ਫੇਜ਼ 8 ਦੇ ਬੱਸ ਅੱਡੇ ਵਿੱਚ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਹਨ ਲੋਕ

ਫੇਜ਼ 8 ਦੇ ਬੱਸ ਅੱਡੇ ਵਿੱਚ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਹਨ ਲੋਕ
ਢਾਹੇ ਗਏ ਬੱਸ ਅੱਡੇ ਨੂੰ ਮੁੜ ਚਾਲੂ ਕੀਤਾ ਜਾਵੇ : ਧਨੋਆ
ਐਸ ਏ ਐਸ ਨਗਰ, 30 ਜੁਲਾਈ (ਸ.ਬ.) ਸਥਾਨਕ ਫੇਜ਼ 8 ਵਿੱਚ ਸਥਿਤ ਪੁਰਾਣੇ ਬੱਸ ਅੱਡੇ ਦੀ ਇਮਾਰਤ ਨੂੰ ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਵਲੋਂ ਟੋਏ ਪੁੱਟ ਕੇ ਅ ਤੇ ਕੰਡਿਆਲੀ ਤਾਰ ਲਗਾ ਕੇ ਬੰਦ ਕਰ ਦਿੱਤਾ ਸੀ, ਉਸਦੇ ਬਾਵਜੂਦ ਇਸ ਪੁਰਾਣੇ ਬੱਸ ਅੱਡੇ ਦੇ ਬਾਹਰ ਵਾਲੀ ਸੜਕ ਉਪਰ ਹੀ ਪ੍ਰਾਈਵੇਟ ਬੱਸਾਂ ਅਤੇ ਮੁਹਾਲੀ ਪਟਿਆਲਾ ਰੂਟ ਉਪਰ ਚਲਦੀਆਂ ਪੀ ਆਰ ਟੀ ਸੀ ਦੀਆਂ ਬੱਸਾਂ ਵਾਲਿਆਂ ਨੇ ਆਪਣਾ ਅੱਡਾ ਬਣਾ ਲਿਆ ਹੈ| ਸੜਕ ਕਿਨਾਰੇ ਹੀ ਵੱਖ ਵੱਖ ਰੂਟਾਂ ਉਪਰ ਜਾਣ ਵਾਲੀਆਂ ਬੱਸਾਂ ਖੜਦੀਆਂ ਹਨ, ਜਿਹਨਾਂ ਵਿੱਚ ਲੋਕ ਬੈਠ ਜਾਂਦੇ ਹਨ|
ਅੱਜ ਕਲ ਬਰਸਾਤ ਦੇ ਦਿਨਾਂ ਵਿੱਚ ਇਸ ਆਰਜੀ ਬੱਸ ਅੱਡੇ ਦਾ ਬੁਰਾ ਹਾਲ ਹੋਇਆ ਪਿਆ ਹੈ, ਥਾਂ ਥਾਂ ਮੀਂਹ ਦਾ ਪਾਣੀ ਤੇ ਚਿੱਕੜ ਹੋਇਆ ਪਿਆ ਹੈ| ਸੜਕ ਉਪਰ ਹੀ ਆਰਜੀ ਬੱਸ ਅੱਡਾ ਬਣਿਆ ਹੋਣ ਕਾਰਨ ਇਥੇ ਲੋਕਾਂ ਲਈ ਕੋਈ ਸਹੂਲਤ ਹੀ ਨਹੀਂ ਹੈ| ਨਾ ਤਾਂ ਇਥੇ ਪੀਣ ਵਾਲਾ ਪਾਣੀ ਮਿਲਦਾ ਹੈ, ਨਾ ਹੀ ਸੌਚਾਲਿਆ ਹੈ, ਨਾ ਹੀ ਬਰਸਾਤ ਤੋਂ ਬਚਣ ਲਈ ਕੋਈ ਪ੍ਰਬੰਧ ਹੈ| ਲੋਕਾਂ ਦੇ ਬੈਠਣ ਲਈ ਵੀ ਉਚਿਤ ਬੰਦੋਬਸਤ ਨਹੀਂ| ਲੋਕਲ ਬੱਸਾਂ ਲਈ ਸੜਕ ਕਿਨਾਰੇ ਕੁਝ ਕੁਰਸੀਆਂ ਵਾਲਾ ਇਕ ਛੋਟਾ ਜਿਹਾ ਸ਼ੈਡ ਜਰੂਰ ਲੱਗਿਆ ਹੋਇਆ ਹੈ, ਜੋ ਕਿ ਲੋਕਾਂ ਦੀ ਭੀੜ ਨੂੰ ਸਾਂਭਣ ਵਿੱਚ ਅਸਮਰਥ ਹੈ|
ਇਹਨਾਂ ਪ੍ਰੇਸ਼ਾਨੀਆਂ ਦੇ ਬਾਵਜੂਦ ਲੋਕ ਇਸ ਬੱਸ ਅੱਡੇ ਵਿੱਚ ਆਉਣ ਲਈ ਹੀ ਮਜਬੂਰ ਹਨ, ਕਿਉਂਕਿ ਵੱਖ ਵੱਖ ਰੂਟਾਂ ਊਪਰ ਚਲਣ ਵਾਲੀਆਂ ਪ੍ਰਾਈਵੇਟ ਬੱਸਾਂ ਅਤੇ ਮੁਹਾਲੀ ਪਟਿਆਲਾ ਰੂਟ ਉਪਰ ਚਲਦੀਆਂ ਪੀ ਆਰ ਟੀ ਸੀ ਦੀਆਂ ਬੱਸਾਂ ਅੱਠ ਫੇਜ਼ ਦੇ ਇਸ ਸੜਕ ਉਪਰ ਬਣੇ ਹੋਏ ਅੱਡੇ ਤੋਂ ਹੀ ਚਲਦੀਆਂ ਹਨ|
ਇਸ ਸਬੰਧੀ ਕੌਂਸਲਰ ਸ੍ਰ. ਸਤਵੀਰ ਸਿੰਘ ਧਨੋਆ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਨਹੀਂ ਚਲਦੀ, ਉਦੋਂ ਤਕ ਇਸ ਪੁਰਾਣੇ ਬੱਸ ਅੱਡੇ ਦੀ ਇਮਾਰਤ ਨੂੰ ਹੀ ਠੀਕ ਕਰਕੇ ਇਥੇ ਬੱਸ ਅੱਡਾ ਚਲਾ ਦੇਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਹੀ ਅਨੇਕਾਂ ਹਸਪਤਾਲ ਅਤੇ ਅਨੇਕਾਂ ਸਰਕਾਰੀ ਦਫਤਰ ਹਨ| ਜਿਹਨਾਂ ਦੇ ਮੁਲਾਜਮਾਂ ਅਤੇ ਕੰਮ ਧੰਦੇ ਆਏ ਲੋਕਾਂ ਨੂੰ ਇਹ ਪੁਰਾਣਾ ਬੱਸ ਅੱਡਾ ਹੀ ਠੀਕ ਬੈਠਦਾ ਹੈ| ਇਸ ਲਈ ਇਸ ਪੁਰਾਣੇ ਬੱਸ ਅੱਡੇ ਨੂੰ ਹੀ ਮੁੜ ਚਾਲੂ ਕਰ ਦੇਣਾ ਚਾਹੀਦਾ ਹੈ|

Leave a Reply

Your email address will not be published. Required fields are marked *