਕਰੀਬ ਜੇ ਸੀ ਬੀ ਮਸ਼ੀਨਾਂ ਨੇ ਤਹਿਸ ਨਹਿਸ ਕਰ ਦਿੱਤਾ| ਖਬਰ ਲਿਖੇ ਜਾਣ ਤੱਕ ਇਸ ਬੱਸ ਅੱਡੇ ਦਾ ਵਜੂਦ ਹੀ ਖਤਮ ਹੋ ਚਿਕਆ ਸੀ ਅਤੇ ਗਮਾਡਾ ਦੀ ਟੀਮ ਵਲੋਂ ਬੱਸ ਅੱਡੇ ਵਾਲੀ ਥਾਂ ਦੇ ਆਸ ਪਾਸ ਥੜੇ ਪੁੱਟ ਕੇ ਉੱਥੇ ਕੰਡਿਆਲੀ ਤਾਰ ਲਾਉਣ ਦਾ ਕੰਮ ਜਾਰੀ ਸੀ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6 ਵਜੇ ਗਮਾਡਾ ਦੀ ਟੀਮ ਇਸ ਬੱਸ ਸਟੈਂਡ ਵਿੱਚ ਪਹੁੰਚੀ| ਇਸ ਟੀਮ ਦੇ ਨਾਲ ਭਾਰੀ ਪੁਲੀਸ ਦਲ ਵੀ ਸੀ| ਇਸ ਟੀਮ ਦੇ ਨਾਲ ਇੱਕ ਦਰਜਨ ਦੇ ਕਰੀਬ ਜੇ ਸੀ ਬੀ ਮਸ਼ੀਨਾਂ ਵੀ ਸਨ| ਭਾਰੀ ਸੁਰਖਿਆ ਪ੍ਰਬੰਧਾਂ ਹੇਠ ਗਮਾਡਾ ਦੀ ਟੀਮ ਨੇ ਆਉਣ ਸਾਰ ਹੀ ਜੇ ਸੀ ਬੀ ਮਸ਼ੀਨਾਂ ਨਾਲ ਇੱਕ ਦਮ ਹੀ ਬੱਸ ਸਟੈਂਡ ਦੀ ਇਮਾਰਤ ਉਪਰ ਹੱਲਾ ਬੋਲ ਦਿਤਾ ਅਤੇ ਕੁਝ ਸਮੇਂ ਵਿੱਚ ਹੀ ਇਸ ਬੱਸ ਸਟੈਂਡ ਦੇ ਪਲੇਟ ਫਾਰਮ, ਬਰਾਮਦੇ, ਬੈਂਚ ਆਦਿ ਬੁਰੀ ਤਰ੍ਹਾਂ ਤੋੜ ਦਿੱਤੇ ਗਏ| ਗਮਾਡਾ ਵਲੋਂ ਜੇ ਸੀ ਬੀ ਮਸ਼ੀਨਾਂ ਨਾਲ ਇਸ ਬੱਸ ਸਟੈਂਡ ਦਾ ਸਾਰਾ ਪਲੇਟਫਾਰਮ ਪੁੱਟ ਕੇ ਪੱਧਰਾ ਕਰ ਦਿੱਤਾ ਗਿਆ ਅਤੇ ਬੱਸਾਂ ਖੜਨ ਵਾਲੇ ਸਟੈਂਡ ਉਪਰ ਵੀ ਜੇ ਸੀ ਬੀ ਮਸ਼ੀਨ ਰਾਹੀਂ ਟੋਏ ਪੁੱਟ ਦਿਤੇ| ਇਸ ਉਪਰੰਤ ਇਸ ਬੱਸ ਸਟਂੈਡ ਦੇ ਅੰਦਰ ਬੱਸਾਂ ਜਾਣ ਤੋਂ ਰੋਕਣ ਲਈ ਜੇ ਸੀ ਬੀ ਮਸ਼ੀਨਾਂ ਨਾਲ ਬੱਸ ਸਟੈਂਡ ਦੇ ਆਲੇ ਦੁਆਲੇ ਦੀ ਜਮੀਨ ਪੁੱਟ ਦਿੱਤੀ| ਇਸ ਤੋਂ ਬਾਅਦ ਬੱਸ ਸਟੈਂਡ ਵਾਲੀ ਜਮੀਨ ਦੇ ਆਲੇ ਦੁਆਲੇ ਕੰਡਿਆਲੀ ਤਾਰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਜੋ ਕਿ ਖਬਰ ਲਿਖੇ ਜਾਣ ਤੱਕ ਜਾਰੀ ਸੀ|
