ਫੋਕੇ ਦਾਅਵਿਆਂ ਅਤੇ ਵਾਇਦਿਆਂ ਵਿੱਚ ਹੀ ਲੰਘ ਗਿਆ ਮੋਦੀ ਸਰਕਾਰ ਦਾ ਹੁਣ ਤੱਕ ਦਾ ਕਾਰਜਕਾਲ

ਸਵਾ ਚਾਰ ਸਾਲ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ. ਡੀ. ਏ. ਸਰਕਾਰ ਨੇ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੀ ਥਾਂ ਕੇਂਦਰ ਦੀ ਸੱਤਾ ਦਾ ਕਾਰਜਭਾਰ ਸੰਭਾਲਿਆ ਸੀ ਉਸ ਵੇਲੇ ਦੇਸ਼ ਵਾਸੀਆਂ ਨੂੰ ਆਸ ਸੀ ਕਿ ਨਵੀਂ ਸਰਕਾਰ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਉਹਨਾਂ ਦਾ ਜੀਵਨ ਸੁਖਾਲਾ ਕਰੇਗੀ ਪਰੰਤੂ ਹੁਣ ਜਦੋਂ ਮੌਜੂਦਾ ਸਰਕਾਰ ਦਾ ਕਾਰਜਕਾਲ ਆਪਣੇ ਅਖੀਰਲੇ ਸਾਲ ਵਿੱਚ ਪਹੁੰਚ ਗਿਆ ਹੈ ਅਤੇ ਅਗਲੇ6-8 ਮਹੀਨਿਆਂ ਵਿੱਚ ਨਵੇਂ ਸਿਰੇ ਤੋਂ ਹੋਣ ਵਾਲੀਆਂ ਚੋਣਾਂ ਵਾਸਤੇ ਸੱਤਾਧਾਰੀਆਂ ਆਗੂਆਂ ਵਲੋਂ ਨਵੇਂ ਸਿਰੇ ਤੋਂ ਵੋਟਾਂ ਮੰਗਣ ਲਈ ਲੋਕਾਂ ਦੇ ਦਰਵਾਜੇ ਤੇ ਜਾਣ ਦੀ ਤਿਆਰੀ ਆਰੰਭੀ ਜਾ ਚੁੱਕੀ ਹੈ, ਇਸ ਸਰਕਾਰ ਦੀ ਹੁਣ ਤੱਕ ਕਾਰਗੁਜਾਰੀ ਕੰਮ ਘੱਟ ਅਤੇ ਗੱਲਾਂ ਜਿਆਦਾ ਕਰਨ ਵਾਲੀ ਹੀ ਸਾਬਿਤ ਹੋਈ ਹੈ|
ਪਿਛਲੇ ਸਵਾ ਚਾਰ ਸਾਲਾਂ ਦੇ ਆਪਣੇ ਇਸ ਕਾਰਜਕਾਲ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਮੇਤ ਕੇਂਦਰ ਸਰਕਾਰ ਦੇ ਤਮਾਮ ਮੰਤਰੀਆਂ ਵਲੋਂ ਆਪਣੀਆਂ (ਕਥਿਤ) ਪ੍ਰਾਪਤੀਆਂ ਦੇ ਸੋਹਲੇ ਜਰੂਰ ਗਾਏ ਜਾਂਦੇ ਰਹੇ ਹਨ ਅਤੇ ਇਸ ਦੌਰਾਨ ਸਰਕਾਰ ਦਾ ਜਿਆਦਾ ਜੋਰ ਬੜਬੋਲਾ ਹੋ ਕੇ ਆਪਣਾ ਪ੍ਰਚਾਰ ਕਰਨ ਤੇ ਹੀ ਰਿਹਾ ਹੈ| ਇਸ ਦੌਰਾਨ ਆਪਣੀਆਂ (ਕਥਿਤ) ਪ੍ਰਾਪਤੀਆਂ ਦਾ ਬਖਾਨ ਕਰਨ ਲਈ ਖੁਦ ਪ੍ਰਧਾਨ ਮੰਤਰੀ ਮੋਦੀ ਅਤੇ ਉਹਨਾਂ ਦੀ ਪੂਰੀ ਕੈਬਿਨਟ ਵਲੋਂ ਦੇਸ਼ ਭਰ ਵਿੱਚ ਸਮੇਂ ਸਮੇਂ ਤੇ ਵਿਸ਼ੇਸ਼ ਪ੍ਰੋਗਰਾਮ ਵੀ ਉਲੀਕੇ ਜਾਂਦੇ ਰਹੇ ਹਨ, ਜਿਸ ਦੌਰਾਨ ਸਰਕਾਰੀ ਖਜਾਨੇ ਤੋਂ ਬੇਹਿਸਾਬ ਖਰਚਾ ਕਰਕੇ ਆਮ ਜਨਤਾ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ ਕਿ ਸਰਕਾਰ ਦੀ ਹੁਣ ਤਕ ਕਾਰਗੁਜਾਰੀ ਨਾਲ ਆਮ ਲੋਕਾਂ ਲਈ ਚੰਗੇ ਦਿਨ ਆ ਗਏ ਹਨ|
