ਫੋਟੋ ਸੰਪਾਦਕ ਜੌਨ ਮੌਰਿਸ ਦਾ 100 ਸਾਲ ਦੀ ਉਮਰ ਵਿੱਚ ਦਿਹਾਂਤ

ਨਿਊਯਾਰਕ/ਪੈਰਿਸ, 29 ਜੁਲਾਈ (ਸ.ਬ.)  20ਵੀਂ ਸਦੀ ਦੀਆਂ ਸਭ ਤੋਂ ਬਿਹਤਰੀਨ ਤਸਵੀਰਾਂ ਵਿੱਚ ਸ਼ਾਮਲ ਕੁਝ ਤਸਵੀਰਾਂ ਨੂੰ ਪ੍ਰਕਾਸ਼ਿਤ ਕਰਨ ਵਾਲੇ ਮਸ਼ਹੂਰ ਫੋਟੋ ਸੰਪਾਦਕ ਜੌਨ ਮੌਰਿਸ ਦਾ ਪੈਰਿਸ ਵਿਚ ਦਿਹਾਂਤ ਹੋ ਗਿਆ| ਉਹ 100 ਸਾਲ ਦੇ ਸਨ| ਆਪਣੇ ਅਸਾਧਾਰਣ ਕੈਰੀਅਰ ਵਿਚ ਪਿਛਲੀ ਸਦੀ ਦੀ ਸਭ ਤੋਂ ਉਥਲ-ਪੁਥਲ ਵਾਲੀਆਂ ਘਟਨਾਵਾਂ ਵਿਚੋਂ ਕੁਝ ਨੂੰ ਆਪਣੀਆਂ ਤਸਵੀਰਾਂ ਜ਼ਰੀਏ ਪੇਸ਼ ਕਰਨ ਵਾਲੇ ਮੌਰਿਸ ਨੇ ‘ਲਾਈਫ’, ‘ਮੈਗਨਮ’, ‘ਦਿ ਵਾਸ਼ਿੰਗਟਨ ਪੋਸਟ’, ‘ਦਿ ਨਿਊਯਾਰਕ ਟਾਈਮਜ਼’ ਅਤੇ ‘ਨੈਸ਼ਨਲ ਜਿਓਗ੍ਰਾਫੀ’ ਵਰਗੀਆਂ ਕਈ ਮੈਗਜ਼ੀਨ, ਅਖਬਾਰਾਂ ਅਤੇ ਚੈਨਲਾਂ ਲਈ ਕੰਮ ਕੀਤਾ|
ਉਨ੍ਹਾਂ ਨੇ ਫੋਟੋ ਸੰਪਾਦਕ ਦੇ ਰੂਪ ਵਿਚ ਲੰਡਨ ਸਥਿਤ ਲਾਈਫ ਮੈਗਜ਼ੀਨ ਲਈ ਦੂਜੇ ਵਿਸ਼ਵ ਯੁੱਧ ਦੌਰਾਨ ਲਈ ਗਈਆਂ ਤਸਵੀਰਾਂ ਨੂੰ ਸੰਪਾਦਿਤ ਕੀਤਾ ਸੀ| ਉਹ ਮੈਗਨਮ ਦੇ ਕਾਰਜਕਾਰੀ ਸੰਪਾਦਕ ਵੀ ਰਹੇ| ਜਦੋਂ ਵੀਅਤਨਾਮ ਯੁੱਧ ਆਪਣੇ ਚਰਮ ਤੇ ਸੀ ਤਾਂ ਉਸ ਦੌਰਾਨ ਉਨ੍ਹਾਂ ਨੇ 1967 ਤੋਂ ਲੈ ਕੇ 1973 ਤੱਕ ਨਿਊਯਾਰਕ ਟਾਈਮਜ਼ ਵਿੱਚ ਫੋਟੋ ਸੰਪਾਦਕ ਦੇ ਰੂਪ ਵਿਚ ਕੰਮ ਕੀਤਾ| ਮੌਰਿਸ ਦਾ ਜਨਮ 7 ਦਸੰਬਰ 1916 ਨੂੰ ਅਮਰੀਕਾ ਦੇ ਨਿਊਜਰਸੀ ਵਿਚ ਹੋਇਆ ਸੀ ਅਤੇ ਉਹ ਸ਼ਿਕਾਗੋ ਵਿਚ ਵੱਡੇ ਹੋਏ| ਉਨ੍ਹਾਂ ਦਾ ਦਿਹਾਂਤ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਉਨ੍ਹਾਂ ਦੇ ਘਰ ਕੋਲ ਇਕ ਹਸਪਤਾਲ ਵਿਚ ਹੋਇਆ|

Leave a Reply

Your email address will not be published. Required fields are marked *