ਗਮਾਡਾ ਦੀ ਟੀਮ ਨੇ ਇਸ ਮੌਕੇ ਕਿਸੇ ਵੀ ਵਿਅਕਤੀ ਨੂੰ ਨੇੜੇ ਨਹੀਂ ਲੱਗਣ ਦਿੱਤਾ ਅਤੇ ਆਪਣੀ ਪੂਰੀ ਕਾਰਵਾਈ ਕਰਕੇ ਹੀ ਸਾਹ ਲਿਆ| ਇਸ ਮੌਕੇ ਮੌਜੂਦ ਗਮਾਡਾ ਦੇ ਐਕਸੀਅਨ ਸ੍ਰੀ ਨਵੀਨ ਕੰਬੋਜ ਨੇ ਕਿਹਾ ਕਿ ਇਹ ਕਾਰਵਾਈ ਉਚ ਅਧਿਕਾਰੀਆਂ ਦੇ ਹੁਕਮ ਉਪਰ ਕੀਤੀ ਗਈ ਹੈ| ਉਹਨਾਂ ਦੱਸਿਆ ਕਿ ਸ਼ਹਿਰ ਦਾ ਨਵਾਂ ਬੱਸ ਅੱਡਾ ਫੇਜ਼-6 ਵਿਖੇ ਬਣਾਇਆ ਹੈ ਅਤੇ ਇਹ ਥਾਂ ਗਮਾਡਾ ਵੱਲੋਂ ਕਬਜੇ ਵਿੱਚ ਲਈ ਗਈ ਹੈ| ਇਸ ਥਾਂ ਨੂੰ ਗਮਾਡਾ ਵੱਲੋਂ ਖੁਲ੍ਹੀ ਨਿਲਾਮੀ ਵਿੱਚ ਵੇਚਣ ਦੀ ਵੀ ਤਜਵੀਜ ਹੈ|
ਇਸ ਮੌਕੇ ਪੁਲੀਸ ਦੇ ਸੀਨੀਅਰ ਅਧਿਕਾਰੀ, ਵੱਖ ਵੱਖ ਥਾਣਿਆਂ ਦੇ ਐਸ ਐਚ ਓ ਤੇ ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜਮ ਮੌਜੂਦ ਸਨ|
ਇਸ ਮੌਕੇ ਕਂੌਸਲਰ ਸ੍ਰ. ਸਤਵੀਰ ਸਿੰਘ ਧਨੋਆ, ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਸ੍ਰੀਮਤੀ ਜਸਵੀਰ ਕੌਰ ਅਤਲੀ (ਸਾਰੇ ਕੌਂਸਲਰ), ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ,ਕਂੌਸਲਰ ਰਮਨਪ੍ਰੀਤ ਕੌਰ ਦੇ ਪਤੀ ਹਰਮੇਸ਼ ਸਿੰਘ ਨੇ ਗਮਾਡਾ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਧਨੋਆ ਨੇ ਕਿਹਾ ਕਿ ਇਸ ਬੱਸ ਸਟੈਂਡ ਦੀ ਇਮਾਰਤ ਨੂੰ ਢਾਹੁਣ ਤੋਂ ਪਹਿਲਾਂ ਇਸਦਾ ਦੂਸਰਾ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਸੀ| ਉਹਨਾਂ ਕਿਹਾ ਕਿ ਫੇਜ਼ 6 ਵਿੱਚ ਸਥਿਤ ਨਵਾਂ ਬੱਸ ਸਟਂੈਡ ਫੇਜ 7,8,9,10,11 ਅਤੇ ਸੈਕਟਰ 66,69 ਤੇ ਹੋਰਨਾਂ ਸੈਕਟਰਾਂ ਨੇ ਵਸਨੀਕਾਂ ਨੂੰ ਬਹੁਤ ਦੂਰ ਪਂੈਦਾ ਹੈ| ਫੇਜ਼ 6 ਦੇ ਨਵੇਂ ਬੱਸ ਸਟੈਂਡ ਉਪਰ ਜਾਣ ਲਈ ਇਹਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਵੇਗਾ| ਉਹਨਾਂ ਕਿਹਾ ਕਿ ਇਹ ਸਾਰੀ ਕਾਰਵਾਈ ਗਮਾਡਾ ਵਲੋਂ ਨਵੇਂ ਬੱਸ ਅੱਡੇ ਨੂੰ ਲਾਭ ਪਹੁੰਚਾਉਣ ਲਈ ਹੀ ਕੀਤੀ ਗਈ ਹੈ| ਉਹਨਾਂ ਕਿਹਾ ਕਿ ਉਪਰੋਕਤ ਇਲਾਕਿਆਂ ਵਿੱਚੋਂ ਫੇਜ਼ 6 ਦੇ ਨਵੇਂ ਬੱਸ ਸਟੈਂਡ ਜਾਣ ਲਈ ਆਟੋ ਵਾਲੇ ਵੀ 50 ਰੁਪਏ ਪ੍ਰਤੀ ਸਵਾਰੀ ਤੋਂ ਘੱਟ ਨਹੀਂ ਲੈਂਦੇ ਅਤੇ ਉਸ ਪਾਸੇ ਆਟੋ ਜਾਂਦੇ ਵੀ ਬਹੁਤ ਘੱਟ ਹਨ, ਜਿਸ ਕਰਕੇ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪਵੇਗਾ|
ਉਹਨਾਂ ਕਿਹਾ ਕਿ ਫੇਜ਼ 8 ਵਿੱਚ ਹੀ ਗਮਾਡਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਅਤੇ ਫੋਰਟਿਸ ਵਰਗੇ ਮੁੱਖ ਹਸਪਤਾਲ ਹਨ| ਇਹਨਾਂ ਵਿੱਚ ਹਰ ਦਿਨ ਹੀ ਸਂੈਕੜੇ ਲੋਕ ਆਪਣੇ ਕੰਮ ਧੰਦੇ ਲਈ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚੋਂ ਆਉਂਦੇ ਹਨ| ਹੁਣ ਇਹਨਾਂ ਲੋਕਾਂ ਨੂੰ ਪਹਿਲਾਂ ਨਵੇਂ ਬਸ ਸਟੈਂਡ ਜਾਣ ਪਵੇਗਾ ਅਤੇ ਫਿਰ ਉਥੋਂ ਹੀ ਇਹ ਲੋਕ ਫੇਜ਼ 8 ਵਿੱਚ ਆ ਸਕਣਗੇ| ਇਸ ਤਰ੍ਹਾਂ ਇਹਨਾਂ ਲੋਕਾਂ ਦਾ ਸਮਾਂ ਅਤੇ ਪੈਸਾ ਵੀ ਬਰਬਾਦ ਹੋਵੇਗਾ ਤੇ ਪ੍ਰੇਸ਼ਾਨੀ ਵਧੇਗੀ|
ਉਹਨਾਂ ਕਿਹਾ ਕਿ ਅੱਜ ਫੇਜ਼ 8 ਵਿੱਚ ਸਥਿਤ ਪੁਰਾਣੇ ਬੱਸ ਅੱਡੇ ਦੀ ਇਮਾਰਤ ਢਾਹ ਕੇ ਇਸ ਨੂੰ ਬੰਦ ਕੀਤੇ ਜਾਣ ਕਾਰਨ ਇਸ ਬੱਸ ਅੱਡੇ ਕੋਲ ਬੱਸਾਂ ਲੈਣ ਆਏ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਲੋਕ ਹੈਰਾਨ ਪ੍ਰੇਸ਼ਾਨ ਹੋਏ ਇੱਕ ਦੂਜੇ ਤੋਂ ਨਵੇਂ ਬੱਸ ਅੱਡੇ ਦਾ ਰਸਤਾ ਤੇ ਉਥੇ ਪਹੁੰਚਣ ਦਾ ਸਾਧਨ ਪੁੱਛ ਰਹੇ ਸਨ| ਇਸੇ ਦੌਰਾਨ ਆਟੋ ਵਾਲਿਆਂ ਨੇ ਵੀ ਨਵੇਂ ਬੱਸ ਅੱਡੇ ਜਾਣ ਲਈ ਮਜਬੂਰ ਲੋਕਾਂ ਤੋਂ ਮਨਮਰਜੀ ਦੇ ਪੈਸੇ ਵਸੂਲ ਕੀਤੇ|