ਸੱਤਾਧਾਰੀ ਆਗੂਆਂ ਦਾ ਅੰਦਾਜ ਅਜਿਹਾ ਹੈ ਜਿਵੇਂ ਪਿਛਲੇ ਸਵਾ ਚਾਰ ਸਾਲਾਂ ਦੌਰਾਨ ਇਸ ਸਰਕਾਰ ਨੇ ਆਮ ਆਦਮੀ ਦੀ ਜਿੰਦਗੀ ਵਿੱਚ ਵੱਡੀਆਂ ਤਬਦੀਲੀਆਂ ਲਿਆ ਦਿੱਤੀਆਂ ਹੋਣ ਅਤੇ ਭਾਰਤ ਦਾ ਜਿੰਨਾ ਵੀ ਵਿਕਾਸ ਹੋਇਆ ਹੈ ਉਹ ਸਰਕਾਰ ਦੇ ਮੌਜੂਦਾ ਕਾਰਜਕਾਲ ਦੌਰਾਨ ਹੀ ਹੋਇਆ ਹੈ| ਇਸ ਸਰਕਾਰ ਦੇ ਮੰਤਰੀ ਦਾਅਵੇ ਕਰਦੇ ਹਨ ਕਿ ਪਿਛਲੇ ਸਮੇਂ ਦੌਰਾਨ ਸਰਕਾਰ ਨੇ ਮਹਿੰਗਾਈ ਤੇ ਵੀ ਕਾਬੂ ਪਾ ਲਿਆ ਹੈ ਪਰੰਤੂ ਆਮ ਆਦਮੀ ਨੂੰ ਇਹ ਸਮਝ ਨਹੀਂ ਆਉਂਦਾ ਕਿ ਉਹ ਸਰਕਾਰ ਦੇ ਇਹਨਾਂ ਦਾਅਵਿਆਂ ਤੇ ਭਰੋਸਾ ਕਰੇ ਜਾਂ ਬਾਜਾਰ ਵਿੱਚ ਪਿਛਲੇ ਸਮੇਂ ਦੌਰਾਨ ਉਸਦੀ ਆਮ ਜਰੂਰਤ ਦੇ ਸਾਮਾਨ ਦੀ ਕੀਮਤ ਵਿੱਚ ਹੋਏ ਡੇਢ ਤੋਂ ਦੋ ਗੁਣਾ ਵਾਧੇ ਦੀ ਅਦਾਇਗੀ ਕਰੇ|
ਆਮ ਆਦਮੀ ਜਦੋਂ ਬਾਜਾਰ ਵਿੱਚ ਆਟਾ ਦਾਲ ਤੋਂ ਲੈ ਕੇ ਰਾਸ਼ਨ ਦੇ ਸਾਮਾਨ, ਸਬਜੀਆਂ, ਦਵਾਈਆਂ, ਕਪੜਿਆਂ ਅਤੇ ਹੋਰ ਜਰੂਰੀ ਸਾਮਾਨ ਖਰੀਦਣ ਜਾਂਦਾ ਹੈ ਤਾਂ ਉਸਨੂੰ ਅਜਿਹੀ ਹਰੇਕ ਵਸਤੂ ਦੀ ਜਿਹੜੀ ਕੀਮਤ ਦੱਸੀ ਜਾਂਦੀ ਹੈ ਉਸ ਵਿੱਚ ਪਿਛਲੇ ਸਮੇਂ ਦੇ ਮੁਕਾਬਲੇ ਭਾਰੀ ਵਾਧਾ ਨਜਰ ਆਉਂਦਾ ਹੈ ਪਰੰਤੂ ਦੂਜੇ ਪਾਸੇ ਮੋਦੀ ਸਰਕਾਰ ਦੇ ਵਜੀਰ ਅਤੇ ਸਾਂਸਦ ਇਹ ਦਾਅਵਾ ਕਰਦੇ ਦਿਖਦੇ ਹਨ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਮਹਿੰਗਾਈ ਘਟਾ ਦਿੱਤੀ ਗਈ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਸਰਕਾਰ ਦੇ ਤਮਾਮ ਮੰਤਰੀ ਇਹ ਵੀ ਦਾਅਵਾ ਕਰਦੇ ਹਨ ਕਿ ਸਰਕਾਰ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਸਰਕਾਰੀ ਕੰਮ ਕਾਜ ਵਿੱਚ ਭ੍ਰਿਸ਼ਟਾਚਾਰ ਤੇ ਕਾਬੂ ਕਰਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਵਾਬਦੇਹ ਬਣਾਇਆ ਗਿਆ ਹੈ ਪਰੰਤੂ ਜਦੋਂ ਆਮ ਆਦਮੀ ਆਪਣੇ ਕਿਸੇ ਕੰਮ ਵਾਸਤੇ ਸਰਕਾਰੀ ਦਫਤਰ ਵਿੱਚ ਪਹੁੰਚਦਾ ਹੈ ਤਾਂ ਉਸਨੂੰ ਨਾ ਤਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵਤੀਰੇ ਵਿੱਚ ਕੋਈ ਤਬਦੀਲੀ ਦਿਖਦੀ ਹੈ ਅਤੇ ਨਾ ਹੀ ਸਰਕਾਰੀ ਕੰਮ ਆਸਾਨੀ ਨਾਲ ਹੁੰਦਾ ਦਿਖਦਾ ਹੈ| ਹਰ ਛੋਟੇ ਵੱਡੇ ਕੰਮ ਲਈ ਸਰਕਾਰੀ ਕਰਮਚਾਰੀ ਪਹਿਲਾਂ ਵਾਂਗ ਹੀ ਆਪਣਾ ਮੂੰਹ ਪਾੜਦੇ ਹਨ ਅਤੇ ਸਰਕਾਰੀ ਅਧਿਕਾਰੀ ਆਮ ਜਨਤਾ ਦੀ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੁੰਦੇ| ਵੱਖ ਵੱਖ ਸਰਕਾਰੀ ਦਫਤਰਾਂ ਦੇ ਬਾਹਰ ਪਹਿਲਾਂ ਵਾਂਗ ਹੁਣ ਵੀ ਉਹਨਾਂ ਦਲਾਲਾਂ ਦਾ ਜਮਘਟ ਦਿਖਦਾ ਹੈ ਜਿਹੜੇ ਦਾਅਵਾ ਕਰਦੇ ਹਨ ਕਿ ਉਹ ਮਹੀਨਿਆਂ ਵਿੱਚ ਹੋਣ ਵਾਲਾ ਕੰਮ ਦਿਨਾਂ ਵਿੱਚ ਨਹੀਂ ਬਲਕਿ ਘੰਟਿਆ ਵਿੱਚ ਕਰਵਾ ਦਿੰਦੇ ਹਨ ਅਤੇ ਸਾਰਾ ਕੁੱਝ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ|
ਮੋਦੀ ਸਰਕਾਰ ਦੇ ਦਾਅਵੇ ਤਾਂ ਬਹੁਤ ਹਨ ਪਰੰਤੂ ਅਸਲ ਵਿੱਚ ਕੰਮ ਕਿੰਨਾ ਕੁ ਹੋਇਆ ਹੈ ਅਤੇ ਆਮ ਜਨਤਾ ਨੂੰ ਇਸਦਾ ਫਾਇਦਾ ਕਦੋਂ ਮਿਲੇਗਾ ਇਹ ਸਵਾਲ ਜਿਵੇਂ ਸਰਕਾਰ ਵਲੋਂ ਕੀਤੇ ਜਾਂਦੇ ਪ੍ਰਾਪਤੀਆਂ ਦੇ ਪ੍ਰਚਾਰ ਵਿੱਚ ਹੀ ਰੁਲ ਗਿਆ ਹੈ| ਕੁਲ ਮਿਲਾ ਕੇ ਮੋਦੀ ਸਰਕਾਰ ਦਾ ਹੁਣ ਤੱਕ ਦਾ ਇਹ ਕਾਰਜਕਾਲ ਦਾਅਵਿਆਂ ਅਤੇ ਵਾਇਦਿਆਂ ਤਕ ਹੀ ਸੀਮਿਤ ਰਿਹਾ ਹੈ ਅਤੇ ਆਮ ਜਨਤਾ ਨੂੰ ਅਮਲੀ ਤੌਰ ਤੇ ਕੋਈ ਰਾਹਤ ਨਾ ਦੇਣ ਦੇ ਬਾਵਜੂਦ ਮੋਦੀ ਸਰਕਾਰ ਵਲੋਂ ਪੂਰੇ ਜੋਰ ਸ਼ੋਰ ਨਾਲ ਆਪਣੀ ਕਾਮਯਾਬੀ ਦਾ ਢੋਲ ਜਰੂਰ ਵਜਾਇਆ ਜਾਂਦਾ ਰਿਹਾ ਹੈ| ਹੁਣ ਵੇਖਣਾ ਇਹ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਮੌਕੇ ਦੇਸ਼ ਦੀ ਜਨਤਾ ਕੀ ਰੁੱਖ ਅਖਤਿਆਰ ਕਰਦੀ ਹੈ|

Leave a Reply

Your email address will not be published. Required fields are marked *