ਫੇਜ਼-9 ਦੇ ਨੇਚਰ ਪਾਰਕ ਦੀ ਦੇਖ ਰੇਖ ਅਤੇ ਸਫਾਈ ਦੀ ਹਾਲਤ ਖਸਤਾ

ਐਸ. ਏ. ਐਸ ਨਗਰ, 28 ਅਗਸਤ (ਸ.ਬ.) ਫੇਜ਼-9 ਦੇ ਨੇਚਰ ਪਾਰਕ ਦਾ ਬਹੁਤ ਬੁਰਾ ਹਾਲ ਹੈ| ਜਿਸ ਕਾਰਨ ਇਸ ਪਾਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਟੀ ਬੀ ਐਸ ਬੇਦੀ, ਡਾ. ਹਰੀਸ਼ ਪੁਰੀ, ਕੇ ਜੇ ਐਸ ਬਰਾੜ, ਗੁਲਸ਼ਨਬੀਰ ਸਿੰਘ, ਬੀ ਐਸ ਭਾਟੀਆ, ਟੀ ਸੀ ਕਟੋਚ ਨੇ ਦੱਸਿਆ ਕਿ ਫੇਜ਼-9 ਦੇ ਨੇਚਰ ਪਾਰਕ ਦੀ ਦੇਖ ਰੇਖ ਅਤੇ ਸਫਾਈ ਦੀ ਹਾਲਤ ਖਸਤਾ ਹੈ| ਇਹ ਨੇਚਰ ਪਾਰਕ ਪਹਿਲਾਂ ਗਮਾਡਾ ਦੇ ਅਧੀਨ ਸੀ ਹੁਣ ਇਹ ਨਗਰ ਨਿਗਮ ਦੇ ਅਧੀਨ ਆ ਗਿਆ ਹੈ| ਉਹਨਾਂ ਕਿਹਾ ਕਿ ਜਦੋਂ ਦਾ ਇਹ ਨਿਗਮ ਦੇ ਅਧੀਨ ਆਇਆ ਹੈ ਪਾਰਕ ਦੀ ਦੇਖ-ਰੇਖ ਅਤੇ ਸਫਾਈ ਬਹੁਤ ਘੱਟ ਗਈ ਹੈ| ਪਾਰਕ ਦੇ ਗੇਟ ਅਤੇ ਲੋਹੇ ਦੀਆਂ ਗਰਿਲਾਂ ਟੁੱਟੀਆਂ ਹੋਈਆਂ ਹਨ ਜਿਸ ਕਰਕੇ ਅਵਾਰਾ ਪਸ਼ੂ ਅਤੇ ਕੁੱਤੇ ਪਾਰਕ ਦੇ ਅੰਦਰ ਘੁੰਮਦੇ ਰਹਿੰਦੇ ਹਨ| ਪਸ਼ੂ ਪਾਰਕ ਵਿੱਚ ਗੰਦਗੀ ਫੈਲਾਉਂਦੇ ਹਨ ਜਿਸ ਕਰਕੇ ਪਾਰਕ ਦਾ ਵਾਤਾਵਰਣ ਖਰਾਬ ਹੋ ਗਿਆ ਹੈ|
ਉਹਨਾਂ ਕਿਹਾ ਕਿ ਪਾਰਕ ਦੇ ਅੰਦਰ ਬਹੁਤ ਪੁਰਾਣੇ ਪਾਈਨ ਅਤੇ ਅੋਰਨਾਮੈਂਟਲ ਦਰਖਤ ਲਗੇ ਹੋਏ ਹਨ ਜਿਹਨਾਂ ਨੂੰ ਦੀਮਕ ਨੇ ਖਾਣਾ ਸ਼ੁਰੂ ਕਰ ਦਿੱਤਾ ਹੈ ਪਰੰਤੂ ਨਿਗਮ ਨੇ ਹੁਣ ਤਕ ਦੀਮਕ ਵਿਰੋਧੀ ਇਲਾਜ ਸ਼ੁਰੂ ਨਹੀਂ ਕੀਤਾ| ਉਹਨਾਂ ਕਿਹਾ ਕਿ ਪਾਰਕ ਵਿੱਚ ਸੀਮੈਂਟ ਦਾ ਬਣਿਆ ਹੋਇਆ ਪੀ. ਸੀ. ਸੀ ਪਾਥ ਉਬੜ-ਖਾਬੜ ਅਤੇ ਟੁੱਟ ਚੁੱਕਿਆ ਹੈ ਜਿਸ ਕਰਕੇ ਸੈਰ ਕਰਨ ਵਾਲੇ ਲੋਕਾਂ ਨੂੰ ਕਈ ਵਾਰੀ ਸੱਟਾਂ ਵੀ ਲੱਗ ਗਈਆਂ ਹਨ| ਪੀ. ਸੀ. ਸੀ ਪਾਥ ਦੀ ਨਾ ਤੇ ਕੋਈ ਮੁਰੰਮਤ ਕੀਤੀ ਗਈ ਹੈ ਅਤੇ ਨਾ ਹੀ ਇਸਨੂੰ ਬਦਲਿਆ ਗਿਆ ਹੈ| ਪਾਰਕ ਵਿੱਚ ਪਏ ਡਸਟਬਿਨ ਦੀ ਵੀ ਸਮੇਂ ਸਿਰ ਸਫਾਈ ਨਹੀਂ ਕੀਤੀ ਜਾਂਦੀ|
ਉਹਨਾਂ ਕਿਹਾ ਕਿ ਪਾਰਕ ਵਿੱਚ ਨਗਰ ਨਿਗਮ ਵਲੋਂ ਕੋਈ ਕਿਆਰੀ ਵੀ ਨਹੀਂ ਲਗਾਈ ਗਈ ਅਤੇ ਘਾਹ ਨੂੰ ਕੱਟਣ ਦੀ ਵੀ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ| ਪੀਣ ਦੇ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ| ਇਸ ਤੋਂ ਇਲਾਵਾ ਪਾਰਕ ਵਿੱਚ ਕੋਈ ਪਬਲਿਕ ਬਾਥਰੂਮ ਨਹੀਂ ਹੈ| ਨਿਗਮ ਨੂੰ ਕਈ ਵਾਰੀ ਚਿੱਠੀਆਂ ਵੀ ਲਿਖੀਆਂ ਅਤੇ ਬੇਨਤੀ ਵੀ ਕੀਤੀ ਗਈ ਹੈ ਪਰ ਉਸਦਾ ਕੋਈ ਅਸਰ ਨਹੀਂ ਹੋਇਆ ਪਾਰਕ ਵਿੱਚ ਮਲਬਾ ਵੀ ਸੁੱਟਿਆ ਗਿਆ ਹੈ| ਇਸ ਤੋਂ ਇਲਾਵਾ ਨਾਲੇ ਦੇ ਨਾਲ ਲਗਦੇ ਚੋਅ ਵਿੱਚ ਸਫਾਈ ਨਾ ਹੋਣ ਕਰਕੇ ਪਾਰਕ ਵਿੱਚ ਸੈਰ ਕਰਨ ਵਾਲੇ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਬਦਬੂ ਦਾ ਸਾਮਣਾ ਕਰਨਾ ਪੈਂਦਾ ਹੈ|

Leave a Reply

Your email address will not be published. Required fields are marked *