ਗਮਾਡਾ ਵੱਲੋਂ ਬੱਸ ਅੱਡੇ ਦੇ ਖੇਤਰ ਦੀ ਤੋੜਭੰਨ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਸਾਬਕਾ ਸ਼ਹਿਰੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਮਿਉਂਸਪਲ ਕੌਂਸਲਰ ਨੇ ਕਿਹਾ ਕਿ ਸਰਕਾਰ ਵੱਲੋਂ ਫੇਜ਼-6 ਦੇ ਬੱਸ ਅੱਡੇ ਨੂੰ ਫਾਇਦਾ ਦੇਣ ਲਈ ਕੀਤੀ ਗਈ ਇਹ ਕਾਰਵਾਈ ਸ਼ਹਿਰ ਵਾਸੀਆਂ ਨਾਲ ਧੱਕਾ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ| ਉਹਨਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹ ਇਸ ਬੱਸ ਅੱਡੇ ਦੀ ਇਮਾਰਤ ਨੂੰ ਬੰਦ ਨਹੀਂ ਹੋਣ ਦੇਣਗੇ ਅਤੇ ਉਹਨਾਂ ਨੂੰ ਇਸ ਸਬੰਧੀ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ|
ਸੰਪਰਕ ਕਰਨ ਤੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਸ ਸਬੰਧੀ ਸਿਆਸਤ ਵਿੱਚ ਨਹੀਂ ਪੈਣਾ ਚਾਹੁੰਦੇ| ਉਹਨਾਂ ਕਿਹਾ ਕਿ ਸ਼ਹਿਰ ਵਾਸਤੇ ਉਸਾਰੇ ਗਏ ਨਵੇਂ ਅੰਤਰਰਾਜੀ ਬੱਸ ਅੱਡੇ ਤੇ ਵੱਡਾ ਨਿਵੇਸ਼ ਹੋਇਆ ਹੈ ਅਤੇ ਸ਼ਹਿਰ ਵਾਸੀਆਂ ਨੂੰ ਉਸ ਦਾ ਫਾਇਦਾ ਮਿਲਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਹੁਣ ਜਦੋਂ ਸ਼ਹਿਰ ਵਿੱਚ ਲੋਕਲ ਬੱਸ ਸਰਵਿਸ ਆਰੰਭ ਹੋ ਰਹੀ ਹੈ ਤਾਂ ਲੋਕਾਂ ਨੂੰ ਬੱਸ ਅੱਡੇ ਤੱਕ ਪਹੁੰਚਣ ਵਿੱਚ ਕਈ ਸਮੱਸਿਆ ਨਹੀਂ ਆਵੇਗੀ|

Leave a Reply

Your email address will not be published. Required fields are marked *