ਫੇਜ਼ 9 ਅਤੇ ਫੇਜ਼ 11 ਦੇ ਮੰਦਰਾਂ ਵਿੱਚ ਚੋਰਾਂ ਨੇ ਗੋਲਕਾਂ ਤੋੜ ਕੇ ਹਜਾਰਾਂ ਰੁਪਏ ਚੜ੍ਹਾਵਾ ਕੀਤਾ ਚੋਰੀ

ਐਸ ਏ ਐਸ ਨਗਰ, 16 ਜਨਵਰੀ (ਸ.ਬ.) ਸਥਾਨਕ ਫੇਜ਼ 9 ਅਤੇ ਫੇਜ਼ 11 ਵਿੱਚ ਸਥਿਤ ਦੋ ਮੰਦਰਾਂ ਵਿੱਚ ਬੀਤੀ ਰਾਤ ਚੋਰਾਂ ਨੇ ਗੋਲਕਾਂ ਤੋੜ ਕੇ ਹਜਾਰਾਂ ਰੁਪਏ ਚੜ੍ਹਾਵਾ ਚੋਰੀ ਕਰ ਲਿਆ| ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਅਤੇ ਫੇਜ਼ 9 ਦੇ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਰਿਸ਼ਵ ਜੈਨ ਨੇ ਦੱਸਿਆ ਕਿ ਫੇਜ਼ 9 ਦੇ ਸ਼ਿਵ ਮੰਦਰ ਵਿੱਚ ਬੀਤੀ ਰਾਤ ਚੋਰ ਗਰਿਲ ਟੱਪ ਕੇ ਅੰਦਰ ਆਏ ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਹਨੂੰਮਾਨ ਮੰਦਰ ਵਿੱਚ ਪਈ ਗੋਲਕ ਤੋੜ ਕੇ ਚੜ੍ਹਾਵਾ ਚੋਰੀ ਕੀਤਾ| ਇਸ ਤੋਂ ਬਾਅਦ ਚੋਰਾਂ ਨੇ ਦੁਰਗਾ ਮਾਤਾ ਮੰਦਰ ਦੀ ਗੋਲਕ ਤੇ ਹੋਰ ਗੋਲਕਾਂ ਤੋੜ ਕੇ ਚੜਾਵਾ ਚੋਰੀ ਕੀਤਾ| ਉਹਨਾਂ ਦਸਿਆ ਕਿ ਚੋਰ ਇਹਨਾਂ ਗੋਲਕਾਂ ਵਿਚੋਂ ਕਰੀਬ 45-50 ਹਜਾਰ ਦੇ ਕਰੀਬ ਚੜਾਵਾ ਚੋਰੀ ਕਰਕੇ ਲੈ ਗਏ ਹਨ|
ਉਹਨਾਂ ਦੱਸਿਆ ਕਿ ਮੰਦਰ ਵਿੱਚ ਚੋਰੀ ਹੋਣ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਸਵੇਰੇ ਮੰਦਰ ਦਾ ਪੁਜਾਰੀ ਪੂਜਾ ਕਰਨ ਲਈ ਆਇਆ ਅਤੇ ਉਸਨੇ ਮੰਦਰ ਦੀਆਂ ਗੋਲਕਾਂ ਟੁੱਟੀਆਂ ਹੋਈਆਂ ਵੇਖੀਆਂ, ਜਿਸ ਨੇ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ| ਉਹਨਾਂ ਕਿਹਾ ਕਿ ਮੰਦਰ ਦੇ ਗੁਆਂਢ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਰਿਕਾਰਡਿੰਗ ਵਿੱਚ ਰਾਤ 12.55 ਵੇਲੇ ਕੁਝ ਵਿਅਕਤੀ ਮੰਦਰ ਨੇੜੇ ਨਜਰ ਆ ਰਹੇ ਹਨ| ਉਹਨਾਂ ਕਿਹਾ ਕਿ ਇਸ ਚੋਰੀ ਦੀ ਸੂਚਨਾ ਉਹਨਾਂ ਵਲੋਂ ਫੇਜ਼ 8 ਥਾਣਾ ਵਿੱਚ ਦਿੱਤੀ ਗਈ ਹੈ ਅਤੇ ਪੁਲੀਸ ਟੀਮ ਮੌਕੇ ਉਪਰ ਪਹੁੰਚ ਕੇ ਜਾਂਚ ਕਰਕੇ ਗਈ ਹੈ|
ਇਸੇ ਦੌਰਾਨ ਸਥਾਨਕ ਫੇਜ਼ 11 ਦੇ ਰਾਧਾ ਕ੍ਰਿਸ਼ਨ ਮੰਦਰ ਵਿੱਚ ਵੀ ਗੋਲਕਾਂ ਤੋੜ ਕੇ ਚੋਰਾਂ ਨੇ 35-40 ਹਜਾਰ ਰੁਪਏ ਚੋਰੀ ਕਰ ਲਏ| ਸ੍ਰੀ ਰਿਸ਼ਵ ਜੈਨ ਨੇ ਦੱਸਿਆ ਕਿ ਇਸ ਮੰਦਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਰਿਕਾਰਡਿੰਗ ਵਿੱਚ ਚੋਰ 3.30 ਵਜੇ ਚੋਰੀ ਕਰਨ ਮੰਦਰ ਵਿੱਚ ਆਏ ਦਿਖਾਈ ਦਿੰਦੇ ਹਨ| ਉਹਨਾਂ ਕਿਹਾ ਕਿ ਦੋਵਾਂ ਮੰਦਰਾਂ ਵਿੱਚ ਚੋਰੀ ਇਕੋ ਚੋਰ ਗਿਰੋਹ ਵਲੋਂ ਕੀਤੀ ਗਈ ਲੱਗਦੀ ਹੈ|

Leave a Reply

Your email address will not be published. Required fields are marked *